Punjab Roadways Strike: ਬਠਿੰਡਾ-ਬੁਢਲਾਡਾ ਡਿੱਪੂ ਦੇ ਕੱਚੇ ਮੁਲਾਜ਼ਮ ਚੜ੍ਹੇ ਟੈਂਕੀ ’ਤੇ
Punjab Roadways Strike: ਬਠਿੰਡਾ/ਮਾਨਸਾ (ਸੁਖਜੀਤ ਮਾਨ)। ਪੰਜਾਬ ਰੋਡਵੇਜ਼, ਪੀਆਰਟੀਸੀ, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅਦਾਰੇ ’ਚ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਦਾ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਇਹ ਕਾਮੇ ਰੋਸ ਪ੍ਰਦਰਸ਼ਨ ਕਰਕੇ ਟੈਂਡਰ ਖੋਲਣ ਦਾ ਵਿਰੋਧ ਕਰ ਰਹੇ ਹਨ। ਯੂਨੀਅਨ ਆਗੂਆਂ ਨੂੰ ਭਿਣਕ ਪਈ ਕਿ ਅੱਜ ਮੁੜ ਟੈਂਡਰ ਖੋਲ੍ਹੇ ਜਾਣਗੇ ਤਾਂ ਉਨ੍ਹਾਂ ਨੇ ਵਿਰੋਧ ਦਾ ਐਲਾਨ ਕਰ ਦਿੱਤਾ। ਇਸ ਵਿਰੋਧ ਤੋਂ ਪਹਿਲਾਂ ਹੀ ਪੁਲਿਸ ਨੇ ਰਾਤੋਂ-ਰਾਤ ਕਈ ਆਗੂ ਘਰਾਂ ’ਚੋਂ ਚੁੱਕ ਲਏ। ਪੁਲਿਸ ਦੀ ਇਸ ਸਖਤੀ ਤੋਂ ਹਰਖੇ ਬਠਿੰਡਾ ਡਿੱਪੂ ਦੇ ਕਰੀਬ ਅੱਧੀ ਦਰਜ਼ਨ ਤੋਂ ਵੱਧ ਮੁਲਾਜ਼ਮ ਡਿੱਪੂ ’ਚ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ। kilometer scheme

ਵੇਰਵਿਆਂ ਮੁਤਾਬਿਕ ਬਠਿੰਡਾ ਡਿੱਪੂ ਦੇ ਪ੍ਰਧਾਨ ਹਰਤਾਰ ਸ਼ਰਮਾ ਨੂੰ ਜ਼ਿਲ੍ਹਾ ਮਾਨਸਾ ’ਚ ਸਥਿਤ ਉਸਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਘਰੋਂ ਸਵੇਰੇ ਪੁਲਿਸ ਨੇ 4 ਵਜੇ ਚੁੱਕ ਲਿਆ ਅਤੇ ਭੀਖੀ ਥਾਣੇ ’ਚ ਬੰਦ ਕਰ ਦਿੱਤਾ। ਥਾਣੇ ’ਚੋਂ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਤਾਰ ਸ਼ਰਮਾ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦੇ ਵਿਰੋਧ ’ਚ ਅੱਜ 11 ਵਜੇ ਤੋਂ 1 ਵਜੇ ਤੱਕ ਗੇਟ ਰੈਲੀ ਰੱਖੀ ਗਈ ਸੀ। ਉਸ ਤੋਂ ਪਹਿਲਾਂ ਹੀ ਵੱਖ-ਵੱਖ ਡਿੱਪੂਆਂ ਦੇ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਨੂੰ ਨਜ਼ਰਬੰਦ ਕਰ ਦਿੱਤਾ।
Read Also : Panjab University Chandigarh ਨਾਲ ਜੁੜੀ ਵੱਡੀ ਖਬਰ, ਵਿਦਿਆਰਥੀਆਂ ਲਿਆ ਨਵਾਂ ਫ਼ੈਸਲਾ
ਉਨ੍ਹਾਂ ਦੱਸਿਆ ਕਿ ਬਠਿੰਡਾ ਡਿੱਪੂ ਦੇ ਵੱਖ-ਵੱਖ ਆਗੂਆਂ ਤੇ ਕਰੀਬ 100 ਤੋਂ ਵੱਧ ਮੈਂਬਰਾਂ ਨੂੰ ਹੋਰਨਾਂ ਥਾਵਾਂ ਤੋਂ ਚੁੱਕ ਕੇ ਵੱਖ-ਵੱਖ ਥਾਣਿਆਂ ’ਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਸ਼ਹਿ ’ਤੇ ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ’ਚ ਕੰਟਰੈਕਟ ਵਰਕਰ ਬਠਿੰਡਾ ਡਿੱਪੂ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ, ਜਿੰਨ੍ਹਾਂ ਵੱਲੋਂ ਆਗੂਆਂ ਦੀ ਰਿਹਾਈ ਸਮੇਤ ਕਿਲੋਮੀਟਰ ਸਕੀਮ ਦੇ ਟੈਂਡਰ ਨਾ ਖੋਲ੍ਹੇ ਜਾਣ ਦੀ ਮੰਗ ਲਈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਬੁਢਲਾਡਾ ਡਿਪੂ ਦੇ ਮੁਲਾਜ਼ਮ ਵੀ ਚੜ੍ਹੇ ਟੈਂਕੀ ‘ਤੇ
ਬਠਿੰਡਾ ਤੋਂ ਇਲਾਵਾ ਜ਼ਿਲ੍ਹਾ ਮਾਨਸਾ ‘ਚ ਵੀ ਬੁਢਲਾਡਾ ਡਿਪੂ ਦੇ ਵਰਕਰ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਹਨl ਧਰਨਾਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜ਼ਾਰੀ ਰਹੇਗਾl














