ਆਪਣੇ ਆਲੇ- ਦੁਆਲੇ ਨੌਜਵਾਨਾਂ ਨੂੰ ਨਸ਼ੇ ਕਰਨ ਤੋਂ ਰੋਕਣ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਸਬੰਧੀ ਦਿੱਤੀ ਜਾਵੇ ਜਾਣਕਾਰੀ : ਸੀਪੀ | Sports Meet
(ਜਸਵੀਰ ਸਿੰਘ ਗਹਿਲ) ਲੁਧਿਆਣਾ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ’ਚ ਜਾਗਰੂਤਾ ਫੈਲਾਉਣ ਦਾ ਮੰਤਵ ਨਾਲ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਿਸ ਵੱਲੋਂ ਸਪੋਰਟਸ ਮੀਟ ਕਰਵਾਈ ਗਈ। ਮੀਟ ਤਹਿਤ ਕਰਵਾਏ ਗਏ ਵਾਲੀਬਾਲ ਦਾ ਮੈਚ ਪਿੰਡ ਜਸਪਾਲ ਬਾਂਗਰ ਤੇ ਰੱਸਾਕਸੀ ਦਾ ਮੁਕਾਬਲਾ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਜਿੱਤਿਆ।
ਪੁਲਿਸ ਲਾਇਨ ਵਿਖੇ ਕਰਵਾਈ ਗਈ ਮੀਟ ਦੌਰਾਨ ਵਾਲੀਬਾਲ ਅਤੇ ਰੱਸਕਸੀ ਦੇ ਮੁਕਾਬਲੇ ਕਰਵਾਏ ਗਏ। ਜਿੰਨ੍ਹਾਂ ਵਿੱਚ ਜ਼ਿਲ੍ਹੇ ਦੇ ਪਿੰਡ ਪੰਜੇਟਾ, ਪਿੰਡ ਭੱਟੀਆਂ, ਪਿੰਡ ਡੰਗੋਰਾ, ਪਿੰਡ ਸੰਗੋਵਾਲ, ਪਿੰਡ ਲੋਹਾਰਾ, ਪਿੰਡ ਜਸਪਾਲ ਬਾਂਗਰ ਤੇ ਪਿੰਡ ਸੰਗਿਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਤੋਂ ਪਹਿਲਾਂ ਜਾਣ-ਪਛਾਣ ਦੌਰਾਨ ਕਮਿਸ਼ਨਰ ਪੁਲਿਸ ਕੁਲਦੀਪ ਚਾਹਲ, ਡਿਪਟੀ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ
ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਮਨੁੱਖ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਇਹ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਵੀ ਬਚਾਉਂਦੀਆਂ ਹਨ। ਉਨ੍ਹਾਂ ਸਪੋਰਟਸ ਮੀਟ ’ਚ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਆਪਣੇ ਆਲੇ-ਦੁਆਲੇ ਨੌਜਵਾਨਾਂ ਨੂੰ ਨਸ਼ੇ ਕਰਨ ਤੋਂ ਰੋਕਣ ਅਤੇ ਇਸ ਦਾ ਕਾਰੋਬਾਰ ਕਰਨ ਵਾਲਿਆਂ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ। ਇਸ ਦੌਰਾਨ ਕਮਿਸ਼ਨਰ ਪੁਲਿਸ ਕੁਲਦੀਪ ਚਾਹਲ, ਡਿਪਟੀ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਤੇ ਸਹਾਇਕ ਕਮਿਸ਼ਨਰ ਦੱਖਣੀ ਲੁਧਿਆਣਾ ਗੁਰ ਇਕਬਾਲ ਸਿੰਘ ਉਚੇਚੇ ਤੌਰ ’ਤੇ ਮੌਜੂਦ ਰਹੇ। ਮੁਕਾਬਲਿਆਂ ਦੌਰਾਨ ਵਾਲੀਬਾਲ ਦੇ ਫਾਇਨਲ ’ਚ ਜਸਪਾਲ ਬਾਂਗਰ ਦੀ ਟੀਮ ਜੇਤੂ ਤੇ ਪਿੰਡ ਭੱਟੀਆਂ ਦੀ ਟੀਮ ਰਨਰਅੱਪ ਰਹੀ। ਜਿੰਨ੍ਹਾਂ ਨੂੰ 11- 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨ੍ਹਾਂ ਰੱਸਾ ਕਸੀ ਦੇ ਮੈਚ ਵਿੱਚ ਪੁਲਿਸ ਪ੍ਰਸ਼ਾਸਨ ਦੀ ਟੀਮ ਜੇਤੂ। ਜਦਕਿ ਪਿੰਡ ਸੰਗੋਵਾਲ ਦੀ ਟੀਮ ਰਨਰ ਅੱਪ ਰਹੀ। ਇੰਨਾਂ ਨੂੰ 5100- 5100 ਰੁਪਏ ਦਾ ਇਨਾਮ ਦਿੱਤਾ ਗਿਆ।