ਚੋਣ ਉਮੀਦਵਾਰਾਂ ਦੀ ਕਿਸਮਤ ਤਿੰਨ ਦਿਨ ਬੰਦ ਰਹੇਗੀ ਈਵੀਐਮ ਮਸ਼ੀਨਾਂ ’ਚ
ਨਾਭਾ, (ਤਰੁਣ ਕੁਮਾਰ ਸ਼ਰਮਾ)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੀ ਜਾਰੀ ਕੀਤੇ ਗਏ ਨੋਟਿਫਿਕੇਸ਼ਨ ’ਤੇ ਸਵਾਲੀਆਂ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਕੌਂਸਲ ਚੋਣਾਂ ਅਤੇ ਨਤੀਜਿਆਂ ਵਿਚਾਲੇ ਪੈ ਰਹੇ ਇਸ ਵੱਡੇ ਫਰਕ ਨੂੰ ਸਿਆਸੀ ਪਾਰਟੀਆਂ ਹਜਮ ਨਹੀਂ ਕਰ ਪਾ ਰਹੀਆਂ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨੋਟਿਫਿਕੇਸ਼ਨ ਅਨੁਸਾਰ ਸੂਬੇ ਵਿੱਚ ਨਿਗਮ ਅਤੇ ਕੌਂਸਲ ਚੋਣਾਂ 14 ਫਰਵਰੀ ਨੂੰ ਹੋਣਗੀਆਂ ਅਤੇ ਇਨ੍ਹਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ। ਜਿਕਰਯੋਗ ਹੈ ਕਿ ਪੰਜਾਬ ਵਿੱਚ ਅਕਸਰ ਪਹਿਲਾਂ ਨਿਗਮ, ਕੌਂਸਲ, ਪੰਚੀ, ਸਰਪੰਚੀ, ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਤੱਕ ਦੀਆਂ ਚੋਣਾਂ ਦੇ ਨਤੀਜੇ ਚੋਣਾਂ ਖਤਮ ਹੋਣ ਸਾਰ ਹੀ ਘੰਟਿਆਂ ਦੇ ਫਰਕ ਨਾਲ ਉਸੇ ਦਿਨ ਜਾਰੀ ਹੋ ਜਾਂਦੇ ਰਹੇ ਹਨ ਪਰੰਤੂ ਅਜਿਹਾ ਪਹਿਲੀ ਵਾਰ ਦੇਖਣ ਨੂੰ ਆਵੇਗਾ ਕਿ ਚੋਣ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਹੋਣ ਤੋਂ ਬਾਦ ਲਗਪੱਗ 3 ਦਿਨ ਈਵੀਐਮ ਵੋਟਿੰਗ ਮਸ਼ੀਨਾਂ ਵਿੱਚ ਹੀ ਕੈਦ ਰਹੇਗੀ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਅਜਿਹਾ ਫੈਸਲਾ ਹਰਿਆਣਾ ਦੀਆਂ ਕੌਂਸਲ ਚੋਣਾਂ ਦੇ ਤਜਰਬੇ ਤੋਂ ਪ੍ਰਭਾਵਿਤ ਹੋ ਕੇ ਕੀਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਕੌਂਸਲ ਚੋਣਾਂ ਦੇ ਨਤੀਜੇ ਵੀ ਲਗਪੱਗ ਦੋ ਦਿਨ ਬਾਦ ਐਲਾਨੇ ਗਏ ਸਨ। ਜਾਣਕਾਰੀ ਅਨੁਸਾਰ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੋਣਾਂ ਅਤੇ ਨਤੀਜਿਆਂ ਵਿਚਲੇ ਫਰਕ ਸੰਬੰਧੀ ਆਪਣੀਆਂ ਸੰਕਾਵਾਂ ਨੂੰ ਹਾਈਕਮਾਂਡ ਤੱਕ ਪਹੁੰਚਾ ਦਿੱਤਾ ਗਿਆ ਹੈ।
ਹਲਕਾ ਨਾਭਾ ਲਈ ਭਾਜਪਾ ਦੇ ਲਗਾਏ ਚੋਣ ਆਬਜਰਵਰ ਭੁਪੇਸ਼ ਅਗਰਵਾਲ ਨੇ ਨਾਭਾ ਵਿਖੇ ਭਾਜਪਾ ਆਗੂਆਂ ਨਾਲ ਮੀਟਿੰਗ ਤੋਂ ਬਾਦ ਕਿਹਾ ਕਿ ਕੌਂਸਲ ਚੋਣਾਂ ਅਤੇ ਨਤੀਜਿਆਂ ਵਿਚਲੇ ਤਿੰਨ ਦਿਨਾਂ ਦੇ ਸਮੇਂ ਦੇ ਫਰਕ ਲਈ ਅਸੀਂ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਹੋਈ ਮੀਟਿੰਗ ਵਿੱਚ ਵੀ ਮੁੱਦਾ ਚੁੱਕਿਆ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਅਤੇ ਸਾਡੀ ਪਾਰਟੀ ਵੱਲੋਂ ਸੂਬਾ ਪੱਧਰ ’ਤੇ ਵੀ ਅਪੀਲ ਕੀਤੀ ਜਾਵੇਗੀ ਕਿ ਚੋਣਾਂ ਅਤੇ ਨਤੀਜਿਆਂ ਵਿਚਲੇ 03 ਦਿਨਾਂ ਦੇ ਫਰਕ ਨੂੰ ਘੱਟ ਕੀਤਾ ਜਾਵੇ। ਹਰ ਵਾਰਡ ’ਚ 2000 ਦੇ ਕਰੀਬ ਵੋਟਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਸੇ ਦਿਨ ਵੀ ਗਿਣਿਆ ਜਾ ਸਕਦਾ ਹੈ। ਇਸ ਲਈ ਨਤੀਜੇ ਉਸੇ ਦਿਨ ਜਾਂ ਚੋਣਾਂ ਤੋਂ ਦੂਜੇ ਦਿਨ ’ਤੇ ਰੱਖਿਆ ਜਾ ਸਕਦਾ ਹੈ।
ਉਪਰੋਕਤ ਸਥਿਤੀ ਸਬੰਧੀ ਕਾਂਗਰਸ ਵੱਲੋਂ ਹਲਕਾ ਨਾਭਾ ਵਿਖੇ ਲਗਾਏ ਆਬਜਰਵਰ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਹਿਮ ਕਰ ਰਹੀਆਂ ਹਨ। ਕੌਂਸਲ ਚੋਣਾਂ ਪੰਜਾਬ ਰਾਜ ਚੋਣ ਕਮਿਸ਼ਨ ਦੀ ਅਗੁਵਾਈ ਵਿੱਚ ਹੋਣਗੀਆਂ ਨਾ ਕਿ ਸੂਬਾ ਸਰਕਾਰ ਦੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ ਜਿੱਥੇ ਕੌਂਸਲ ਚੋਣਾਂ ਦੇ ਨਤੀਜੇ ਬਾਦ ਵਿੱਚ ਐਲਾਨੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.