ਪਾਵਰਕੌਮ ਨੇ ਗਊਸੈੱਸ ਦੇ 32 ਕਰੋੜ 63 ਲੱਖ ਦੱਬੇ, ਬੇਸਹਾਰਾ ਪਸ਼ੂ ਨਿਗਲ ਰਹੇ ਨੇ ਜ਼ਿੰਦਗੀਆਂ

Powercom

ਪਾਵਰਕੌਮ (Powercom), ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਗਊਸੈੱਸ ਦੀ ਪੂਰੀ ਰਕਮ ਦੇਣ ਤੋਂ ਵੱਟ ਰਹੀ ਐ ਪਾਸਾ

  • ਛੇ ਸਾਲਾਂ ਵਿੱਚ ਗਊਸੈੱਸ ਰਾਹੀਂ ਇਕੱਠੇ ਕੀਤੇ 45 ਕਰੋੜ ਤੋਂ ਵੱਧ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ (Powercom) ਬਿਜਲੀ ਦੇ ਬਿੱਲਾਂ ਰਾਹੀਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਪੰਜਾਬ ਦੇ ਲੋਕਾਂ ਤੋਂ ਗਊਸੈੱਸ ਦੇ ਨਾਂਅ ’ਤੇ ਕਰੋੜਾਂ ਰੁਪਏ ਦੀ ਰਕਮ ਤਾਂ ਇਕੱਠੀ ਕਰ ਰਿਹਾ ਹੈ, ਪਰ ਇਹ ਰਕਮ ਸਬੰਧਿਤ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਦੇ ਹਵਾਲੇ ਕਰਨ ਦੀ ਥਾਂ ਖੁਦ ਹੀ ਦੱਬੀ ਬੈਠਾ ਹੈ। ਪਾਵਰਕੌਮ ਨੇ ਲਗਭਗ 6 ਸਾਲਾਂ ਤੋਂ ਬਿਜਲੀ ਬਿੱਲਾਂ ਰਾਹੀਂ ਇਕੱਠੀ ਕੀਤੀ 32 ਕਰੋੜ 63 ਲੱਖ ਤੋਂ ਵੱਧ ਦੀ ਰਾਸ਼ੀ ਆਪਣੇ ਕੋਲ ਹੀ ਗੜੱਪ ਕਰ ਰੱਖੀ ਹੈ, ਜਦੋਂਕਿ ਆਮ ਲੋਕ ਬੇਸਹਾਰਾ ਪਸ਼ੂਆਂ ਰਾਹੀਂ ਵਾਪਰ ਰਹੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਬੇਸਹਾਰਾ ਪਸ਼ੂਆਂ ਦੇ ਵੱਗ ਫਿਰ ਰਹੇ ਹਨ ਅਤੇ ਰੋਜਾਨਾ ਹੀ ਇਹ ਪਸ਼ੂ ਭਿਆਨਕ ਹਾਦਸਿਆਂ ਨੂੰ ਜਨਮ ਦੇ ਕੇ ਕੀਮਤੀ ਜ਼ਿੰਦਗੀਆਂ ਨਿਗਲ ਰਹੇ ਹਨ। ਇਕੱਲੇ ਪਟਿਆਲਾ ਜ਼ਿਲ੍ਹੇ ਅੰਦਰ ਹੀ ਕੁਝ ਸਮੇਂ ਵਿੱਚ ਦਰਜ਼ਨ ਦੇ ਕਰੀਬ ਲੋਕ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਭਂੇਟ ਚੜ੍ਹ ਚੁੱਕੇ ਹਨ। ਇੱਥੋਂ ਤੱਕ ਕਿ ਕਈ ਪੀੜਤ ਲੋਕਾਂ ਵੱਲੋਂ ਤਾਂ ਸਬੰਧਿਤ ਨਗਰ ਨਿਗਮ ਵਿਰੁੱਧ ਮੁਆਵਜ਼ੇ ਲਈ ਅਦਾਲਤਾਂ ਵਿੱਚ ਵੀ ਪਹੰੁਚ ਕੀਤੀ ਹੋਈ ਹੈ।

ਸਰਕਾਰ ਵੱਲੋਂ ਸੜਕਾਂ ’ਤੇ ਫਿਰ ਰਹੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਪਾਵਰਕੌਮ ਜਰੀਏ ਖਪਤਕਾਰਾਂ ਤੋਂ ਬਿਜਲੀ ਬਿੱਲਾਂ ਰਾਹੀਂ ਗਊਸੈੱਸ ਵਸੂਲਣ ਦਾ ਆਦੇਸ਼ ਦਿੱਤਾ ਹੋਇਆ ਹੈ, ਇਹ ਗਊਸੈੱਸ ਦੀ ਰਕਮ ਖਪਤਕਾਰਾਂ ਤੋਂ ਇਕੱਠੀ ਕਰਨ ਤੋਂ ਬਾਅਦ ਪਾਵਰਕੌਮ ਦੇ ਇਨ੍ਹਾਂ ਦਫ਼ਤਰਾਂ ਵੱਲੋਂ ਸਬੰਧਿਤ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਅੰਦਰ ਜਮ੍ਹਾਂ ਕਰਵਾਉਣੀ ਹੁੰਦੀ ਹੈ, ਜਿਸ ਅਧੀਨ ਇਹ ਦਫ਼ਤਰ ਆਉਂਦਾ ਹੈ। ਪਾਵਰਕੌਮ ਵੱਲੋਂ ਇੱਥੇ ਉਲਟੀ ਗੰਗਾ ਹੀ ਵਹਾਈ ਜਾ ਰਹੀ ਹੈ। ਗਊਸੈੱਸ ਦੀ ਇਕੱਠੀ ਰਕਮ ਦਾ ਕੁਝ ਹਿੱਸਾ ਉਕਤ ਕਾਰਪੋਰੇਸ਼ਨਾਂ ਜਾਂ ਨਗਰ ਕੌਂਸਲਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਬਾਕੀ ਦਾ ਮੋਟਾ ਹਿੱਸਾ ਆਪਣੇ ਦਫ਼ਤਰਾਂ ਵਿੱਚ ਹੀ ਦੱਬਿਆ ਜਾ ਰਿਹਾ ਹੈ।

‘ਸੱਚ ਕਹੂੰ’ ਵੱਲੋਂ ਹਾਸਲ ਕੀਤੇ ਵੇਰਵਿਆਂ ਤੋਂ ਸਾਹਮਣੇ ਆਇਆ ਹੈ ਕਿ ਪਾਵਰਕੌਮ ਵੱਲੋਂ ਪਿਛਲੇ ਛੇ ਸਾਲਾਂ ਤੋਂ ਬਿਜਲੀ ਬਿੱਲਾਂ ਰਾਹੀਂ ਲਗਾਏ ਗਏ ਗਊਸੈੱਸ ਤੋਂ 45,13,81,015 ਕਰੋੜ ਇਕੱਠੇ ਜ਼ਰੂਰ ਕੀਤੇ ਗਏ ਹਨ, ਪਰ ਇਸ ਰਕਮ ਦਾ ਜ਼ਿਆਦਾਤਰ ਲਾਹਾ ਪਾਵਰਕੌਮ ਵੱਲੋਂ ਹੀ ਖੱਟਿਆ ਜਾ ਰਿਹਾ ਹੈ।

ਪਾਵਰਕੌਮ ਨੇ ਸਾਲ 2020-21 ਵਿੱਚ ਗਊਸੈੱਸ ਰਾਹੀਂ ਸਭ ਤੋਂ ਵੱਧ 13,70,68,287 ਕਰੋੜ ਇਕੱਠੇ ਕੀਤੇ ਗਏ, ਪਰ ਇਸ ਸਾਲ ’ਚ ਨਿਗਮਾਂ ਜਾਂ ਨਗਰ ਕੌਂਸਲਾਂ ਨੂੰ ਇਨ੍ਹਾਂ ਵਿੱਚੋਂ ਸਿਰਫ਼ 1,78,24,891 ਕਰੋੜ ਹੀ ਦਿੱਤੇ ਗਏ। ਪਾਵਰਕੌਮ ਇਸ ਸਾਲ ਦੀ 11,92,43,336 ਕਰੋੜ ਦੀ ਰਕਮ ਆਪਣੇ ਕੋਲ ਹੀ ਦੱਬੀ ਬੈਠਾ ਹੈ। ਸਾਲ 2016 ਤੋਂ ਸਾਲ 2022 ਤੱਕ ਦੇ ਵਕਫ਼ੇ ਦੌਰਾਨ ਪਾਵਰਕੌਮ ਨੇ 32 ਕਰੋੜ 63 ਲੱਖ ਤੋਂ ਵੱਧ ਦੀ ਰਕਮ ਨਿਗਮਾਂ ਜਾਂ ਨਗਰ ਕਂੌਸਲਾਂ ਨੂੰ ਨਹੀਂ ਦਿੱਤੀ । ਸੁਆਲ ਇਹ ਉੱਠ ਰਿਹਾ ਹੈ ਕਿ ਜੇਕਰ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਲੋਕਾਂ ਤੋਂ ਇਹ ਰਕਮ ਵਸੂਲੀ ਜਾ ਰਹੀ ਹੈ, ਤਾਂ ਫਿਰ ਉਨ੍ਹਾਂ ਦੀ ਸੰਭਾਲ ਕਿਉਂ ਨਹੀਂ ਹੋ ਰਹੀ। ਰੋਜਾਨਾ ਹੀ ਬੇਸਹਾਰਾ ਪਸ਼ੂਆਂ ਨਾਲ ਹੋ ਰਹੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਦਾ ਜਿੰਮੇਵਾਰ ਕੌਣ ਹੈ?

ਗਊਸੈੱਸ ਵਸੂਲਣਾ ਤੁਰੰਤ ਬੰਦ ਹੋਵੇ

ਇੱਧਰ ਐਡਵੋਕੇਟ ਰਾਜੀਵ ਲੋਹਟਬੱਧੀ, ਕਿਸਾਨ ਆਗੂ ਜਗਮੋਹਨ ਸਿੰਘ ਅਤੇ ਨੌਜਵਾਨ ਆਗੂ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਪਾਵਰਕੌਮ ਆਮ ਲੋਕਾਂ ਤੋਂ ਗਊਸੈੱਸ ਲੈਣਾ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਅਦ ਵੀ ਬੇਸਹਾਰਾ ਪਸ਼ੂਆਂ ਦਾ ਯੋਗ ਹੱਲ ਨਹੀਂ ਕੀਤਾ ਜਾ ਰਿਹਾ ਹੈ ਤਾਂ ਫਿਰ ਇਹ ਜ਼ਜੀਆ ਕਿਉਂ। ਉਨ੍ਹਾਂ ਕਿਹਾ ਕਿ ਪਾਵਰਕੌਮ ਅਤੇ ਕਾਰਪੋਰੇਸ਼ਨਾਂ ਉਕਤ ਰਕਮ ਨੂੰ ਲੋਕਾਂ ਦੀ ਸਹੂਲਤ ਲਈ ਵਰਤਣ ਦੀ ਥਾਂ ਆਪਣੇ ਕੰਮ ਕੱਢ ਰਹੀਆਂ ਹਨ ਅਤੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਇਹ ਪੈਸਾ ਖਰਚ ਹੀ ਨਹੀਂ ਕੀਤਾ ਜਾ ਰਿਹਾ।

graph

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ