Tractor Auto Steering System: ਖੇਤੀਬਾੜੀ ਮਸ਼ੀਨਰੀ ਦਾ ਸਹੀ ਅਤੇ ਸੂਖਮਤਾ ਨਾਲ ਚੱਲਣਾ; ਖੇਤੀ ਦੇ ਖਰਚਿਆਂ ਨੂੰ ਘਟਾਉਣ, ਉਤਪਾਦਕਤਾ ਵਧਾਉਣ ਅਤੇ ਕੰਮ ਨੂੰ ਸੁਖਾਲਾ ਬਣਾਉਣ ਲਈ ਬਹੁਤ ਜ਼ਰੂਰੀ ਹੈ। ਖੇਤੀਬਾੜੀ ਵਿੱਚ ਮਜ਼ਦੂਰਾਂ ਦੀ ਘਾਟ ਦਾ ਕਾਰਨ ਨੌਜਵਾਨ ਪੀੜ੍ਹੀ ਲਈ ਖੇਤੀ ਹੋਰ ਰੁਜ਼ਗਾਰਾਂ ਦੀ ਤੁਲਨਾ ਵਿੱਚ ਘੱਟ ਆਕਰਸ਼ਕ ਹੈ, ਜਿਸਦੇ ਨਤੀਜੇ ਵਜੋਂ ਮਜ਼ਦੂਰੀ ਖਰਚ ਵਿੱਚ ਵਾਧਾ ਹੋ ਰਿਹਾ ਹੈ। ਖੇਤ ਵਹਾਈ ਦੌਰਾਨ ਚਾਲਕ ਵੱਲੋਂ ਟਰੈਕਟਰ ਚਲਾਉਣ ਵੇਲੇ ਅਕਸਰ ਗਲਤੀਆਂ ਹੁੰਦੀਆਂ ਹਨ, ਜਿਸ ਵਿੱਚ ਦੋਹਰ, ਪਾੜੇ ਛੱਡਣਾ, ਕਤਾਰਾਂ ਦੀ ਦੂਰੀ ਵਿੱਚ ਅਸਮਾਨਤਾ ਆਦਿ ਪ੍ਰਮੁੱਖ ਹਨ। ਇਸ ਨਾਲ ਸਾਧਨਾਂ ਦੀ ਬਰਬਾਦੀ, ਫਸਲ ਦੀ ਪੈਦਾਵਾਰ ਵਿੱਚ ਘਾਟ ਤੇ ਚਾਲਕ ਦੀ ਥਕਾਵਟ ਵਿਚ ਵਾਧਾ ਹੁੰਦਾ ਹੈ। Tractor Auto Steering System
ਇਹ ਖਬਰ ਵੀ ਪੜ੍ਹੋ : Subhas Chandra Bose: ਰਾਸ਼ਟਰ ਨੂੰ ਸਮਰਪਿਤ ਰਿਹਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਸਮੁੱਚਾ ਜੀਵਨ
ਖੇਤੀ ਦੇ ਕੰਮਾਂ ਨੂੰ ਸੌਖਾ ਬਣਾਉਣ ਲਈ ਅਤੇ ਓਪਰੇਟਰ ਦੀ ਸਹਾਇਤਾ ਲਈ ਆਪੇ ਚੱਲਣ ਵਾਲੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਟੈਕਟਰ ਲਈ ਆਟੋ-ਸਟੀਅਰਿੰਗ ਸਿਸਟਮ ਇਨ੍ਹਾਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਹੱਲ ਕਰ ਸਕਦਾ ਹੈ। ਆਟੋ-ਸਟੇਅਰਿੰਗ ਸਿਸਟਮ ਇੱਕ ਜੀਐੱਨਐੱਸਐੱਸ ਅਧਾਰਿਤ ਨਿਰਦੇਸ਼ਿਤ ਤਕਨਾਲੋਜੀ ਹੈ ਜੋ ਸਟੀਕ ਸਟੀਅਰਿੰਗ ਨਿਯੰਤਰਣ ਨੂੰ ਬਣਾਈ ਰੱਖਦੀ ਹੈ। ਆਟੋ-ਸਟੀਅਰਿੰਗ ਸਿਸਟਮ ਟਰੈਕਟਰ-ਚਲਿਤ ਸੰਦਾਂ ਨੂੰ ਇੱਕ ਪੂਰਵ-ਨਿਰਧਾਰਤ ਮਾਰਗ ’ਤੇ ਬਿਹਤਰ ਸੂਖਮਤਾ ਨਾਲ ਚਲਾਉਣ ਵਿੱਚ ਮੱਦਦ ਕਰਦਾ ਹੈ, ਪਾੜਿਆਂ/ਖੁੰਝੇ ਖੇਤਰ, ਦੋਹਰ ਤੇ ਖੇਤੀ ਕੰਮਾਂ ਦੌਰਾਨ ਲੋੜੀਂਦੇ ਗੇੜਿਆਂ ਦੀ ਗਿਣਤੀ ਨੂੰ ਘਟਾਉਂਦਾ ਹੈ।
ਇਸ ਸਿਸਟਮ ਦੇ ਮੁੱਖ ਪੁਰਜ਼ਿਆਂ ਵਿੱਚ ਇੱਕ ਜੀਐੱਨਐੱਸਐੱਸ ਰਿਸੀਵਰ, ਆਈਐੱਸਓਬੀਯੂਐੱਸ-ਅਨੁਕੂਲ ਸਾਫਟਵੇਅਰ, ਇੱਕ ਸੰਵੇਦਨਸ਼ੀਲ ਟੱਚਸਕੀਨ ਕੰਸੋਲ, ਇੱਕ ਵ੍ਹੀਲ ਐਂਗਲ ਸੈਂਸਰ ਅਤੇ ਮੋਟਰਾਈਜ਼ਡ ਸਟੀਅਰਿੰਗ ਸ਼ਾਮਲ ਹਨ। ਟਰੈਕਟਰ ਦਾ ਮੂਲ ਸਟੀਅਰਿੰਗ ਵੀਲ ਹਟਾਇਆ ਜਾਂਦਾ ਹੈ ਤੇ ਅਡਾਪਟਰ ਨਾਲ ਮੋਟਰਯੁਕਤ ਸਟੀਅਰਿੰਗ ਲਾਇਆ ਜਾਂਦਾ ਹੈ। ਟਰੈਕਟਰ ਅਤੇ ਇੰਪਲੀਮੈਂਟ ਦੇ ਮੁੱਖ ਮਾਪ ਪਹਿਲਾਂ ਹੀ ਸਿਸਟਮ ਵਿੱਚ ਦਰਜ ਕੀਤੇ ਜਾਂਦੇ ਹਨ। ਇਸਦੇ ਨਾਲ-ਨਾਲ, ਖੇਤ ਦੀ ਸੀਮਾ ਦਰਸਾਉਂਦੇ ਕੋਆਰਡੀਨੇਟ ਪਹਿਲਾਂ ਤੈਅ ਕੀਤੇ ਜਾਂਦੇ ਹਨ। ਇਸ ਲਈ, ਟੈਕਟਰ ਨੂੰ ਖੇਤ ਦੀ ਸਰਹੱਦ ਦੇ ਚਾਰੇ ਕੋਣਾਂ ’ਤੇ ਘੁਮਾਇਆ ਜਾਂਦਾ ਹੈ।
ਖੇਤ ਦੇ ਚਾਰ ਕੋਣਾਂ ਨੂੰ ਏ, ਬੀ, ਸੀ ਅਤੇ ਡੀ ਵੱਜੋਂ ਚਿੰਨਿ੍ਹਤ ਕੀਤਾ ਜਾਂਦਾ ਹੈ। ਸਿਸਟਮ ਖੇਤ ਦੇ ਖੇਤਰਫਲ ਨੂੰ ਆਪ ਹੀ ਸੈੱਟ ਕਰ ਲੈਂਦਾ ਹੈ ਅਤੇ ਟਰੈਕਟਰ ਅਤੇ ਇੰਪਲੀਮੈਂਟ ਦੀ ਜਿਓਮੈਟਰੀ ਦੇ ਅਨੁਸਾਰ ਮੋੜਾਂ ਦੀ ਗਿਣਤੀ ਦਾ ਹਿਸਾਬ ਲਾ ਲੈਂਦਾ ਹੈ। ਟਰੈਕਟਰ ’ਤੇ ਇੱਕ ਸਵਿੱਚ ਦਿੱਤਾ ਗਿਆ ਹੈ ਜਿਸ ਨਾਲ ਡਰਾਈਵਰ ਆਟੋ-ਸਟੀਅਰਿੰਗ ਸਿਸਟਮ ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ । ਜਦੋਂ ਇਹ ਸਵਿੱਚ ਚਾਲੂ ਕੀਤਾ ਜਾਂਦਾ ਹੈ, ਆਟੋ-ਸਟੀਅਰਿੰਗ ਸਿਸਟਮ ਟਰੈਕਟਰ ਦੇ ਸਟੀਅਰਿੰਗ ਨੂੰ ਸੰਭਾਲ ਲੈਂਦਾ ਹੈ ਤੇ ਜਦੋਂ ਸਵਿੱਚ ਬੰਦ ਕੀਤਾ ਜਾਂਦਾ ਹੈ, ਸਟੀਅਰਿੰਗ ਮੁੜ ਰਵਾਇਤੀ ਮੈਨੂਅਲ ਸਟੀਅਰਿੰਗ ਬਣ ਜਾਂਦਾ ਹੈ। Tractor Auto Steering System
ਟਰੈਕਟਰ ਦੀ 12 ਵੋਲਟ ਬੈਟਰੀ ਸਿਸਟਮ ਦੇ ਵੱਖ-ਵੱਖ ਹਿੱਸਿਆਂ ਨੂੰ ਚੱਲਾਉਣ ਲਈ ਪਾਵਰ ਸਰੋਤ ਵਜੋਂ ਵਰਤੀ ਜਾਂਦੀ ਹੈ। ਖੇਤਰ ਅਜ਼ਮਾਇਸ਼ਾਂ ਵਿੱਚ ਪਾਇਆ ਗਿਆ ਕਿ ਟਰੈਕਟਰ ਨੂੰ ਮੈਨੂਅਲ ਸਟੀਅਰਿੰਗ ਨਾਲ ਚਲਾਉਣ ਤੇ, ਵੱਖ-ਵੱਖ ਵਾਹੀ ਅਤੇ ਬਿਜਾਈ ਵਾਲੀਆਂ ਮਸ਼ੀਨਾਂ ਲਈ ਔਸਤ ਓਵਰਲੈਪ ਖੇਤਰ (ਲਾਈਨਾਂ ਵਿੱਚ) 3-12% ਸੀ, ਜਦ ਕਿ ਆਟੋ-ਸਟੀਅਰਿੰਗ ਸਿਸਟਮ ਨਾਲ, ਔਸਤ ਓਵਰਲੈਪ ਖੇਤਰ ਲਗਭਗ 15 ਰਹਿ ਗਿਆ। ਮੈਨੂਅਲ ਸਟੀਅਰਿੰਗ ਨਿਯੰਤਰਣ ਵਿੱਚ ਇਨ੍ਹਾਂ ਮਸ਼ੀਨਾਂ ਨਾਲ ਖੁੰਝਿਆ ਖੇਤਰ (ਲਾਈਨਾਂ ਵਿੱਚ) 2.0-7.0% ਸੀ, ਪਰੰਤੂ ਜਦੋਂ ਇਨ੍ਹਾਂ ਮਸ਼ੀਨਾਂ ਨੂੰ ਆਟੋ-ਸਟੀਅਰਿੰਗ ਸਿਸਟਮ ਵਾਲੇ ਟਰੈਕਟਰ ਨਾਲ ਚਲਾਇਆ ਗਿਆ।
ਤਾਂ ਖੁੰਝਿਆ ਖੇਤਰ 15 ਤੋਂ ਘੱਟ ਸੀ। ਆਟੋ-ਸਟੀਅਰਿੰਗ ਸਿਸਟਮ ਨਾਲ ਪਾਸ ਤੋਂ ਪਾਸ ਦੀ ਸਹੀਤਾ +3 ਸੈਂ.ਮੀ. ਤੱਕ ਰਹਿੰਦੀ ਹੈ। ਸਿਸਟਮ ਟਰੈਕਟਰ ਚਾਲਕਾਂ ਨੂੰ ਖੇਤ ਦਾ ਕੰਮ ਬਿਲਕੁਲ ਸਹੀ ਤਰੀਕੇ ਨਾਲ ਕਰਨ ਵਿੱਚ ਮੱਦਦ ਕਰਦਾ ਹੈ, ਜਿਸ ਨਾਲ ਇਨਪੁੱਟ ਸਰੋਤਾਂ ਦੀ ਘੱਟੋ-ਘੱਟ ਬਰਬਾਦੀ ਹੁੰਦੀ ਹੈ, ਵਧੇਰੇ ਕੰਮ ਦੇ ਘੰਟੇ ਮਿਲਦੇ ਹਨ ਤੇ ਉਤਪਾਦਨਸ਼ੀਲਤਾ ਵਿਚ ਸੁਧਾਰ ਆ ਸਕਦਾ ਹੈ। ਇਸ ਨਾਲ ਚਾਲਕ ਦੀ ਥਕਾਨ ਵੀ ਘਟਦੀ ਹੈ, ਜੋ ਉਸਨੂੰ ਇੰਪਲੀਮੈਂਟ ਪ੍ਰਬੰਧਨ ’ਤੇ ਜ਼ਿਆਦਾ ਧਿਆਨ ਦੇਣ ਦੀ ਸਹੂਲਤ ਦਿੰਦੀ ਹੈ। ਇਸ ਤੋਂ ਇਲਾਵਾ, ਸਮਾਂਤਰ ਬਿਜਾਈ ਦੀਆਂ ਲਾਈਨਾਂ ਅਗਲੇ ਮਕੈਨਿਕਲ ਇੰਟਰਕਲਚਰ ਅਤੇ ਵਾਢੀ ਦੇ ਕਾਰਜਾਂ ਨੂੰ ਅਸਾਨ ਬਣਾਉਂਦੀਆਂ ਹਨ।
ਧੰਨਵਾਦ ਸਹਿਤ, ਚੰਗੀ ਖੇਤੀ














