ਪ੍ਰਦੂਸ਼ਣ ਹੁਣ ਮੁੱਦਾ ਹੀ ਨ੍ਹੀਂ ਰਿਹਾ

Pollution, Issue

ਪ੍ਰਦੂਸ਼ਣ ਹੁਣ ਮੁੱਦਾ ਹੀ ਨ੍ਹੀਂ ਰਿਹਾ

ਇਹ ਲਿਖਣਾ ਗਲਤ ਨਹੀਂ ਹੋਵੇਗਾ ਕਿ ਸਾਡੇ ਦੇਸ਼ ਅੰਦਰ ਸਰਕਾਰਾਂ ਤੇ ਆਮ ਜਨਤਾ ਲਈ ਪ੍ਰਦੂਸ਼ਣ ਕੋਈ ਮੁੱਦਾ ਨਹੀਂ ਹੈ ਸਰਕਾਰ ਤੇ ਜਨਤਾ ਸਭ ਕੁਝ ਸੁਣ ਕੇ ਚੁੱਪ ਵੱਟੀ ਬੈਠੇ ਹਨ ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਨੇ ਪਿਛਲੇ ਦਿਨੀਂ ਇੱਕ ਕਾਨਫਰੰਸ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਦੇਸ਼ ਅੰਦਰ ਸੀਵਰੇਜ਼ ‘ਚ ਪੈਣ ਵਾਲਾ ਘਰਾਂ ਦਾ ਗੰਦਾ ਪਾਣੀ 50 ਫੀਸਦੀ ਬਿਨਾਂ ਸੋਧੇ ਹੀ ਦਰਿਆਵਾਂ ‘ਚ ਪਾਇਆ ਜਾ ਰਿਹਾ ਹੈ ਐਨਜੀਟੀ ਅਧਿਕਾਰੀਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਸ ਦੁਰਦਸ਼ਾ ਲਈ ਜਿੰਮੇਵਾਰ ਠਹਿਰਾਇਆ ਹੈ ਗੰਗਾ ਸਮੇਤ ਦੇਸ਼ ਦੇ ਦਰਿਆਵਾਂ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਰਿਹਾ ਭਾਰੀ ਖਰਚੀਲੇ ਪ੍ਰਾਜੈਕਟਾਂ ਦੇ ਬਾਵਜੂਦ ਦਰਿਆਵਾਂ ‘ਚ ਗੰਦਗੀ ਜਿਉਂ ਦੀ ਤਿਉਂ ਹੈ ।

ਸਤਲੁਜ ਦਰਿਆ ਨੂੰ ਤਾਂ ਕਈ ਬੁੱਧੀਜੀਵੀ ਸੀਵਰੇਜ਼ ਦਾ ਨਾਂਅ ਦੇ ਰਹੇ ਹਨ ਉਹਨਾਂ ਦੀ ਦਲੀਲ ਹੈ ਕਿ ਵਰਖਾ ਰੁੱਤ ਨੂੰ ਛੱਡ ਕੇ ਸਤਲੁਜ ਦਾ ਪਾਣੀ ਰੋਪੜ ਨੇੜੇ ਹੀ ਖਤਮ ਹੋ ਜਾਂਦਾ ਹੈ ਫਿਰ ਹਰੀਕੇ ਤੱਕ ਪਹੁੰਚਣ ਵਾਲਾ ਪਾਣੀ ਕਿੱਥੋਂ ਆਉਂਦਾ ਹੈ ਅਸਲ ‘ਚ ਇਹ ਲੁਧਿਆਣਾ ਦੇ ਸੀਵਰੇਜ਼ਾਂ ਦਾ ਪਾਣੀ ਹੈ ਜੋ ਸਤਲੁਜ ਨੂੰ ਪ੍ਰਦੂਸ਼ਿਤ ਕਰਦਾ ਹੈ ਪਾਣੀ ਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਵੀ ਚਰਚਾ ‘ਚ ਰਹਿ ਚੁੱਕੀਆਂ ਹਨ ਪਰ ਕਾਰਵਾਈ ਕਿੰਨੀ ਕੁ ਹੁੰਦੀ ਹੈ ਇਹ ਸਭ ਜਾਣਦੇ ਹਨ ਕਦੇ ਰਾਜਸਥਾਨ ਦੇ ਲੋਕ ਹਰੀਕੇ ਪੱਤਣ ਪਹੁੰਚਣ ਵਾਲੇ ਗੰਦੇ ਪਾਣੀ ਦੇ ਖਿਲਾਫ਼ ਅੰਦੋਲਨ ਕਰਦੇ ਸਨ ਪਰ ਹੌਲੀ-ਹੌਲੀ ਉਹ ਲੋਕ ਵੀ ਚੁੱਪ ਹੋ ਰਹੇ ਹਨ ।

ਲੋਕ ਜਾਗਰੂਕ ਹੋਣ ਦੇ ਬਾਵਜ਼ੂਦ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਵਿਕਾਸਸ਼ੀਲ ਮੁਲਕ ਹੋਣ ਕਾਰਨ ਨਵੀਂ ਪੀੜ੍ਹੀ ਸਿਰਫ਼ ਰੁਜ਼ਗਾਰ ਨੂੰ ਹੀ ਆਪਣਾ ਮੁੱਖ ਮਕਸਦ ਮੰਨ ਕੇ ਚੱਲ ਰਹੀ ਹੈ ਵਾਤਾਵਰਨ ਬਾਰੇ ਸਾਡੇ ਕੋਲ ਯੂਰਪੀ ਮੁਲਕਾਂ ਵਰਗੀ ਜਾਗਰੂਕਤਾ, ਜਜ਼ਬਾ ਤੇ ਲਹਿਰ ਨਹੀਂ ਹੈ । ਸਾਡੇ ਕੋਲ ਸਵੀਡਨ ਦੀ ਗਰੇਟਾ ਥੁਨਬਰਗ ਵਰਗੀ ਹਿੰਮਤਵਾਨ ਮੁਟਿਆਰ ਨਹੀਂ ਜੋ ਆਪਣੇ ਮੁਲਕ ਦੇ ਹਾਕਮਾਂ ਨੂੰ ਹਿੰਦੁਸਤਾਨੀ ਫਿਜ਼ਾ ਪਲੀਤ ਹੋਣ ਦਾ ਮਿਹਣਾ ਮਾਰ ਸਕੇ ਲੋਕ ਜ਼ਹਿਰ ਵਰਗਾ ਪਾਣੀ ਪੀ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਦਰਿਆ ਗੰਦੇ ਨਾਲੇ ਬਣਦੇ ਜਾ ਰਹੇ ਹਨ ਦਰਆਿਵਾਂ ਦੇ ਵਾਰਸਾਂ ਲਈ ਰੈਲੀਆਂ, ਜਨਤਕ ਸਭਾਵਾਂ, ਚੋਣਾਂ ਅਹੁਦੇਦਾਰੀਆਂ ਹੀ ਜ਼ਿੰਦਗੀ ਬਣ ਗਈ ਹੈ ਜਿਸ ਤਰ੍ਹਾਂ ਦੀ ਸਖ਼ਤੀ ਪਰਾਲੀ ਸਾੜਨ ਲਈ ਕਿਸਾਨਾਂ ‘ਤੇ ਹੋ ਰਹੀ ਹੈ। ਅਜਿਹੀ ਸਖ਼ਤੀ ਗੰਦਾ ਪਾਣੀ ਦਰਿਆਵਾਂ ‘ਚ ਪੈਣ ਤੋਂ ਨਾ ਰੋਕਣ ਵਾਲੇ ਅਧਿਕਾਰੀਆਂ ਖਿਲਾਫ਼ ਹੋਵੇਗੀ ਇਸ ਦਾ ਕੋਈ ਯਕੀਨ ਨਹੀਂ ਅਜਿਹੀ ਕਾਰਵਾਈ ਦੀ ਅਜੇ ਕੋਈ ਮੰਗ ਵੀ ਨਹੀਂ ਨਜ਼ਰ ਆਉਂਦੀ ਦਰਿਆ ਤਰੱਕੀ ਦਾ ਸਭ ਤੋਂ ਵੱਡਾ ਵਸੀਲਾ ਹੀ ਨਹੀਂ ਸਗੋਂ ਜ਼ਿੰਦਗੀ ਦਾ ਆਧਾਰ ਵੀ ਹਨ ਸਰਕਾਰਾਂ ਦੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਜਨਤਾ ਨੂੰ ਵੀ ਆਪਣੇ ਹਿੱਸੇ ਦਾ ਵਾਤਾਵਰਨ ਬਚਾਉਣ ਲਈ ਹੰਭਲਾ ਮਾਰਨ ਦੀ ਸਖ਼ਤ ਲੋੜ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here