ਗਰੀਬੀ ਅਤੇ ਬਰਸਾਤ

ਗਰੀਬੀ ਅਤੇ ਬਰਸਾਤ

ਗੱਲ ਲਗਭਗ 27-28 ਵਰੇ੍ਹ ਪਹਿਲਾਂ, ਜਾਣੀ 1993, 94 ਦੀ ਹੈ, ਜਦੋਂ ਪਿੰਡਾਂ ਵਿੱਚ ਲੋਕਾਂ ਦੇ ਘਰ ਲਗਭਗ ਕੱਚੇ ਹੋਇਆ ਕਰਦੇ ਸਨ। ਪੱਕਾ ਘਰ ਕਿਸੇ-ਕਿਸੇ ਦਾ ਹੁੰਦਾ ਸੀ। ਜਿਆਦਾਤਰ ਲੋਕ ਗਰੀਬੀ ਨਾਲ ਜੂਝ ਰਹੇ ਸਨ ਹਰ ਇਕ ਮੌਸਮ ਉਨ੍ਹਾਂ ਲਈ ਜਿਵੇਂ ਕੋਈ ਮੁਸੀਬਤ ਬਣ ਕੇ ਖੜ੍ਹਾ ਹੋ ਜਾਂਦਾ ਸੀ। ਘਰਾਂ ਵਿਚ ਕੋਈ ਇੰਨੀਆ ਸੁੱਖ-ਸਹੂਲਤਾਂ ਨਹੀਂ ਸਨ ਹੁੰਦੀਆਂ। ਮਜ਼ਬੂਰੀਵੱਸ ਲੋਕ ਹਰ ਕੰਮ ਆਪਣੇ ਹੱਥੀਂ ਹੀ ਕਰਿਆ ਕਰਦੇ ਸਨ।

ਜਿਵੇਂ ਖੇਤੋਂ ਪੱਠੇ ਲੈ ਕੇ ਆਉਣੇ, ਲੱਕੜਾਂ ਲਿਆਉਣੀਆਂ, ਤੂੜੀ ਜਾਂ ਕਣਕ ਵਗੈਰਾ ਲੋਕ ਇੱਕ ਥਾਂ ਤੋਂ ਦੂਜੀ ਥਾਂ ’ਤੇ ਆਪਣੇ ਸਿਰਾਂ ’ਤੇ ਚੁੱਕ ਕੇ ਹੀ ਲਿਜਾਂਦੇ ਸਨ ਸਾਰਾ ਪਰਿਵਾਰ ਇੱਕੋ ਹੀ ਕਮਰੇ ਵਿੱਚ ਸੌਂਦਾ ਕਿਉਂਕਿ ਅਲੱਗ-ਅਲੱਗ ਕਮਰੇ ਬਣਾਉਣ ਦੀ ਹਰ ਕਿਸੇ ਦੀ ਹੈਸੀਅਤ ਨਹੀਂ ਸੀ ਹੁੰਦੀ। ਦੂਜਾ ਲੋਕਾਂ ਵਿਚ ਮੋਹ-ਪਿਆਰ ਹੀ ਐਨਾ ਹੁੰਦਾ ਸੀ ਕਿ ਇੱਕ-ਦੂਜੇ ਨਾਲ ਗੱਲਾਂ-ਬਾਤਾਂ ਕਰਨ ਲਈ ਅੱਧੀ-ਅੱਧੀ ਰਾਤ ਤੱਕ ਜਾਗਦੇ ਰਹਿੰਦੇ। ਕਿਉਂਕਿ ਰੇਡੀਓ ਤੋਂ ਬਿਨਾਂ ਹੋਰ ਕੋਈ ਮਨੋਰੰਜਨ ਦਾ ਸਾਧਨ ਵੀ ਨਹੀਂ ਸੀ ਹੁੰਦਾ। ਟੈਲੀਵਿਜ਼ਨ ਵਾਲਾ ਤਾਂ ਜਿਵੇਂ ਸਭ ਤੋਂ ਅਮੀਰ ਕਹਾਉੁਂਦਾ ਹੁੰਦਾ ਸੀ।

ਗੱਲ ਮੈਂ ਕਰਨ ਲੱਗਿਆਂ ਗਰੀਬੀ ਤੇ ਮੌਸਮ ਦੀ ਕਰੋਪੀ ਦੀ। ਪਿੰਡ ਵਿੱਚ ਇੱਕ ਵਿਅਕਤੀ ਜੋ ਕਿ ਜਿੰਮੀਦਾਰਾਂ ਨਾਲ ਸੀਰੀ ਰਲ਼ਿਆ ਹੋਇਆ ਸੀ ਅਤੇ ਗ਼ਰੀਬੀ ਦੀ ਦਲਦਲ ਹੇਠ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਬਤੀਤ ਕਰ ਰਿਹਾ ਸੀ। ਉਸ ਦੇ ਚਾਰ ਨਿਆਣੇ ਸਨ, ਜੋ ਅਜੇ ਉਮਰ ’ਚ ਬਹੁਤ ਛੋਟੇ ਸਨ। ਪਤਨੀ ਬੜੀ ਸਾਊ, ਜੋ ਹਰ ਦੁੱਖ-ਸੁੱਖ ਵਿਚ ਉਸ ਦਾ ਸਾਥ ਦਿੰਦੀ ਜਿਸ ਨੇ ਕਦੇ ਵੀ ਕੋਈ ਮੰਗ ਘਰ ਵਾਲੇ ਦੇ ਅੱਗੇ ਨਹੀਂ ਸੀ ਰੱਖੀ, ਜਿਹੋ-ਜਿਹਾ ਘਰ ਵਿੱਚ ਹੁੰਦਾ ਰੁੱਖਾ-ਸੁੱਖਾ ਖਾ ਕੇ ਬੱਚਿਆਂ ਨਾਲ ਗੁਜ਼ਾਰਾ ਕਰ ਲੈਂਦੀ। ਇੱਕ ਹੀ ਕਮਰਾ, ਉੱਪਰ ਛੱਤ ਕਾਨਿਆਂ ਦੀ ਪਾਈ ਹੋਈ ਸੀ ਇੱਕ ਦਿਨ ਦੇਰ ਰਾਤ ਜਿੰਮੀਂਦਾਰ ਦੇ ਖੇਤ ਵਿਚ ਕੰਮ ਕਰਕੇ ਥੱਕਿਆ-ਹਾਰਿਆ ਉਹ ਵਿਅਕਤੀ ਘਰ ਆਇਆ ਅਤੇ ਮੰਜੇ ’ਤੇ ਪੈਂਦਿਆਂ ਹੀ ਗੂੜ੍ਹੀ ਨੀਂਦ ਆ ਗਈ।

ਹਨੇ੍ਹਰੀ ਰਾਤ ਮੌਸਮ ਇਹੋ-ਜਿਹਾ ਕਰੋਪ ਹੋਇਆ ਕਿ ਅਚਾਨਕ ਜ਼ੋਰ ਦਾ ਮੀਂਹ ਪੈਣ ਲੱਗਾ। ਉਹ ਵਿਚਾਰਾ ਉੱਭੜਵਾਹੇ ਉੱਠਿਆ ਤੇ ਘਰਵਾਲੀ ਨਾਲ ਬੱਚਿਆਂ ਨੂੰ ਅੰਦਰ ਕੀਤਾ ਤੇ ਫੇਰ ਭੱਜ ਕੇ ਡੰਗਰ-ਪਸ਼ੂਆਂ ਨੂੰ ਸਰਕੜੇ ਦੇ ਬਣੇ ਛੱਪਰ ਹੇਠ ਬੰਨ੍ਹ ਦਿੱਤਾ। ਤੇ ਫੇਰ ਭਿੱਜਦੇ-ਭਿਜਾਉਂਦੇ ਨੇ ਚੁੱਲ੍ਹੇ ਉੱਪਰ ਬੱਠਲ ਮੂਧਾ ਮਾਰ ਦਿੱਤਾ ਤੇ ਛਟੀਆਂ ਦੀ ਥੱਬੀ ਚੁੱਕ ਕੇ ਕਮਰੇ ਦੇ ਅੰਦਰ ਲੈ ਗਿਆ।

ਕਮਰੇ ਦੇ ਅੰਦਰ ਇੱਕ ਲੱਕੜ ਦਾ ਸੰਦੂਕ ਤੇ ਮਸਾਂ ਹੀ ਤਿੰਨ ਕੁ ਮੰਜੇ ਡਾਹੁਣ ਦੀ ਥਾਂ ਸੀ। ਇੱਕ ਮੰਜੇ ’ਤੇ ਕੱਪੜੇ ਵਗੈਰਾ ਰੱਖੇ ਹੋਏ ਸਨ ਤੇ ਦੋ ਮੰਜਿਆਂ ’ਤੇ ਬੱਚੇ ਤੇ ਉਨ੍ਹਾਂ ਦੀ ਮਾਂ ਬੈਠ ਗਈ। ਤੇ ਮੰਜੇ ਦੇ ਇੱਕ ਪਾਵੇ ਨਾਲ਼ ਬੱਕਰੀ ਬੰਨ੍ਹ ਲਈ।
ਹੁਣ ਵਿਚਾਰਾ ਭੱਜ-ਭੱਜ ਕੇ ਬਾਹਰ ਪਿਆ ਸਾਮਾਨ ਅੰਦਰ ਕਰ ਰਿਹਾ ਸੀ ਜਿਸ ਨੂੰ ਇਹ ਵੀ ਸੁਧ ਨਹੀਂ ਸੀ ਕਿ ਉਹ ਮੀਂਹ ਵਿੱਚ ਭਿੱਜ ਰਿਹਾ ਪੂਰਾ ਕਮਰਾ ਇੱਕਦਮ ਸਾਮਾਨ ਨਾਲ ਭਰ ਗਿਆ ਹਵਾ ਇੰਨੀ ਤੇਜ਼ ਚੱਲ ਰਹੀ ਸੀ ਕਿ ਦੀਵਾ ਬਾਲਣਾ ਵੀ ਮੁਸ਼ਕਲ ਸੀ। ਬਿਜਲੀ ਦੇ ਲਿਸ਼ਕਣ ਨਾਲ ਜੋ ਵੀ ਸਾਮਾਨ ਜਾਂ ਭਾਂਡਾ ਬਾਹਰ ਪਿਆ ਦਿਸਦਾ ਵਿਚਾਰਾ ਮੀਂਹ ਪੈਂਦੇ ਵਿੱਚ ਭੱਜ ਕੇ ਚੁੱਕ ਲਿਆਉਂਦਾ।

ਸਾਹੋ-ਸਾਹ ਹੋਇਆ ਵਿਚਾਰਾ ਅਜੇ ਮੰਜੇ ਉੱਪਰ ਬੈਠਣ ਹੀ ਲੱਗਾ ਸੀ ਕਿ ਮੀਂਹ ਪੈਂਦੇ ਵਿੱਚ ਜੋਰ ਦੀ ਤੇਜ਼ ਹਨ੍ਹੇਰੀ ਆਈ ਤੇ ਡੰਗਰਾਂ ਲਈ ਬਣਾਇਆ ਹੋਇਆ ਛੱਪਰ ਉੱਡ ਗਿਆ। ਗਾਂ ਤੇ ਵੱਛੇ ਨੇ ਤੇਜ਼ ਮੀਂਹ ਵਿੱਚ ਅੜਿੰਗਣਾ ਸ਼ੁਰੂ ਕਰ ਦਿੱਤਾ ਦੂਰ ਹਨ੍ਹੇਰੀ ਰਾਤ ਵਿੱਚ ਕੁੱਝ ਦਿਸ ਤਾਂ ਰਿਹਾ ਨਹੀਂ ਸੀ ਗ਼ੌਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਬਿਜਲੀ ਦੇ ਲਿਸ਼ਕਣ ਨਾਲ, ਦੇਖਿਆ ਕਿ ਗਾਂ ਤੇ ਵੱਛਾ ਮੀਂਹ ਵਿੱਚ ਭਿੱਜ ਰਹੇ ਸਨ ਤੇ ਉੱਪਰ ਵਾਲਾ ਛੱਪਰ ਦੂਰ ਡਿੱਗਿਆ ਪਿਆ ਸੀ ਇੱਕ ਥੰਮ੍ਹੀ ਗਾਂ ਦੀਆਂ ਲੱਤਾਂ ਵਿੱਚ ਫਸੀ ਹੋਈ ਸੀ ਤੇ ਦੂਜੀਆਂ ਵੀ ਇੱਕ ਸਾਈਡ ਤੋਂ ਡਿੱਗੀਆਂ ਪਈਆਂ ਸਨ। ਭੱਜ ਕੇ ਫਿਰ ਉਹ ਵਿਚਾਰਾ ਛੱਪਰ ਨੂੰ ਠੀਕ ਕਰਨ ਲੱਗ ਗਿਆ।
ਪਤਨੀ ਨੂੰ ਨਹੀਂ ਸੀ ਪਤਾ, ਕਿ ਕੀ ਹੋਇਆ।

ਪਤਨੀ ਨੇ ਅੰਦਰ ਖੜ੍ਹੀ ਨੇ ਹੀ ਆਵਾਜ਼ ਮਾਰੀ, ‘‘ਕੀ ਹੋਇਆ?’’
ਅੱਗੋਂ ਉਸ ਨੇ ਜਵਾਬ ਦਿੱਤਾ, ‘‘ਕੁੱਝ ਨੀ ਪਸ਼ੂਆਂ ਵਾਲਾ ਛੱਪਰ ਡਿੱਗ ਗਿਆ’’
ਇਹ ਸੁਣ ਕੇ ਵਿਚਾਰੀ ਉਹ ਵੀ ਬੱਚਿਆਂ ਨੂੰ ਛੱਡ ਕੇ ਮੱਦਦ ਕਰਨ ਲਈ ਆ ਗਈ।
ਇਨ੍ਹਾਂ ਦੀ ਅਵਾਜ ਸੁਣ ਕੇ ਉਸ ਦਾ ਛੋਟਾ ਭਰਾ, ਜਿਹੜਾ ਨਾਲ ਦੇ ਘਰ ਵਿੱਚ ਰਹਿੰਦਾ ਸੀ ਪਰ ਵਿਚਾਲ ਦੀ ਕੰਧ ਕੋਈ ਨਹੀਂ ਸੀ, ਉਸ ਨੇ ਅਵਾਜ ਮਾਰੀ, ‘‘ਬਾਈ ਕੀ ਹੋਇਆ?’’

ਉਸ ਨੇ ਜਵਾਬ ਦਿੱਤਾ, ‘‘ਬਾਈ ਛੱਪਰ ਡਿੱਗ ਗਿਆ ਪਸ਼ੂਆਂ ਵਾਲਾ’’
ਇਹ ਸੁਣ ਕੇ ਉਹ ਵੀ ਭੱਜ ਕੇ ਆ ਗਿਆ ਵੱਡੇ ਭਰਾ ਦੀ ਮੱਦਦ ਕਰਨ।
ਦੋਵੇਂ ਭਰਾ ਤੇ ਉਸ ਦੀ ਪਤਨੀ ਛੱਪਰ ਠੀਕ ਕਰਨ ਲੱਗ ਪਏ ਤੇ ਨਾਲੇ ਗੱਲਾਂ ਕਰਨ ਲੱਗੇ
ਉਹ ਆਪਣੇ ਛੋਟੇ ਭਰਾ ਨੂੰ ਪੁੱਛਣ ਲੱਗਾ, ‘‘ਛੋਟੇ ਆਪਣੇ ਤਾਂ ਸਭ ਠੀਕ ਐ?’’

ਛੋਟਾ ਭਰਾ ਕਹਿੰਦਾ, ‘‘ਬਾਈ ਕਿੱਥੇ ਛੋਟੀ ਕੁੜੀ ਨੂੰ ਪਹਿਲਾਂ ਹੀ ਤਾਪ ਚੜ੍ਹਦਾ ਸੀ ਤੇ ਹੁਣ ਚੱਕਦੇ-ਚੱਕਦੇ ਹੀ ਭਿੱਜ ਗੀ ਤੇ ਕਾਂਬੇ ਦਾ ਤਾਪ ਚੜ੍ਹ ਗਿਆ। ਉਹਦੀ ਮਾਂ ਤਾਂ ਉਸ ਨੂੰ ਲਈ ਬੈਠੀ ਆ ਤੇ ਮੈਂ ਸੋਚਦਾ ਸੀ ਵਈ ਉਨ੍ਹਾਂ ਨੂੰ ਚਾਹ ਕਰਕੇ ਦੇ ਦਿੰਦਾ, ਏਨੇ ਸੋਡਾ ਪਤਾ ਲੱਗ ਗਿਆ’’
ਐਨਾ ਸੁਣ ਕੇ ਉਸਦੀ ਪਤਨੀ ਭੱਜ ਕੇ ਆਪਣੀ ਦਰਾਣੀ ਕੋਲ਼ ਗਈ ਤੇ ਦੇਖਿਆ ਬੱਚੀ ਦਾ ਪਿੰਡਾ ਤੰਦੂਰ ਵਾਗੂੰ ਤਪ ਰਿਹਾ ਸੀ। ਕਾਂਬੇ ਦੇ ਬੁਖਾਰ ਨਾਲ ਉਸ ਦੇ ਦੰਦ ਵੱਜ ਰਹੇ ਸਨ।

ਪਹਿਲਾਂ ਤਾਂ ਉਸ ਨੇ ਇੱਕ ਬਾਟੀ ਵਿਚ ਪਾਣੀ ਪਾਇਆ ਤੇ ਇੱਕ ਖੱਦਰ ਦੇ ਕੱਪੜੇ ਦੀ ਇੱਕ ਟਾਕੀ ਪਾੜੀ ਤੇ ਬੱਚੀ ਦੇ ਮੱਥੇ ’ਤੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹੌਲੀ-ਹੌਲੀ ਬੁਖਾਰ ਘੱਟ ਹੋ ਗਿਆ ਤੇ ਫੇਰ ਉਹ ਕਮਰੇ ਵਿਚ ਪਏ ਮਿੱਟੀ ਦੇ ਚੁੱਲ੍ਹੇ ’ਤੇ ਗਿੱਲੀਆਂ ਛਿਟੀਆਂ ਨਾਲ ਅੱਗ ਮਚਾਉਣ ਦੀ ਕੋਸ਼ਿਸ਼ ਕਰਨ ਲੱਗੀ ਹਵਾ ਤੇਜ਼ ਹੋਣ ਕਾਰਨ ਮਾਚਿਸ ਦੀਆਂ ਕਈ ਤੀਲੀਆਂ ਬੁਝ ਗਈਆਂ। ਆਖਰਕਾਰ ਉਸ ਨੇ ਟੈਰੀਕਾਟ ਦੇ ਕੱਪੜੇ ਨੂੰ ਅੱਗ ਲਾ ਕੇ ਅੱਗ ਮਚਾ ਲਈ।

ਉਹ ਉਸ ਨੂੰ ਚਾਹ ਬਣਾ ਕੇ ਦੇਣ ਲੱਗੀ ਤਾਂ ਦਰਾਣੀ ਨੇ ਕਿਹਾ, ‘‘ਭੈਣੇ ਦੋ ਬਾਟੀਆਂ ਹੋਰ ਪਾ’ਲੀਂ ਤੁਸੀਂ ਵੀ ਤਾਂ ਸਾਰੀ ਰਾਤ ਹੋ ਗਈ ਭਿੱਜਦਿਆਂ ਨੂੰ’’ ਉਸ ਦੀ ਪਤਨੀ ਨੇ ਚਾਹ ਬਣਾਈ ਤੇ ਉਸ ਨੂੰ ਪਾ ਕੇ ਦੇ ਦਿੱਤੀ। ਤੇ ਫੇਰ ਉਸ ਨੇ ਹੋਰਾਂ ਨੂੰ ਅਵਾਜ ਮਾਰੀ, ‘‘ਸੁਣਦੇ ਓ ਚਾਹ ਬਣ ਗਈ ਜੇ ਛੱਪਰ ਠੀਕ ਹੋ ਗਿਆ ਤਾਂ ਪੀ ਲਓ ਆ ਕੇ’’ ਅੱਗੋਂ ਵੱਡੇ ਨੇ ਜਵਾਬ ਦਿਤਾ, ‘‘ਬੱਸ ਦੋ ਰੱਸੇ ਰਹਿ ਗਏ ਬੰਨ੍ਹ ਕੇ ਆਉਣੇ ਆ’’ ਉਸ ਦੀ ਪਤਨੀ ਨੇ ਚਾਹ ਬਾਟੀਆਂ ਵਿੱਚ ਪਾਈ ਤੇ ਫੇਰ ਭੱਜ ਕੇ ਆਪਣੇ ਘਰ ਵੱਲ ਚਲੀ ਗਈ।

ਅੱਗੇ ਜਾ ਕੇ ਦੇਖਿਆ ਕਿ ਕਾਨਿਆਂ ਦੀ ਛੱਤ ਥਾਂ-ਥਾਂ ਤੋਂ ਚੋਈ ਜਾਂਦੀ ਸੀ ਇੱਕ ਪਾਸੇ ਬਾਂਸ ਦੀ ਸੋਟੀ ਦੇ ਦੋਵੇਂ ਪਾਸੇ ਰੱਸੇ ਬੰਨ੍ਹ ਕੇ ਰਜਾਈਆਂ ਗਦੇਲਿਆਂ ਨੂੰ ਸੰਭਾਲਣ ਲਈ ਬਣਾਈ ਬਲਿੰਗ ਦੇ ਉੱਪਰ ਵੀ ਛੱਤ ਚੋ ਰਹੀ ਸੀ। ਹਨ੍ਹੇਰੇ ਵਿੱਚ ਪਤਾ ਹੀ ਨਾ ਲੱਗੇ ਵੀ ਛੱਤ ਕਿੱਥੋਂ-ਕਿੱਥੋਂ ਚੋ ਰਹੀ ਹੈ ਬੱਸ ਪਾਣੀ ਦੀ ਬੂੰਦ ਡਿੱਗਣ ਦਾ ਖੜਕਾ ਹੋਵੇ। ਤੇਜ਼ ਹਵਾ ਕਾਰਨ ਦੀਵਾ ਵੀ ਨਾ ਬਲ਼ੇ।

ਵਿਚਾਰੀ ਨੇ ਦਰਵਾਜ਼ਾ ਬੰਦ ਕਰਕੇ ਤੇ ਜੰਗਲੇ ਵਿਚ ਮੋਟਾ ਕੱਪੜਾ ਫਸਾ ਦਿੱਤਾ ਤਾਂ ਜੋ ਹਵਾ ਅੰਦਰ ਨਾ ਆਵੇ। ਜਿਵੇਂ-ਕਿਵੇਂ ਕਰਕੇ ਉਹਨੇ ਕੱਚ ਦੀ ਬੋਤਲ ਵਿੱਚ ਮਿੱਟੀ ਦਾ ਤੇਲ ਵਿੱਚ ਲੀਰ ਦੀ ਬਣਾਈ ਹੋਈ ਬੱਤੀ ਪਾ ਕੇ ਬਣਾਇਆ ਹੋਇਆ ਦੀਵਾ ਬਾਲਿਆ ਤੇ ਦੇਖਿਆ ਥਾਂ-ਥਾਂ ਤੋਂ ਛੱਤ ਚੋ ਰਾਹੀ ਹੈ ਸਾਰੇ ਕੱਪੜੇ ਭਿੱਜ ਗਏ ਬਲਿੰਗ ਉੱਪਰ ਦੂਹਰੀ ਕਰਕੇ ਪੱਲੀ ਪਾ ਦਿੱਤੀ

ਜਿੱਥੇ ਹੋ ਸਕਿਆ ਵੱਡੇ-ਛੋਟੇ ਭਾਂਡੇ ਰੱਖ ਦਿੱਤੇ ਕਿ ਛੱਤ ਦਾ ਪਾਣੀ ਹੋਰ ਨੁਕਸਾਨ ਨਾ ਕਰੇ। ਸੰਦੂਕ ਦੇ ਉੱਪਰ ਛੱਤ ’ਤੇ ਚਿੜੀ ਦੇ ਆਲ੍ਹਣੇ ਕੋਲ਼ ਦੀ ਪਤਲੀ ਜਿਹੀ ਪਾਣੀ ਦੀ ਧਾਰ ਪੈਣ ਲੱਗੀ। ਉੱਥੇ ਭੱਜ ਕੇ ਉਸ ਨੇ ਬੱਠਲ ਰੱਖ ਦਿੱਤਾ। ਵੱਡੇ ਦੀ ਪਤਨੀ ਨੇ ਉਸ ਨੂੰ ਅਵਾਜ ਮਾਰੀ, ‘‘ਜੀ ਸੁਣਦੇ ਓ!’’ ਉਸ ਨੇ ਜਵਾਬ ਦਿੱਤਾ, ‘‘ਕੀ ਹੋਇਆ?’’ ਪਤਨੀ, ‘‘ਜੇ ਚਾਹ ਪੀ ਲਈ ਤਾਂ ਆਇਓ ਭੱਜ ਕੇ ਸਾਰੀ ਛੱਤ ਚੋਈ ਜਾਂਦੀ ਆ’’
ਉਸ ਨੇ ਚਾਹ ਵਾਲੀ ਬਾਟੀ ਰੱਖੀ, ਅਤੇ ਭੱਜ ਕੇ ਆ ਗਿਆ। ਆ ਕੇ ਦੇਖਿਆ ਕਿ ਸਾਰੀ ਛੱਤ ਦਾ ਬੁਰਾ ਹਾਲ ਹੋਇਆ ਪਿਆ ਸੀ।

ਬਾਹਰ ਨਿੱਕਲ ਕੇ ਪਰਨਾਲੇ ਵੱਲ ਨਿਗ੍ਹਾ ਮਾਰੀ, ਦੇਖਿਆ ਕਿ ਪਰਨਾਲੇ ਵਿਚ ਪਾਣੀ ਨਹੀਂ ਸੀ ਆ ਰਿਹਾ। ਤੇ ਉਹ ਝੱਟ ਸਮਝ ਗਿਆ ਕਿ ਪਰਨਾਲਾ ਬੰਦ ਹੋ ਗਿਆ। ਤੇ ਉਹ ਝੱਟ ਜੰਗਲੇ ਦੇ ਸਰੀਆਂ ਉੱਤੋਂ ਦੀ ਤੇ ਕੰਧ ਵਿਚ ਰੱਖੇ ਦਾਹੜੇ ’ਤੇ ਪੈਰ ਰੱਖ ਕੇ ਛੱਤ ’ਤੇ ਜਾ ਚੜਿ੍ਹਆ। ਅੱਗੇ ਜਾ ਕੇ ਦੇਖਿਆ ਕਿ ਪੱਥਰ ਦੀ ਪਾਈਪ ਦੇ ਬਣੇ ਪਰਨਾਲੇ ਵਿਚ ਘਾਹ-ਫੂਸ ਫਸਿਆ ਹੋਇਆ ਹੈ ਤੇ ਸਾਰੀ ਛੱਤ ਪਾਣੀ ਨਾਲ ਭਰੀ ਪਈ ਸੀ। ਜਦ ਉਹ ਪਰਨਾਲਾ ਖੋਲ੍ਹ ਕੇ ਵਾਪਸ ਮੁੜਨ ਲੱਗਾ ਤਾਂ ਚਿੜੀ ਦੇ ਆਲ੍ਹਣੇ ਕੋਲ ਪੋਲੀ ਹੋਈ ਮਿੱਟੀ ਵਿੱਚ ਪੈਰ ਟਿਕ ਗਿਆ ਤੇ ਛੱਤ ਵਿੱਚ ਮੋਘਾ ਪੈ ਗਿਆ। ਛੱਤ ਦਾ ਸਾਰਾ ਪਾਣੀ ਸੰਦੂਕ ਉੱਪਰ ਜਾ ਡਿੱਗਿਆ। ਜਿਸ ਵਿਚ ਸਾਲਾਂ ਤੋਂ ਇਕੱਠੇ ਹੋਏ ਕੱਪੜੇ ਖੇਸ-ਖੇਸੀਆਂ ਸਾਰੇ ਮੀਂਹ ਦੇ ਪਾਣੀ ਨਾਲ ਖਰਾਬ ਹੋ ਗਏ। ਇਹ ਦੇਖ ਪਤਨੀ ਭੁੱਬਾਂ ਮਾਰਨ ਲੱਗੀ। ਤੇ ਸਾਰੀ ਰਾਤ ਗਰੀਬੀ ਬਰਸਾਤ ਨਾਲ ਲੜਦੀ ਰਹੀ।

ਹਰਦੇਵ ਮੰਦਰਾਂ (ਉੱਤਰ ਰੇਲਵੇ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ