ਸਫਾਈ ਜਲਦ ਹੋਵੇਗੀ, ਪਰ ਵਿਭਾਗ ਤੋਂ ਟੈਂਡਰਾਂ ਦੇ ਰੇਟਾਂ ਦੀ ਮਨਜ਼ੁੂਰੀ ਦੀ ਉਡੀਕ : ਡਰੇਨਜ਼ ਐਕਸੀਅਨ | Abulkhurana Drain
ਅਬੋਹਰ (ਮੇਵਾ ਸਿੰਘ)। Abulkhurana Drain : ਅਬੋਹਰ ਇਲਾਕੇ ਦੇ ਨੇੜਦੀ ਲੰਘਦੇ ਸੇਮ ਨਾਲਿਆਂ ਦੀ ਸਫਾਈ ਦਾ ਅੱਜ-ਕੱਲ੍ਹ ਬਹੁਤ ਹੀ ਬੁਰਾ ਹਾਲ ਹੈ। ਇਹ ਸੇਮ ਨਾਲੇ ਅੱਜ-ਕੱਲ੍ਹ ਝਾੜੀਆਂ ਤੇ ਘਾਹ ਫੂਸ ਆਦਿ ਨਾਲ ਭਰੇ ਪਏ ਹਨ। ਉਧਰ ਬਰਸਾਤ ਦਾ ਸਮਾਂ ਵੀ ਸ਼ੁਰੂ ਹੋਣ ਵਾਲਾ ਹੈ, ਜਦੋਂ ਬਰਸਾਤ ਆਉਂਦੀ ਹੈ ਤਾਂ ਇਹ ਸੇਮਨਾਲੇ ਓਵਰਫਲੋ ਹੋਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ। ਇਲਾਕੇ ਦੇ ਕਿਸਾਨਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੇਮਨਾਲਿਆਂ ਦੀ ਸਫਾਈ ਕਰਵਾਈ ਜਾਵੇ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਉਨ੍ਹਾਂ ਦਾ ਫਸਲੀ ਨੁਕਸਾਨ ਨਾ ਹੋਵੇ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਭੀਟੀਵਾਲਾ, ਕੰਦੂਖੇੜਾ ਦੀ ਲੋਹਗੜ੍ਹ ਹੈੱਡ ਤੋਂ ਨਿਕਲਦੀ ਅਬੁੱਲਖੁਰਾਣਾ ਡਰੇਨ ਜੋ ਪਿੰਡ ਖੁੱਬਣ, ਮੋਡੀਖੇੜਾ, ਮੇਹਰਾਣਾ, ਬਹਾਦਰਖੇੜਾ, ਸਰਦਾਰਪੁਰਾ, ਢਾਬਾ ਕੋਕਰੀਆਂ, ਦਾਤਾਰਾਂ ਵਾਲੀ, ਰਾਏਪੁਰਾ, ਰਾਜਾਂਵਾਲੀ, ਕਾਲਾ ਟਿੱਬਾ, ਰਾਮਸਰਾ, ਕਿੱਕਰਖੇੜਾ, ਆਲਮਗੜ੍ਹ, ਸੈਦਾਂਵਾਲੀ, ਖੂਈਆਂ ਸਰਵਰ, ਪੰਜਕੋਸੀ, ਹਰੀਪੁਰਾ ਅਤੇ ਦਾਨੇਵਾਲਾ ਹੁੰਦੇ ਹੋਏ ਵੱਡੀ ਨਹਿਰ ਦੇ ਥੱਲੇ ਦੀ ਨਿਕਲਕੇ ਫਾਜ਼ਿਲਕਾ ਦੇ ਪਿੰਡ ਪੀਰਵਾਲਾ, ਬਾਂਡੀਵਾਲਾ ਅਤੇ ਕੇਰਿਆਂ ਦੇ ਰਸਤੇ ਸਤਲੁਜ ਦਰਿਆ ਤੱਕ ਜਾਣ ਵਾਲੀ ਉਕਤ ਡਰੇਨ ਇਨ੍ਹਾਂ ਪਿੰਡਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਂਦੀ ਹੈ। ਪਰ ਮੌਜ਼ੂਦਾ ਸਮੇਂ ਇਹ ਜੰਗਲੀ ਝਾੜੀਆਂ ਅਤੇ ਕਾਈ ਵਗੈਰਾ ਨਾਲ ਭਰੀ ਪਈ ਹੈ।
ਸੇਮ ਨਾਲਾ ਬਰਸਾਤਾਂ ਦੇ ਦਿਨਾਂ ‘ਚ ਹੁੰਦੈ ਓਵਰਫਲੋ
ਇਸ ਬਾਰੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਕਿ ਜੇਕਰ ਇਸ ਸੇਮਨਾਲੇ ਦੀ ਸਮੇਂ ਸਿਰ ਸਫਾਈ ਨਾ ਹੋਈ ਤਾਂ ਇਹ ਸੇਮਨਾਲਾ ਬਰਸਾਤ ਦੇ ਦਿਨਾਂ ਵਿਚ ਓਵਰਫਲੋ ਹੋਕੇ ਸਰਦਾਰਪੁਰਾ, ਦਤਾਰਾਂਵਾਲੀ,ਭਾਗੂ, ਰਾਮਸਰਾ, ਕਿੱਕਰਖੇੜਾ ਅਤੇ ਆਲਮਗੜ੍ਹ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਵੇਗਾ।
ਜਦੋਂ ਇਸ ਬਾਰੇ ਡਰੇਨਜ਼ ਵਿਭਾਗ ਦੇ ਐਕਸੀਅਨ ਵਿਸ਼ਾਲ ਕੁਮਾਰ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਸੇਮ ਨਾਲੇ ਦੀ ਸਫਾਈ ਦੇ ਟੈਂਡਰ ਹੋ ਚੁੱਕੇ ਹਨ ਤੇ ਉਹ ਹੁਣ ਵਿਭਾਗ ਤੋਂ ਟੈਂਡਰ ਦੇ ਰੇਟਾਂ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ। ਐਕਸੀਅਨ ਨੇ ਕਿਹਾ ਕਿ ਰੇਟਾਂ ਦੀ ਮਨਜ਼ੂਰੀ ਮਿਲਣ ਦੇ ਨਾਲੋਂ ਨਾਲ ਸੇਮਨਾਲੇ ਦੀ ਸਫਾਈ ਦਾ ਕੰਮ ਸ਼ਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਵਿਸ਼ੇਸ ਤੌਰ ’ਤੇ ਦੱਸਿਆ ਕਿ ਉਨ੍ਹਾਂ ਦੇ ਕੋਲ 71 ਬੁਰਜੀ ਤੋਂ ਲੈਕੇ 105 ਬੁਰਜੀ ਤੱਕ ਖੇਤਰ ਆਉਂਦਾ ਹੈ, ਜਿਸ ਦੀ ਸਫਾਈ ਜਲਦ ਸ਼ੁਰੂ ਹੋ ਜਾਵੇਗੀ।
Also Read : ਸਾਬਕਾ ਵਿਧਾਇਕ ਸਤਿਕਾਰ ਕੌਰ ’ਤੇ ਕਿਹਡ਼ੇ ਮਾਮਲੇ ’ਚ ਹੋਏ ਦੋਸ਼ ਤੈਅ, ਜਾਣੋ