ਪਰਨੀਤ ਕੌਰ ਨੇ ਸਰਗਰਮੀਆਂ ’ਚ ਲਿਆਂਦੀ ਤੇਜ਼ੀ, ਏਕੇ ਦੇ ਲੱਗ ਰਹੇ ਨੇ ਨਾਅਰੇ

Preneet Kaur Sachkahoon

ਰੋਜਾਨਾ ਹੀ ਲੋਕਾਂ ਨਾਲ ਕੀਤਾ ਜਾ ਰਿਹੈ ਰਾਬਤਾ, ਸ਼ਹਿਰ ਅੰਦਰ ਕੀਤੇ ਜਾ ਰਹੇ ਨੇ ਉਦਘਾਟਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ ਚੌਧਰੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਅੰਦਰ ਕਾਂਗਰਸੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਅਤੇ ਸ਼ਹਿਰ ਅੰਦਰ ਉਦਘਾਟਨ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ । ਇਸ ਦੌਰਾਨ ਮੋਤੀ ਮਹਿਲ ਧੜੇ ਦੇ ਸ਼ਹਿਰੀ ਆਗੂਆਂ ਵੱਲੋਂ ਵੀ ਪ੍ਰਨੀਤ ਕੌਰ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰੀ ਤਰ੍ਹਾਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਹ ਆਗੂ ਪਿਛਲੇ ਦਿਨੀਂ ਹਰੀਸ ਚੌਧਰੀ ਦੀ ਮੀਟਿੰਗ ’ਚੋਂ ਨਦਾਰਦ ਰਹੇ ਸਨ, ਪਰ ਕਾਂਗਰਸ ਅੰਦਰ ਅਹੁਦਿਆਂ ’ਤੇ ਬਣੇ ਹੋਏ ਹਨ।

ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਲਗਾਤਾਰ ਜ਼ਿਲ੍ਹੇ ਅੰਦਰ ਵਿਚਰਿਆ ਜਾ ਰਿਹਾ ਹੈ। ਭਾਵੇਂ ਪਰਨੀਤ ਕੌਰ ਵੱਲੋਂ ਪਿਛਲੇ ਦਿਨੀਂ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ ਚੌਧਰੀ ਦੀ ਅਗਵਾਈ ’ਚ ਹੋਈ ਮੀਟਿੰਗ ਤੋਂ ਪਟਿਆਲਾ ’ਚ ਹੁੰਦੇ ਹੋਏ ਵੀ ਪਾਸਾ ਵੱਟ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨਾਲ ਜੁੜੇ ਕਈ ਹੋਰ ਆਗੂ ਵੀ ਇਸ ਮੀਟਿੰਗ ਵਿੱਚ ਸੁਨੇਹੇ ਦੇ ਬਾਵਜੂਦ ਪੁੱਜੇ ਨਹੀਂ ਸਨ। ਪਰਨੀਤ ਕੌਰ ਵੱਲੋਂ ਆਪਣੀ ਸਪੁੱਤਰੀ ਬੀਬਾ ਜੈਇੰਦਰ ਕੌਰ, ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ, ਪਟਿਆਲਾ ਦੇ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਹੋਰ ਆਗੂਆਂ ਨਾਲ ਪਿਛਲੇ ਦਿਨੀਂ ਪਟਿਆਲਾ ਦੇ ਬਜ਼ਾਰ ਅੰਦਰ ਲੋਕਾਂ ਨਾਲ ਤਾਲਮੇਲ ਕੀਤਾ।

ਇਸ ਦੇ ਨਾਲ ਹੀ ਬੀਰ ਜੀ ਸਮਸ਼ਾਨਘਾਟ ਅੰਦਰ ਹਾਈਮਾਸਕ ਲਾਈਟਾਂ ਦਾ ਉਦਘਾਟਨ ਕੀਤਾ। ਅੱਜ ਪਰਨੀਤ ਕੌਰ ਵਾਰਡ ਨੰਬਰ 47 ਅੰਦਰ ਧਰਮਸਾਲਾ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਡੀ ਗੱਲ ਇਹ ਰਹੀ ਕਿ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਨਾਅਰੇ ਲਾਏ ਗਏ ਕਿ ‘ਸਾਡਾ ਏਕਾ ਜਿੰਦਾਬਾਦ’ ਜਦਕਿ ਪਟਿਆਲਾ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਵੱਲੋਂ ਨਾਅਰੇ ਲਾਏ ਗਏ ਕਿ ‘ਮਹਾਰਾਣੀ ਸਾਹਿਬਾ ਆਗੇ ਬੜੋਂ, ਹਮ ਤੁਮ੍ਹਾਰੇ ਸਾਥ ਹੈਂ’। ਇਸ ਦੌਰਾਨ ਪਰਨੀਤ ਕੌਰ ਵੱਲੋਂ ਵਾਰਡ ਦੇ ਲੋਕਾਂ ਅਤੇ ਉੱਥੋਂ ਦੇ ਆਗੂਆਂ ਦੀ ਪ੍ਰਸੰਸਾ ਕੀਤੀ ਗਈ ਕਿ ਉਹਨਾਂ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਪਰਨੀਤ ਕੌਰ ਮਹਿਲ ਅੰਦਰ ਪੁੱਜੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।

ਸ਼ਾਹੀ ਪਰਿਵਾਰ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਅਮਰਿੰਦਰ ਪਰਿਵਾਰ ਵੱਲੋਂ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਅਮਰਿੰਦਰ ਸਿੰਘ, ਪਰਨੀਤ ਕੌਰ, ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ, ਸਪੁੱਤਰ ਕਾਕਾ ਰਣਇੰਦਰ ਸਿੰਘ ਦੀਆਂ ਫੋਟੋਆਂ ਵਾਲੇ ਫਲੈਕਸ ਲਗਾਕੇ ਤਿਉਹਾਰਾਂ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਸ਼ੈਸਨ ਅੰਦਰ ਪਰਨੀਤ ਕੌਰ ਵੱਲੋਂ ਚੁੱਕੇ ਜਾਣ ਵਾਲੇ ਮੁੱਦਿਆਂ ’ਤੇ ਨਜ਼ਰਾਂ ਲੱਗੀਆਂ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ