ਪਾਵਰਕੌਮ ਦੇ ਹਾਈਡਲ ਪ੍ਰਾਜੈਕਟਾਂ ਨੇ ਕੇਂਦਰੀ ਬਿਜਲੀ ਅਥਾਰਟੀ ਦੇ ਟੀਚੇ ਨੂੰ ਕੀਤਾ ਪਾਰ

ਪਾਵਰਕੌਮ ਦੇ ਸਾਰੇ ਹਾਈਡਲਾਂ ਪ੍ਰਾਜੈਕਟਾਂ ਨੇ ਪਿਛਲੇ ਰਿਕਾਰਡ ਤੋੜੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਬਿਜਲੀ ਸੈਕਟਰ ਵਿੱਚ ਸ਼ਾਨਦਾਰ ਕੀਰਤੀਮਾਨ ਸਥਾਪਿਤ ਕੀਤੇ ਹਨ। ਪਾਵਰਕੌਮ ਦੇ ਹਾਈਡਲ ਪ੍ਰਾਜੈਕਟਾਂ ਨੇ ਵਿੱਤੀ ਸਾਲ 2020-21 ਦੇ ਪਹਿਲੀ ਤਿਮਾਹੀ  ਵਿੱਚ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਬਿਜਲੀ ਉਤਪਾਦਨ ਦੇ ਦਿੱਤੇ ਗਏ ਟੀਚੇ ਨੂੰ ਪਾਰ ਕਰ ਲਿਆ ਹੈ। ਪਾਵਰਕੌਮ ਵੱਲੋਂ ਨਿਰਧਾਰਤ ਟੀਚੇ ਦਾ 134.5 ਪ੍ਰਤੀਸ਼ਤ ਹਾਸਲ ਕੀਤਾ ਗਿਆ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਾਵਰਕੌਮ ਦੇ ਪਣ ਪ੍ਰਾਜੈਕਟਾਂ ਨੇ 1 ਅਪ੍ਰੈਲ ਤੋਂ 30 ਜੂਨ ਦੀ ਤਿਮਾਹੀ ਦੇ 1,055 ਮਿਲੀਅਨ ਯੂਨਿਟ ਦੇ ਟੀਚੇ ਦੇ ਮੁਕਾਬਲੇ 1,419 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ।  ਮੁਕੇਰੀਆਂ ਹਾਈਡਲ ਪ੍ਰਾਜੈਕਟ ਨੇ 118 ਮਿਲੀਅਨ ਯੂਨਿਟ (ਟੀਚੇ ਦਾ 322 ਪ੍ਰਤੀਸ਼ਤ)  ਦੇ ਮੁਕਾਬਲੇ 380.18 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ 8 ਸਾਲਾਂ ਤੋਂ ਉੱਚਤਮ ਹੈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੇ  168 ਮਿਲੀਅਨ ਯੂਨਿਟ (ਟੀਚੇ ਦਾ 118 ਪ੍ਰਤੀਸ਼ਤ)  ਦੇ ਮੁਕਾਬਲੇ 198.34 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ ਹੈ। ਇਹ ਟੀਚਾ ਵੀ ਪਿਛਲੇ ਅੱਠ ਸਾਲਾਂ ਤੋਂ ਵੱਧ ਹੈ।

 

ਇੱਥੇ ਹੀ ਬੱਸ ਨਹੀਂ ਪਾਵਰਕੌਮ ਦੇ ਸ਼ਾਨਨ ਪਾਵਰ ਹਾਉੂਸ ਜੋਗਿੰਦਰ ਨਾਗਰ ਨੇ 194 ਮਿਲੀਅਨ ਯੂਨਿਟ (ਟੀਚੇ ਦਾ 110 ਪ੍ਰਤੀਸ਼ਤ)  ਦੇ ਮੁਕਾਬਲੇ 213.05 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਕੀਤਾ, ਜੋ ਪਿਛਲੇ 5 ਸਾਲਾਂ ਵਿੱਚ ਦੂਜੀ ਸਭ ਤੋਂ ਵੱਡੀ ਉਤਪਾਦਨਤਾ ਹੈ ਰਣਜੀਤ ਸਾਗਰ ਡੈਮ ਨੇ 460 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਟੀਚੇ ਦਾ 111.4 ਪ੍ਰਤੀਸ਼ਤ ਦੇ ਮੁਕਾਬਲੇ 512.58 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਪ੍ਰਾਪਤ ਕੀਤਾ ਹੈ।  ਯੂ ਬੀ ਡੀ ਸੀ ਪ੍ਰੋਜੈਕਟ ਦੀਆਂ ਇਕਾਈਆਂ ਨੇ 114.804 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ, ਜੋ ਕਿ ਪਿਛਲੇ 8 ਸਾਲਾਂ ਵਿੱਚ ਪ੍ਰਾਪਤ ਕੀਤਾ ਦੂਜਾ ਸਭ ਤੋਂ ਵੱਡਾ ਉਤਪਾਦਨ ਹੈ ਇਸ ਤਰ੍ਹਾਂ ਪਾਵਰਕੌਮ ਦੇ ਹਾਈਡਲ ਪ੍ਰੋਜੈਕਟਾਂ ਨੇ ਇਸ ਸਾਲ ਅੰਦਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।

 

ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਦਾ ਨਤੀਜ਼ਾ: ਸੀਐਮਡੀ

ਪਾਵਰਕੌਮ ਦੇ ਸੀਐਮਡੀ ਏ.ਵੇਨੂੰ ਪ੍ਰਸਾਦ ਦਾ ਕਹਿਣਾ ਹੈ ਕਿ ਇਹ ਟੀਚਾ ਉਪਲੱਬਧ ਸਰੋਤਾਂ ਦੀ ਵਰਤੋਂ ਅਤੇ ਪੈਦਾ ਕਰਨ ਵਾਲੇ ਸਟੇਸ਼ਨਾਂ ਤੋਂ ਪੈਦਾ ਹੋਈ ਬਿਜਲੀ ਉਤਪਾਦਨ ਦੀ ਨੇੜਿਓ ਨਿਗਰਾਨੀ ਅਤੇ ਮਸ਼ੀਨਾਂ ਦੇ ਨਿਰਵਿਘਨ ਸੰਚਾਲਨ ਦੇ ਨਾਲ ਪ੍ਰਾਪਤ ਕੀਤਾ ਗਿਆ ਹੈ ਉਨ੍ਹਾਂ ਪਾਰਵਕੌਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੋਵਿਡ -19 ਦੇ ਲਾਕਡਾਉੂਨ ਦੌਰਾਨ ਟੀਚਿਆਂ ਨੂੰ ਪਾਰ ਕਰਨ ਦੀਆਂ ਕੀਤੀਆਂ ਕੋਸ਼ਿਸਾਂ ਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਝੋਨੇ ਤੇ ਗਰਮੀ ਦੇ ਸੀਜ਼ਨ ਅੰਦਰ ਬਿਜਲੀ ਦੀ ਮੰਗ ਨੂੰ ਸੌਖਿਆਂ ਪੂਰਾ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ