ਪਾਵਰਕੌਮ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਦੋ ਅਧਿਕਾਰੀ ਮੁਅੱਤਲ

POWERCOM

ਸਹਾਇਕ ਇੰਜੀਨੀਅਰ ਅਤੇ ਏ.ਈ.ਈ. ਵੱਖ-ਵੱਖ ਮਾਮਲਿਆਂ ਵਿੱਚ ਮੁਅੱਤਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Powercom ਵੱਲੋਂ ਭ੍ਰਿਸ਼ਟਚਾਰ ਵਿੱਚ ਲਿਪਤ ਆਪਣੇ ਦੋ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਜਦਕਿ ਇੱਕ ਮੁਲਾਜ਼ਮ ਦੀ ਬਦਲੀ ਕੀਤੀ ਗਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਇੰਜੀ: ਸਤਿੰਦਰ ਸਿੰਘ ਜੋ ਕਿ ਸਹਾਇਕ ਇੰਜੀਨੀਅਰ ਵਜੋਂ ਮਾਛੀਵਾੜਾ ਸਬ ਡਵੀਜ਼ਨ ਵਿੱਚ ਤੈਨਾਤ ਸੀ, ਸਬੰਧੀ ਪਾਵਰਕੌਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਅਧਿਕਾਰੀ ਵੱਲੋਂ ਵੱਢੀਖੋਰੀ ਕੀਤੀ ਜਾ ਰਹੀ ਹੈ। ਵੱਖ-ਵੱਖ ਕੇਸਾਂ ਵਿੱਚ ਬਿਜਲੀ ਦੇ ਲੋਡ ਦੇ ਵਾਧੇ, ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਖੇਤੀਬਾੜੀ ਪੰਪ ਸੈਟ ਰਲੀਜ਼ ਕਰਨ ਸਬੰਧੀ 85000 ਰੁਪਏ ਰਿਸ਼ਵਤ ਲਈ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਇੰਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ। ਜਾਂਚ ਰਿਪੋਰਟ ਤੋਂ ਬਾਅਦ ਪਾਵਰਕੌਮ ਦੇ ਸੀਐਮਡੀ ਵੱਲੋਂ ਇੰਜੀ:ਸਤਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਦਾ ਹੈੱਡ ਕੁਆਟਰ ਮੁੱਖ ਇੰਜੀ:/ਸੰਚਾਲਣ ਲੁਧਿਆਣਾ ਫਿਕਸ ਕਰ ਦਿੱਤਾ।

ਇਸੇ ਤਰ੍ਹਾਂ ਹੀ ਇੱਕ ਹੋਰ ਮਾਮਲੇ ਵਿੱਚ ਇੰਜੀ:ਮੁਹੰਮਦ ਰਾਸ਼ਿਦ ਏ.ਈ.ਈ.ਸਿਵਲ ਜੋ ਕਿ ਗਰਿੱਡ ਉਸਾਰੀ ਅਤੇ ਸੰਭਾਲ ਲੁਧਿਆਣਾ ਵਿਖੇ ਤੈਨਾਤ ਸੀ, ਨੂੰ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਅਤੇ ਕਾਰਪੋਰੇਸ਼ਨ ਨੂੰ ਵਿੱਤੀ ਨੁਕਸਾਨ ਦੇ ਦੋਸ਼ ਵਿੱਚ ਸੀ.ਐਮ.ਡੀ. ਦੇ ਹੁਕਮਾਂ ਤੋਂ ਬਾਅਦ ਮੁਅੱਤਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਇੱਕ ਹੋਰ ਕਰਮਚਾਰੀ ਪ੍ਰੀਤ ਸਿੰਘ ਜੇ.ਈ ਨੂੰ ਕਾਰਨ ਦੱਸੋ ਨੋਟਿਸ ਜ਼ਾਰੀ ਕੀਤਾ ਗਿਆ ਅਤੇ ਪਾਵਰਕੌਮ ਦੇ ਅਕਸ ਨੂੰ ਖਰਾਬ ਕਰਨ ਲਈ ਸਾਊਥ ਜ਼ੋਨ ਤੋਂ ਬਾਹਰ ਬਦਲੀ ਕਰ ਦਿੱਤਾ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ.ਇੰਜੀ: ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਕਾਰਪੋਰੇਸ਼ਨ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਕੰਮ ਪਹਿਲ ‘ਤੇ ਅਧਾਰ ਤੇ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।