ਇੱਕ ਸਾਲ ਲਈ ਹੋਵੇਗਾ ਕਰਜ਼ਾ, 22 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਮੰਗੀਆਂ ਕੁਟੇਸ਼ਨਾਂ
ਹਜ਼ਾਰਾਂ ਕਰੋੜ ਦੇ ਕਰਜ਼ੇ ’ਚ ਘਿਰੀ ਪਾਵਰਕੌਮ ਲਈ ਵਿਆਜ਼ ਮੋੜਨਾ ਵੀ ਹੋਇਆ ਔਖਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਰਜ਼ਿਆਂ ਦੇ ਭਾਰ ਹੇਠ ਦੱਬੀ ਪਾਵਰਕੌਮ (Powercom) ਕੋਲ ਹੁਣ ਬਿਜਲੀ ਖਰੀਦਣ ਨੂੰ ਵੀ ਪੈਸੇ ਨਹੀਂ ਹਨ। ਪਾਵਰਕੌਮ ਹੁਣ ਬਿਜਲੀ ਦੀ ਖਰੀਦ ਲਈ 500 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਇਸ ਸਬੰਧੀ ਪਾਵਰਕੌਮ ਵੱਲੋਂ 22 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਆਦਿ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਸਬੰਧੀ 18 ਅਪਰੈਲ ਤੱਕ ਦਾ ਸਮਾਂ ਨਿਰਧਾਰਿਤ ਕੀਤੀ ਗਿਆ ਹੈ। ਦੱਸਣਯੋਗ ਹੈ ਕਿ ਪਾਵਰਕੌਮ ਪਹਿਲਾਂ ਹੀ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ੇ ਵਿੱਚ ਹੇਠ ਦੱਬੀ ਹੋਈ ਹੈ। ਇਸ ਵਾਰ ਪਾਵਰਕੌਮ ਵੱਲੋਂ ਗਰਮੀ ਅਤੇ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਬਿਜਲੀ ਦੀ ਖਰੀਦ ਲਈ 500 ਕਰੋੜ ਰੁਪਏ ਦਾ ਇੱਕ ਸਾਲ ਲਈ ਹੋਰ ਕਰਜ਼ਾ ਲਿਆ ਜਾ ਰਿਹਾ ਹੈ।
ਇਸ ਸਬੰਧੀ ਪਾਵਰਕੌਮ ਨੇ ਪੱਤਰ ਵਿੱਚ ਸਾਫ਼ ਦਰਸਾਇਆ ਹੈ ਕਿ ਇਹ 500 ਕਰੋੜ ਦਾ ਕਰਜ਼ਾ ਬਿਜਲੀ ਦੀ ਖਰੀਦ ਲਈ ਥੋੜ੍ਹੇ ਸਮੇਂ ਲਈ ਲਿਆ ਜਾ ਰਿਹਾ ਹੈ। ਇਸ ਲਈ ਪਾਵਰਕੌਮ ਨੇ 22 ਬੈਂਕਾਂ, ਵਿੱਤੀ ਏਜੰਸੀਆਂ, ਫਾਈਨਾਂਸ ਪ੍ਰੋਵਾਈਡਰਾਂ ਆਦਿ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਹੈ। ਇਹ ਵੀ ਦਰਸਾਇਆ ਹੈ ਕਿ ਉਕਤ ਕਰਜ਼ੇ ਦਾ ਭੁਗਤਾਨ ਮੋਰਟੋਰੀਅਮ ਦੀ ਮਿਆਦ ਤੋਂ ਬਾਅਦ 6 ਬਰਾਬਰ ਮਾਸਿਕ ਕਿਸ਼ਤਾਂ ’ਚ ਕੀਤਾ ਜਾਵੇਗਾ। ਪਾਵਰਕੌਮ ਲਈ ਮੌਜੂਦਾ ਸਮਾਂ ਭਾਰੀ ਮੁਸ਼ਕਲਾਂ ਵਾਲਾ ਚੱਲ ਰਿਹਾ ਹੈ, ਕਿਉਂਕਿ ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਪਾਵਰਕੌਮ ’ਚ ਕੋਲੇ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਪਾਵਰਕੌਮ ਬਜਾਰ ’ਚੋਂ ਕਰੋੜਾਂ ਰੁਪਏ ਦੀ ਬਿਜਲੀ ਖਰੀਦ ਰਹੀ ਹੈ, ਪਰ ਇੱਥੇ ਭਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਪਾਵਰਕੌਮ ਦੀ ਮੰਦੀ ਹਾਲਤ ਕਾਰਨ ਝੋਨੇ ਦੇ ਸੀਜ਼ਨ ’ਚ ਪਾਵਰਕੌਮ ਲਈ ਮੁਸ਼ਕਲ ਹਾਲਾਤਾਂ ਦਾ ਅੰਦਾਜਾ ਪਹਿਲਾ ਤੋਂ ਹੀ ਲਗਾਇਆ ਜਾਣ ਲੱਗਾ ਹੈ। ਭਾਵੇਂ ਕਿ ਪਾਵਰਕੌਮ ਦੇ ਅਧਿਕਾਰੀਆਂ ਅਤੇ ਬਿਜਲੀ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕੋਲੇ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਹੈ, ਪਰ ਪਾਵਰ ਪਲਾਂਟ ਕੋਲੇ ਦੀ ਘਾਟ ਨਾਲ ਜੂਝ ਰਹੇ ਹਨ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਕੋਲੇ ਦੀ ਘਾਟ ਨਾਲ ਪਿਛਲੇ ਦਿਨਾਂ ਤੋਂ ਠੱਪ ਪਿਆ ਹੈ ਅਤੇ ਅਜੇ ਤੱਕ ਇਸ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਹੋਇਆ ਹੈ। ਪਾਵਰਕੌਮ ਦਾ ਸਰਕਾਰੀ ਅਦਾਰਿਆਂ ਵੱਲ ਹੀ ਬਿਲਾਂ ਦੇ ਰੂਪ ਵਿੱਚ 2200 ਕਰੋੜ ਤੋਂ ਜਿਆਦਾ ਦਾ ਬਕਾਇਆ ਪਿਆ ਹੈ।
ਥੋੜ੍ਹੇ ਸਮੇਂ ਲਈ ਕਰਜ਼ਾ : ਅਧਿਕਾਰੀ
ਇਸ ਸਬੰਧੀ ਪਾਵਰਕੌਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਦਾ ਕਹਿਣਾ ਹੈ ਪਾਵਰਕੌਮ ਬਿਜਲੀ ਦੀ ਖਰੀਦ ਲਈ ਥੋੜ੍ਹੇ ਸਮੇਂ ਲਈ ਕਰਜ਼ਾ ਲੈ ਰਿਹਾ ਹੈ। ਉਂਜ ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਾਵਰਕੌਮ ਦਾ ਬੈਂਕਾ ਨਾਲ ਲੈੈਣ-ਦੇਣ ਚੱਲਦਾ ਰਹਿਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣਾ ਪਾਵਰਕੌਮ ਦੀ ਜ਼ਿੰਮੇਵਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ