ਮੋਗਾ (ਵਿੱਕੀ ਕੁਮਾਰ)। Moga Police Encounter: ਬੁੱਧਵਾਰ ਨੂੰ ਮੋਗਾ ’ਚ ਇੱਕ ਮੁਕਾਬਲੇ ਦੌਰਾਨ ਪੁਲਿਸ ਤੇ ਦੋ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਸਿਕੰਦਰ ਸਿੰਘ ਦੀ ਲੱਤ ’ਚ ਗੋਲੀ ਲੱਗੀ, ਜਦਕਿ ਦੂਜਾ ਮੁਲਜ਼ਮ ਅਰੁਣ ਹਾਂਡਾ ਜ਼ਖਮੀ ਹੋ ਗਿਆ। ਦੋਵਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Sukhbir Badal: ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਸੁਖਬੀਰ ਬਾਦਲ ਨਾਲ ਜੁੜੀ ਵੱਡੀ ਖਬਰ
ਜਾਣਕਾਰੀ ਅਨੁਸਾਰ 13 ਮਾਰਚ ਨੂੰ ਮੋਗਾ ’ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਕੇਸ ’ਚ ਨਾਮਜ਼ਦ ਮੁਲਜ਼ਮ ਅਰੁਣ ਹਾਂਡਾ ਤੇ ਸਿਕੰਦਰ ਸਿੰਘ ਨੂੰ ਦੋ ਦਿਨ ਪਹਿਲਾਂ ਮੋਗਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਵਿਰੁੱਧ ਕੁੱਲ 24 ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਦੋ ਦਿਨ ਦੇ ਰਿਮਾਂਡ ’ਤੇ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰ ਮੋਗਾ ਦੇ ਸਿੰਘਾਵਾਲਾ ਇਲਾਕੇ ਵਿੱਚ ਇੱਕ ਗੰਦੇ ਨਾਲੇ ਦੇ ਨੇੜੇ ਸੜਕ ਕਿਨਾਰੇ ਲੁਕਾਏ ਸਨ। Moga Police Encounter
ਇਸ ਤੋਂ ਬਾਅਦ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ ’ਤੇ ਲੈ ਗਈ। ਇਸ ਦੌਰਾਨ ਸਿਕੰਦਰ ਸਿੰਘ ਨੇ ਉੱਥੇ ਲੁਕਾਏ ਹੋਏ ਪਸਤੌਲ ਤੋਂ ਪੁਲਿਸ ’ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਗੋਲੀ ਸਿਕੰਦਰ ਦੀ ਲੱਤ ’ਚ ਲੱਗੀ। ਜਦੋਂ ਅਰੁਣ ਹਾਂਡਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ। ਫਿਲਹਾਲ ਦੋਵੇਂ ਮੁਲਜ਼ਮ ਹਸਪਤਾਲ ਵਿੱਚ ਇਲਾਜ ਅਧੀਨ ਹਨ ਤੇ ਪੁਲਿਸ ਅਗਲੇਰੀ ਕਾਰਵਾਈ ’ਚ ਲੱਗੀ ਹੋਈ ਹੈ।