ਪੁਲਿਸ ਅਧਿਕਾਰੀਆਂ ਵੱਲੋਂ ਸਿੱਧੂ ਦੇ ਘਰ ਕੀਤੀ ਜਾਂਚ ਪੜਤਾਲ | Navjot Sindhu
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੇਰ ਰਾਤ ਇਕ ਅਣਪਛਾਤੇ ਦੇ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਹੀ ਨਵਜੋਤ ਸਿੰਘ ਸਿੱਧੂ ਦੇ ਘਰ ਅੱਜ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਕੀਤੀ ਗਈ ।
ਨਵਜੋਤ ਸਿੰਘ ਸਿੱਧੂ ਦੇ ਕੁੱਕ ਦੇ ਬਿਆਨਾਂ ਦੇ ਆਧਾਰ ਤੇ ਪੁਲੀਸ ਵੱਲੋਂ ਐੱਫ ਆਈ ਆਰ ਨੰਬਰ 55 ਥਾਣਾ ਲਾਹੌਰੀ ਗੇਟ ਵਿਖੇ ਧਾਰਾ 457, 380 , 511 ਆਈਪੀਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਨਵਜੋਤ ਸਿੱਧੂ ਦੀ ਰਿਹਾਇਸ਼ ਤੇ ਪੁੱਜੇ ਡੀਐਸਪੀ ਸਿਟੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਨੇੜਲੇ ਗਵਾਂਡੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲੀਸ ਅਧਿਕਾਰੀਆਂ ਵੱਲੋਂ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। (Navjot Sindhu)
ਦੱਸਣਯੋਗ ਹੈ ਕਿ ਬੀਤੀ ਰਾਤ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਬੀਤੀ ਸ਼ਾਮ ਮੇਰੀ ਰਿਹਾਇਸ਼ ਦੀ ਛੱਤ ‘ਤੇ ਇੱਕ ਅਣਜਾਣ ਸ਼ੱਕੀ ਸਲੇਟੀ ਰੰਗ ਵਿੱਚ ਲਪੇਟਿਆ ਹੋਇਆ ਦੇਖਿਆ ਗਿਆ, ਮੇਰੇ ਨੌਕਰ ਨੇ ਅਲਾਰਮ ਵਜਾਇਆ ਅਤੇ ਮਦਦ ਲਈ ਬੁਲਾਇਆ, ਉਹ ਤੁਰੰਤ ਭੱਜ ਗਿਆ ਅਤੇ ਫਰਾਰ ਹੋ ਗਿਆ। ਉਨ੍ਹਾਂ ਵੱਲੋਂ DGPPunjabPolice ਨਾਲ ਗੱਲ ਕੀਤੀ ਹੈ ਅਤੇ ਐਸਐਸਪੀ ਪਟਿਆਲਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਸੁਰੱਖਿਆ ਕੁਤਾਹੀ ਮੈਨੂੰ ਪੰਜਾਬ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕੇਗੀ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਹਾਲ ਹੀ ਵਿੱਚ ਰੋਡਰੇਜ਼ ਦੇ ਇਕ ਪੁਰਾਣੇ ਮਾਮਲੇ ਚ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ‘ਚ ਕਟੌਤੀ ਕੀਤੀ ਗਈ ਹੈ।