ਸੱਚ ਕਹੂੰ ਨਿਊਜ਼, ਬਠਿੰਡਾ
ਝੋਨੇ ਦੀ ਨਮੀ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰ ਰੱਖਿਆ ਹੈ ਇਕੱਲੇ-ਇਕਹਿਰੇ ਕਿਸਾਨ ਨਾ ਤਾਂ ਲੂੰਾ ਸਮਾਂ ਅਨਾਜ ਮੰਡੀਆਂ ‘ਚ ਝੋਨੇ ਦੀ ਰਾਖੀ ਬੈਠ ਸਕਦੇ ਹਨ ਅਤੇ ਨਾ ਹੀ ਕਣਕ ਲਈ ਜ਼ਮੀਨ ਤਿਆਰ ਕਰ ਸਕਦੇ ਹਨ ਮਜਬੂਰੀ ‘ਚ ਅੱਕੇ ਕਿਸਾਨਾਂ ਨੇ ਅੱਜ ਭਾਕਿਯੂ ਸਿੱਧੂਪੁਰ ਦੀ ਅਗਵਾਈ ‘ਚ ਡੀਸੀ ਦਫ਼ਤਰ ਬਠਿੰਡਾ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਯੂਨੀਅਨ ਆਗੂ ਬਲਦੇਵ ਸਿੰਘ ਸੰਦੋਹਾ ਬਠਿੰਡਾ, ਸੁਖਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ, ਮੇਜਰ ਸਿੰਘ ਫਰੀਦਕੋਟ ਤੇ ਊਗਰ ਸਿੰਘ ਮਰਨ ਵਰਤ ‘ਤੇ ਬੈਠੇ ਹਨ
ਇਸ ਮੌਕੇ ਰੇਸ਼ਮ ਸਿੰਘ ਯਾਤਰੀ ਤੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਣਕ ਦੀ ਬਿਜਾਈ ਪਛੜ ਰਹੀ ਹੈ ਤੇ ਮੰਡੀਆਂ ‘ਚ ਝੋਨਾ ਰੁਲ ਰਿਹਾ ਹੈ ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਤੇ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਹੀ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਵੱਧ ਨਮੀ ਦਾ ਬਹਾਨਾ ਲਾ ਕੇ ਝੋਨਾ ਖ਼ਰੀਦਿਆ ਨਹੀਂ ਜਾ ਰਿਹਾ ਤੇ ਆੜ੍ਹਤੀਏ ਨਮੀ ਦਾ ਬਹਾਨਾ ਲਾ ਕੇ ਕਾਟ ਕੱਟ ਰਹੇ ਹਨ ਉਨ੍ਹਾਂ ਆਖਿਆ ਕਿ ਜੇਕਰ ਵੇਲੇ ਸਿਰ ਝੋਨਾ ਲੱਗਣ ਦਿੱਤਾ ਜਾਂਦਾ ਤਾਂ ਅੱਜ ਵਰਗੇ ਹਾਲਾਤ ਪੈਦਾ ਨਹੀਂ ਹੋਣੇ ਸਨ
ਤੇ ਨਾ ਹੀ ਕਿਸਾਨਾਂ ਨੂੰ ਮਰਨ ਵਰਤ ‘ਤੇ ਬੈਠਣਾ ਪੈਂਦਾ ਕਿਸਾਨ ਆਗੂਆਂ ਨੇ ਕਿਹਾ ਕਿ ਝੋਨਾ ਗਿੱਲਾ ਹੋਣ ਤੋਂ ਬਿਨਾਂ ਸਰਕਾਰ ਕੋਲ ਕੋਈ ਬਹਾਨਾ ਨਹੀਂ ਹੈ ਪਰ ਚੋਰ ਮੋਰੀ ਰਾਹੀਂ ਸ਼ੈਲਰ ਮਾਲਕਾਂ ਨੂੰ ਘੱਟ ਭਾਅ ‘ਤੇ ਵੇਚਣ ਲਈ ਮਜਬੂਰ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਾਨੀ ਦਿੱਤੀ ਕਿ ਜੇਕਰ ਕਿਸਾਨਾਂ ਦਾ ਝੋਨਾ ਮੰਡੀਆਂ ‘ਚੋਂ ਜਲਦੀ ਨਾ ਚੁੱਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਜਾਨੀ ਮਾਲੀ ਨੁਕਸਾਨ ਦਾ ਜਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਭੋਲਾ ਸਿੰਘ ਕੋਟੜਾ, ਅਰਜਨ ਸਿੰਘ ਫੂਲ, ਕਰਨੈਲ ਸਿੰਘ, ਸਮੁੰਦਰ ਸਿੰਘ ਲੱਖਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ
ਖ੍ਰੀਦ ਇੰਸਪੈਕਟਰਾਂ ਨੇ ਵੀ ਕੀਤੀ ਹੜਤਾਲ
ਅਨਾਜ ਮੰਡੀਆਂ ‘ਚ ਕਿਸਾਨਾਂ ਦੇ ਵਿਰੋਧ ਨੂੰ ਨਾ ਸਹਾਰਦਿਆਂ ਵੱਖ-ਵੱਖ ਖ੍ਰੀਦ ਏਜੰਸੀਆਂ ਦੇ ਖ੍ਰੀਦ ਇੰਸਪੈਕਟਰਾਂ ਨੇ ਵੀ ਹੜਤਾਲ ਕਰ ਦਿੱਤੀ ਹੈ ਇਨ੍ਹਾਂ ਇੰਸਪੈਕਟਰਾਂ ਦਾ ਤਰਕ ਹੈ ਕਿ ਕਿਸਾਨ ਉਨ੍ਹਾਂ ਨੂੰ ਵੱਧ ਨਮੀ ਵਾਲਾ ਝੋਨਾ ਖ੍ਰੀਦਣ ਲਈ ਮਜ਼ਬੂਰ ਕਰਦੇ ਹਨ ਪਰ ਉਹ ਸਰਕਾਰੀ ਹੁਕਮਾਂ ਦੇ ਬੱਝੇ ਹੋਣ ਕਾਰਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਖ੍ਰੀਦ ਸਕਦੇ ਉਨ੍ਹਾਂ ਆਖਿਆ ਕਿ ਕਈ ਥਾਈਂ ਤਾਂ ਅਧਿਕਾਰੀਆਂ ਦਾ ਘਿਰਾਓ ਵੀ ਕਿਸਾਨਾਂ ਵੱਲੋਂ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਲਈ ਖਤਰਾ ਖੜ੍ਹਾ ਹੋ ਜਾਂਦਾ ਹੈ ਇਸ ਲਈ ਉਹ ਬਿਨਾਂ ਸੁਰੱਖਿਆ ਅਤੇ ਨਮੀ ਦੇ ਮਸਲੇ ਦੇ ਮੁਕੰਮਲ ਹੱਲ ਤੋਂ ਪਹਿਲਾਂ ਮੰਡੀਆਂ ‘ਚ ਖ੍ਰੀਦ ਲਈ ਨਹੀਂ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।