ਪਰਨੀਤ ਕੌਰ ਨੇ ਵੀ ਸਵੇਰੇ 11 ਵਜੇ ਆਪਣੇ ਘਰ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਵਿਸਾਖੀ ਦੇ ਤਿਉਹਾਰ ਮੌਕੇ ਆਪਣੇ ਘਰਾਂ ਵਿੱਚ ਰਹਿ ਕੇ ਸਵੇਰੇ 11 ਵਜੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਕੀਤੀ ਅਪੀਲ ‘ਤੇ ਅਮਲ ਕਰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਵੀ ਲੋਕਾਂ ਨੇ ਆਪਣੇ ਘਰਾਂ ਵਿੱਚ ਰਹਿ ਕੇ ਵਿਸਾਖੀ ਮਨਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਆਪਣੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਦੀ ਉਪਰਲੀ ਮੰਜ਼ਿਲ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ ਅਸਥਾਨ ਵਿਖੇ ਜਾ ਕੇ ਖ਼ਾਲਸਾ ਪੰਥ ਦੀ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਅਪੀਲ ਕੀਤੀ ਸੀ ਕਿ ਸਮੂਹ ਪੰਜਾਬੀ ਆਪਣੇ ਘਰਾਂ ‘ਚ ਰਹਿਕੇ ਹੀ ਪਰਮਾਤਮਾ ਕੋਲ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨ ਤਾਂ ਕਿ ਅਸੀਂ ਕੋਰੋਨਾਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਛੁਟਕਾਰਾ ਪਾ ਸਕੀਏ ਅਤੇ ਸਾਰਾ ਪੰਜਾਬ ਤੇ ਦੇਸ਼ ਸੁਖੀ ਵਸੇ।
ਜ਼ਿਲ੍ਹੇ ਦੇ ਵਸਨੀਕਾਂ ਨੇ ਵੀ ਮੁੱਖ ਮੰਤਰੀ ਦੀ ਅਪੀਲ ‘ਤੇ ਫੁੱਲ ਚੜ੍ਹਾਉਂਦਿਆਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਵਿਸਾਖੀ ਮਨਾਈ ਅਤੇ ਪੰਜਾਬ ਅਤੇ ਪੰਜਾਬੀਆਂ ਦੀ ਸੁੱਖ ਮੰਗਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਵਾਇਰਸ ਦੀ ਰੋਕਥਾਮ ਲਈ ਰਾਜ ਅੰਦਰ ਕਰਫਿਊ ਲਗਾਇਆ ਗਿਆ ਹੈ ਤਾਂ ਕਿ ਕੋਵਿਡ-19 ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੀ ਲੜੀ ਨੂੰ ਤੋੜਨ ਲਈ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇਕੱਠ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।