ਗੁਰਪ੍ਰੀਤ ਸਿੰਘ, ਸੰਗਰੂਰ
ਲੋਕਾਂ ਦੀ ਸੁਰੱਖਿਆ ਦੀ ਜ਼ਾਮਨ ਪੁਲਿਸ ਦਾ ਇੱਕ ਕਰੂਪ ਚਿਹਰਾ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਬੇਵੱਸ ਔਰਤ ਨੂੰ ਮਾਰਕੁੱਟ ਤੋਂ ਬਚਾਉਣ ਲਈ ਥਾਣੇ ਵਿੱਚ ਲੈ ਕੇ ਆਏ ਇੱਕ ਮੀਡੀਆ ਕਰਮੀ ਨੂੰ ਹੀ ਪੁਲਿਸ ਨੇ ਥਾਣੇ ਵਿੱਚ ਬੰਦ ਕਰਕੇ ਉਸ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਇੱਕ ਪੰਜਾਬੀ ਅਖ਼ਬਾਰ ਦੇ ਫੋਟੋਗ੍ਰਾਫ਼ਰ ਵਜੋਂ ਕੰਮ ਕਰਦੇ ਸੰਜੀਵ ਕੁਮਾਰ ਵਰਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਉਣਾ ਪਿਆ ਸਿਵਲ ਹਸਪਤਾਲ ਵਿੱਚ ਮੌਜ਼ੂਦ ਸੰਜੀਵ ਕੁਮਾਰ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੈਰ ਕਰ ਰਿਹਾ ਸੀ ਤਾਂ ਇੱਕ ਔਰਤ ਜਿਸ ਨੂੰ ਉਸ ਦਾ ਨਸ਼ੇੜੀ ਲੜਕਾ ਮਾਰਕੁੱਟ ਕਰ ਰਿਹਾ ਸੀ, ਉਸ ਕੋਲ ਆਈ ਤੇ ਮੱਦਦ ਲਈ ਆਈ ਔਰਤ ਦੀ ਬੇਵਸੀ ਕਾਰਨ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰ ਛੱਡ ਕੇ ਉਕਤ ਔਰਤ ਨੂੰ ਲੈ ਕੇ ਥਾਣਾ ਸਿਟੀ-2 ਵਿਖੇ ਚਲਾ ਗਿਆ ਜਦੋਂ ਉਸ ਨੇ ਥਾਣੇ ‘ਚ ਜਾ ਕੇ ਵੇਖਿਆ ਤਾਂ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ।
ਜਦੋਂ ਉਸ ਨੇ ਉਕਤ ਔਰਤ ਨਾਲ ਉਸ ਦੇ ਲੜਕੇ ਵੱਲੋਂ ਕੀਤੀ ਮਾਰਕੁੱਟ ਬਾਰੇ ਦੱਸਣਾ ਚਾਹਿਆ ਤਾਂ ਬਗੈਰ ਗੱਲ ਸੁਣੇ ਹੀ ਉਕਤ ਮੁਲਾਜ਼ਮਾਂ ਵੱਲੋਂ ਉਸ ਨਾਲ ਤੂੰ-ਤੂੰ ਮੈਂ-ਮੈਂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸ ਨੇ ਦੱਸਿਆ ਕਿ ਉਹ ਮੀਡੀਆ ਨਾਲ ਸਬੰਧਿਤ ਇੱਕ ਜ਼ਿੰਮੇਵਾਰ ਵਿਅਕਤੀ ਹੈ ਤਾਂ ਪੁਲਿਸ ਮੁਲਾਜ਼ਮ ਹੋਰ ਭੜਕ ਪਿਆ ਤੇ ਉਸ ਨੂੰ ਧੂਹ ਕੇ ਇੱਕ ਪਾਸੇ ਲੈ ਗਿਆ ਤੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਵਾਲਿਆਂ ਨੇ ਉਸ ਦੇ ਮੋਬਾਇਲ ਫੋਨ ਵੀ ਉਸ ਕੋਲੋਂ ਖੋਹ ਲਏ ਉਸ ਨੇ ਬੜੀ ਮੁਸ਼ਕਲ ਨਾਲ ਕਿਸੇ ਨਾ ਕਿਸੇ ਤਰੀਕੇ ਫੋਨ ‘ਤੇ ਸੰਪਰਕ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਜਦੋਂ ਉਸ ਦੇ ਪਰਿਵਾਰ ਤੇ ਮੁਹੱਲੇ ਦੇ ਲੋਕ ਥਾਣੇ ਪੁੱਜੇ ਤਾਂ ਨਸ਼ੇ ਵਿੱਚ ਟੁੰਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਾਫ਼ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਲੜਕਾ ਇੱਥੇ ਨਹੀਂ ਹੈ ਸੰਜੀਵ ਕੁਮਾਰ ਨੇ ਆਪਣੇ ਪਰਿਵਾਰ ਵਾਲਿਆਂ ਦੀ ਆਵਾਜ਼ ਸੁਣ ਕੇ ਅੰਦਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਥਾਣੇ ਦਾ ਦਰਵਾਜ਼ਾ ਖੋਲ੍ਹ ਦਿਓ ਨਹੀਂ ਤਾਂ ਉਹ ਸਾਰੀ ਰਾਤ ਥਾਣੇ ਦਾ ਘਿਰਾਓ ਕਰੀ ਰੱਖਣਗੇ ।
ਉਸ ਦੇ ਇੱਕ ਸਾਥੀ ਪੱਤਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਨੇ ਆ ਕੇ ਥਾਣਾ ਸਿਟੀ 1 ਦੇ ਐੱਸਐੱਚਓ ਨੂੰ ਮੌਕੇ ‘ਤੇ ਬੁਲਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਬੜੀ ਮੁਸ਼ਕਲ ਨਾਲ ਉਸ ਨੂੰ ਥਾਣੇ ਵਿੱਚੋਂ ਛੁਡਵਾ ਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਉਪਰੰਤ ਇਸ ਘਟਨਾ ਨੂੰ ਲੈ ਕੇ ਸੰਗਰੂਰ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਤੇ ਉਨ੍ਹਾਂ ਇਸ ਸਬੰਧੀ ਰੈਸਟ ਹਾਊਸ ਵਿਖੇ ਮੀਟਿੰਗ ਉਪਰੰਤ ਸਾਰੀ ਘਟਨਾ ਤੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੂੰ ਜਾਣੂ ਕਰਵਾਇਆ ਜ਼ਿਲ੍ਹਾ ਪੁਲਿਸ ਮੁਖੀ ਨੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਹਾਇਕ ਥਾਣੇਦਾਰ, ਹੌਲਦਾਰ ਤੇ ਕਾਂਸਟੇਬਲ ਮੁਅੱਤਲ
ਉੱਧਰ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਇਸ ਕੁਤਾਹੀ ਕਾਰਨ ਸਹਾਇਕ ਥਾਣੇਦਾਰ ਜਾਨ ਪਾਲ, ਹੌਲਦਾਰ ਜਗਤਾਰ ਸਿੰਘ ਤੇ ਕਾਂਸਟੇਬਲ ਮਨੀਕਰਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।