ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ‘ਚ ਵਧ ਰਹੀ ਗਰਮੀ ਅਤੇ ਇਸ ਦੇ ਨਾਲ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਪੂਰੇ ਮੋਹਾਲੀ ਜ਼ਿਲ੍ਹੇ ਦੇ ਲੋਕ ਪ੍ਰੇਸ਼ਾਨ ਹਨ। ਸ਼ਹਿਰ ਦੇ ਕੁਝ ਕੁ ਪੌਸ਼ ਇਲਾਕਿਆਂ ਨੂੰ ਛੱਡ ਕੇ ਬਲੌਂਗੀ, ਮੁਹਾਲੀ ਸਮੇਤ ਕਈ ਸੈਕਟਰਾਂ ਵਿੱਚ ਬਿਜਲੀ ਨਹੀਂ ਹੈ। ਇਸ ਦੇ ਨਾਲ ਹੀ ਡੇਰਾਬੱਸੀ, ਜ਼ੀਰਕਪੁਰ ਅਤੇ ਖਰੜ ਵਿੱਚ ਵੀ 12-12 ਘੰਟੇ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਬਲਟਾਣਾ ਇਲਾਕੇ ‘ਚ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਨਾ ਆਉਣ ਕਾਰਨ ਲੋਕ ਕਾਫੀ ਪਰੇਸ਼ਾਨ ਰਹੇ। (Mohali News)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ
ਦੂਜੇ ਪਾਸੇ ਸ਼ੁੱਕਰਵਾਰ ਨੂੰ ਵੀ ਲਗਾਤਾਰ ਬਿਜਲੀ ਬੰਦ ਰਹੀ। ਇਸੇ ਬਲਟਾਣਾ ਇਲਾਕੇ ਵਿੱਚ 10 ਟਰਾਂਸਫਾਰਮਰਾਂ ਦੇ ਫਿਊਜ਼ ਉੱਡ ਗਏ। ਇਸ ਨੂੰ ਠੀਕ ਕਰਨ ਲਈ ਸਿਰਫ਼ ਦੋ ਲਾਈਨਮੈਨ ਆਏ ਸਨ। ਜਿਵੇਂ ਹੀ ਉਹ ਆਪਣੇ ਫੀਲਡ ਵਿੱਚ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਹਿਲਾਂ ਆਪਣੇ ਇਲਾਕੇ ਦਾ ਟਰਾਂਸਫਾਰਮਰ ਠੀਕ ਕਰਵਾਉਣ ਲਈ ਕਹਿਣ ਲੱਗੇ। ਇਕ ਟਰਾਂਸਫਾਰਮਰ ਦੀ ਮੁਰੰਮਤ ਤੋਂ ਪਹਿਲਾਂ ਹੀ ਦੂਜੇ ਦੇ ਫੇਲ੍ਹ ਹੋਣ ਦੀ ਸੂਚਨਾ ਮਿਲ ਜਾਂਦੀ ਹੈ। ਇਸ ਦੌਰਾਨ ਲੋਕ ਇਹ ਕਹਿੰਦੇ ਹੋਏ ਦੇਖੇ ਗਏ ਕਿ ਗਰਿੱਡ ਦੇ ਉਦਘਾਟਨ ਸਮੇਂ ਪਾਵਰਕੌਮ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਸੀ ਕਿ ਇਸ ਗਰਿੱਡ ਦੇ ਲੱਗਣ ਤੋਂ ਬਾਅਦ ਪੰਜ ਸਾਲ ਤੱਕ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ, ਜਦੋਂਕਿ ਅਜਿਹਾ ਸਿਰਫ ਕੁਝ ਵੀ ਨਹੀਂ ਹੋਇਆ।
ਗਰਿੱਡ ਨੂੰ ਲੱਗੇ ਹਲੇ ਇੱਕ ਸਾਲ ਹੀ ਹੋਇਆ ਹੈ, ਪਰ ਲੋਕ ਕੱਟਾਂ ਨੂੰ ਲੈ ਕੇ ਚਿੰਤਤ ਹਨ। ਆਨੰਦ ਵਿਹਾਰ, ਸ਼ਾਮ ਨਗਰ, ਰਵਿੰਦਰ ਐਨਕਲੇਵ, ਏਕਤਾ ਵਿਹਾਰ, ਪ੍ਰੀਤ ਕਲੋਨੀ, ਸੈਣੀ ਵਿਹਾਰ ਫੇਜ਼ 3, ਗੋਲਡਨ ਐਨਕਲੇਵ, ਪਭਾਤ ਖੇਤਰ ਦੇ ਗੁਰਦੇਵ ਐਨਕਲੇਵ ਅਤੇ ਸ਼ਿਵਾਲਿਕ ਵਿਹਾਰ ਵਿੱਚ ਦੋ ਦਿਨ ਲੋਕ ਪ੍ਰੇਸ਼ਾਨ ਰਹੇ। ਏਕਤਾ ਵਿਹਾਰ ਵਾਸੀ ਅਮਨ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਟੰਟ ਪਿਆ ਸੀ ਅਤੇ ਜਦੋਂ ਇੰਨਵਰਟਰ ਲੰਬੇ ਸਮੇਂ ਤੱਕ ਚੱਲਦਾ ਰਹਿਣ ਕਾਰਨ ਬੰਦ ਹੋ ਗਿਆ ਤਾਂ ਉਸ ਦੇ ਪਿਤਾ ਨੂੰ ਘਬਰਾਹਟ ਹੋਣ ਲੱਗੀ। ਨਰਿੰਦਰ ਸਿੰਘ ਵਾਸੀ ਰਵਿੰਦਰਾ ਇਨਕਲੇਵ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਮੋਤੀਆਬਿੰਦ ਅਤੇ ਪਤਨੀ ਦਾ ਨੱਕ ਦਾ ਅਪਰੇਸ਼ਨ ਹੋਇਆ ਸੀ। ਇਸ ਸਮੇਂ ਪੈ ਰਹੀ ਤੇਜ਼ ਗਰਮੀ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਚੁੱਕੀ ਹੈ। (Mohali News)
ਬਿਜਲੀ ਨਾ ਆਉਣ ਕਾਰਨ ਪ੍ਰੇਸ਼ਾਨ ਲੋਕਾਂ ਨੇ ਪਾਵਰਕੌਮ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ
ਪ੍ਰੀਤ ਵਿਹਾਰ ਦੇ ਅਨਿਲ ਸ਼ਰਮਾ ਨੇ ਕਿਹਾ ਕਿ ਪਿਛਲੇ ਦਸ ਘੰਟਿਆਂ ਤੋਂ ਬਿਜਲੀ ਨਹੀਂ ਹੈ, ਨਾ ਹੀ ਸਾਡਾ ਕੌਂਸਲਰ ਅਤੇ ਨਾ ਹੀ ਕੋਈ ਬਿਜਲੀ ਕਰਮਚਾਰੀ ਸਾਡੀ ਗੱਲ ਸੁਣ ਰਿਹਾ ਹੈ। ਪ੍ਰੇਸ਼ਾਨ ਲੋਕਾਂ ਨੇ ਪਾਵਰਕੌਮ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਵਿਭਾਗ ਵੀ ਚਿੰਤਾ ਵਿੱਚ ਪੈ ਗਿਆ ਕਿਉਂਕਿ ਪਿਛਲੇ 2 ਦਿਨਾਂ ਵਿੱਚ ਲੋਕਾਂ ਵੱਲੋਂ ਚਾਰ ਹਜ਼ਾਰ ਦੇ ਕਰੀਬ ਸ਼ਿਕਾਇਤਾਂ ਕੀਤੀਆਂ ਗਈਆਂ ਸਨ।
ਲੋਕਾਂ ਨੇ ਦੋਸ਼ ਲਾਇਆ ਕਿ ਪਾਵਰਕੌਮ ਉਨ੍ਹਾਂ ਦੀਆਂ ਕਾਲਾਂ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਦਾ। ਬਲੌਂਗੀ ਵਿੱਚ ਪੈਂਦੀ ਆਜ਼ਾਦ ਨਗਰ ਕਲੋਨੀ ਦੇ ਵਸਨੀਕ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਾਣਕਾਰੀ ਦਿੰਦੇ ਹੋਏ ਪੰਚ ਲਾਲ ਬਹਾਦੁਰ ਯਾਦਵ ਨੇ ਦੱਸਿਆ ਕਿ ਹਰ ਰੋਜ਼ ਬਿਜਲੀ ਦੀਆਂ ਤਾਰਾਂ ਸੜ ਰਹੀਆਂ ਹਨ। ਲੋਕਾਂ ਨੂੰ ਦਿਨ-ਰਾਤ ਗਰਮੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਬੋਰਡ ਅਤੇ ਵਿਧਾਇਕ ਨੂੰ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇੰਨੀ ਭਿਆਨਕ ਗਰਮੀ ਵਿੱਚ ਪਾਣੀ ਅਤੇ ਬਿਜਲੀ ਤੋਂ ਬਿਨਾਂ ਰਹਿਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਨੇ ਇੱਥੇ ਨਵਾਂ ਟਰਾਂਸਫਾਰਮਰ ਲਗਾਉਣ ਦੀ ਮੰਗ ਕੀਤੀ ਹੈ।
ਬਿਜਲੀ ਦੀ ਮੰਗ ਵਧੀ (Mohali News)
ਬਿਜਲੀ ਦੀ ਮੰਗ ਵਧਣ ਕਾਰਨ ਟਰਾਂਸਫਾਰਮਰ ਦਾ ਫਿਊਜ਼ ਉੱਡ ਰਿਹਾ ਸੀ। ਬਲਟਾਣਾ ਗਰਿੱਡ ’ਤੇ ਕੋਈ ਓਵਰ ਲੋਡ ਨਹੀਂ ਹੈ ਅਤੇ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਸਾਡੀਆਂ ਟੀਮਾਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਤਿਆਰ ਹਨ ਕਿ ਲੋਕਾਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਸੁਰਿੰਦਰ ਸਿੰਘ ਬੈਂਸ ਐਕਸੀਅਨ ਪਾਵਰਕਾਮ ਵਿਭਾਗ ਜ਼ੀਰਕਪੁਰ
ਸ਼ਹਿਰ ਵਿੱਚ ਬਿਜਲੀ ਦਾ ਕੋਈ ਵੱਡਾ ਕੱਟ ਨਹੀਂ ਹੈ
ਸ਼ਹਿਰ ਵਿੱਚ ਬਿਜਲੀ ਦਾ ਕੋਈ ਵੱਡਾ ਕੱਟ ਨਹੀਂ ਹੈ ਪਰ ਅੱਤ ਦੀ ਗਰਮੀ ਕਾਰਨ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਤੇ ਦਿਨ ਮੁਹਾਲੀ ਸ਼ਹਿਰ ਵਿੱਚੋਂ ਬਿਜਲੀ ਸਪਲਾਈ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਬਲੌਂਗੀ ਤੋਂ ਗਰਮੀ ਕਾਰਨ ਤਾਰਾਂ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਕਰਮਚਾਰੀ ਭੇਜ ਕੇ ਇਸ ਨੂੰ ਠੀਕ ਕੀਤਾ ਗਿਆ। ਜਿੱਥੋਂ ਤੱਕ ਸਟਾਫ ਦਾ ਸਵਾਲ ਹੈ, ਉਥੇ ਸਟਾਫ ਦੀ ਕੋਈ ਕਮੀ ਨਹੀਂ ਹੈ। ਜੇਕਰ ਕਿਤੇ ਕੋਈ ਨੁਕਸ ਹੈ, ਤਾਂ ਉਸ ਨੂੰ ਸੁਧਾਰਨ ਲਈ ਸਮਾਂ ਤਾਂ ਲੱਗਦਾ ਹੀ ਹੈ। ਬਿਜਲੀ ਦੀ ਮੰਗ ਵਧੀ ਹੈ, ਸਾਨੂੰ ਇਸ ਬਾਰੇ ਅੰਦਾਜ਼ਾ ਸੀ, ਇਸੇ ਲਈ ਫੇਜ਼ 3, 4, 5 ਅਤੇ ਹੋਰ ਥਾਵਾਂ ‘ਤੇ ਵੱਡੇ ਟਰਾਂਸਫਾਰਮਰ ਲਗਾਏ ਗਏ ਹਨ।
ਤਰਨਜੀਤ ਸਿੰਘ, ਸੀਨੀਅਰ ਐਕਸੀਅਨ, ਪੀ.ਐਸ.ਪੀ.ਐਲ., ਮੋਹਾਲੀ