ਐਸਐਸਪੀ ਮੁਕਤਸਰ ਦੇ ਸਾਰੇ ਟਰੈਫ਼ਿਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਦੇਸ਼
ਐਸਐਸਪੀ ਨੇ ਮੰਨਿਆ ਸਕੂਲੀ ਬੱਚਿਆ ਵਿੱਚ ਐ ਪੰਜਾਬ ਪੁਲਿਸ ਦਾ ਡਰ, ਸੁਧਾਰਨੀ ਪਵੇਗੀ ਦਿੱਖ
ਟੌਫੀ ਅਤੇ ਚੌਕਲੇਟ ਦੇਣ ਦੇ ਨਾਲ ਹੀ ਖਿੱਚਣੀ ਪਏਗੀ ਫੋਟੋ, ਭੇਜਣੀ ਪਏਗੀ ਅਧਿਕਾਰੀਆਂ ਨੂੰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਪੁਲਿਸ ਦਾ ਖੌਫ਼ ਆਮ ਜਨਤਾ ਵਿੱਚ ਹੀ ਨਹੀਂ ਸਗੋਂ ਛੋਟੇ ਛੋਟੇ ਸਕੂਲੀ ਬੱਚਿਆ ਵਿੱਚ ਵੀ ਹੈ। ਇਸ ਲਈ ਪੁਲਿਸ ਪ੍ਰਤੀ ਇਸ ਡਰ ਨੂੰ ਖ਼ਤਮ ਕਰਨ ਵਾਸਤੇ ਹੁਣ ਤੋਂ ਬਾਅਦ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਛੋਟੇ ਸਕੂਲੀ ਬੱਚਿਆ ਨੂੰ ਚੌਕਲੇਟ ਅਤੇ ਟਾਫ਼ੀ ਦੇਣ ਦੇ ਨਾਲ ਹੀ ਪਿਆਰ ਕਰਦੇ ਨਜ਼ਰ ਆਉਣਗੇ। ਇਸ ਲਈ ਬਕਾਇਦਾ ਪੰਜਾਬ ਦੇ ਇੱਕ ਐਸਐਸਪੀ ਵਲੋਂ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਇਨਾਂ ਆਦੇਸ਼ਾਂ ਤੋਂ ਬਾਅਦ ਹੁਣ ਟਰੈਫ਼ਿਕ ਪੁਲਿਸ ਕਰਮਚਾਰੀ ਆਪਣੇ ਨਾਲ ਟੌਫੀਆ ਅਤੇ ਚੌਕਲੇਟ ਰੱਖ ਰਹੇ ਹਨ ਤਾਂ ਕਿ ਐਸਐਸਪੀ ਦੇ ਆਦੇਸ਼ਾਂ ਅਨੁਸਾਰ ਬੱਚਿਆ ਵਿੱਚ ਵੰਡੀਆਂ ਜਾ ਸਕੇ। ਇਨਾਂ ਆਦੇਸ਼ਾਂ ਨੂੰ ਲੈ ਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਾਫ਼ੀ ਜਿਆਦਾ ਚਰਚਾ ਹੈ ਅਤੇ ਕੁਝ ਪੁਲਿਸ ਕਰਮਚਾਰੀ ਇਨਾਂ ਆਦੇਸ਼ਾਂ ਦਾ ਮਜ਼ਾਕ ਵੀ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।
ਮੁਕਤਸਰ ਜ਼ਿਲੇ ਦੇ ਐਸਐਸਪੀ ਟਰੈਫ਼ਿਕ ਪੁਲਿਸ ਦੇ ਡੀਐਸਪੀ ਨੂੰ ਲਿਖਤੀ ਪੱਤਰ ਨੰਬਰ 1371-72ਏ ਆਦੇਸ਼ 11 ਅਪਰੈਲ ਨੂੰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਆਪ ਦੇ ਅਧੀਨ ਡਿਊਟੀ ਕਰ ਰਹੇ ਸਮੂਹ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇ ਕਿ ਜਦੋਂ ਕੋਈ ਛੋਟਾ ਬੱਚਾ ਇਕੱਲਾ ਸਕੂਲ ਵਿੱਚੋਂ ਆਪਣੇ ਘਰ ਨੂੰ ਆ ਰਿਹਾ ਹੋਵੇ ਜਾਂ ਫਿਰ ਘਰੋਂ ਸਕੂਲ ਨੂੰ ਜਾ ਰਿਹਾ ਹੋਵੇ ਜਾਂ ਫਿਰ ਸੜਕ ਤੇ ਘੁੰਮਦਾ ਮਿਲੇ ਤਾਂ ਉਸ ਨੂੰ ਰਸਤੇ ਵਿੱਚ ਪਿਆਰ ਨਾਲ ਬੁਲਾ ਕੇ ਉਸ ਨੂੰ ਚੌਕਲੇਟ ਜਾਂ ਟੌਫੀ ਦਿੱਤੀ ਜਾਵੇ ਅਤੇ ਬੱਚੇ ਦੇ ਮਨ ਵਿੱਚ ਪੁਲਿਸ ਪ੍ਰਤੀ ਲੱਗ ਰਹੇ ਡਰ ਨੂੰ ਦੂਰ ਕੀਤਾ ਜਾਵੇ। ਇਸੇ ਤਰਾਂ ਹੀ ਹਰ ਰੋਜ਼ ਸਕੂਲ ਤੋਂ ਪੜ੍ਹ ਕੇ ਆ ਰਹੇ ਬੱਚਿਆਂ ਅਤੇ ਇਸ ਤੋਂ ਇਲਾਵਾ ਹੋਰ ਇਕੱਲੇ ਜਾ ਰਹੇ ਰੋਜ਼ਾਨਾ 7-8 ਬੱਚਿਆ ਨੂੰ ਪਿਆਰ ਨਾਲ ਬੁਲਾ ਕੇ ਚੌਕਲੇਟ ਅਤੇ ਟੌਫੀਆਂ ਦਿੱਤੀਆਂ ਜਾਣ। ਇਸ ਦੇ ਨਾਲ ਹੀ ਫੋਟੋ ਖਿੱਚ ਕੇ ਦਫ਼ਤਰ ਦੇ ਸੋਸ਼ਲ ਮੀਡੀਆ ਸੈਲ ਨੂੰ ਭੇਜੇ ਜਾਣ ਤਾਂ ਜੋ ਬੱਚਿਆਂ ਦੇ ਮਨ ਵਿੱਚ ਪੁਲਿਸ ਪ੍ਰਤੀ ਲੱਗ ਰਹੇ ਡਰ/ਤੈਅ ਨੂੰ ਖ਼ਤਮ ਕੀਤਾ ਜਾ ਸਕੇ।
ਐਸ.ਐਸ.ਪੀ. ਮੁਕਤਸਰ ਵੱਲੋਂ ਜਾਰੀ ਕੀਤਾ ਗਿਆ ਇਹ ਪੱਤਰ ਕਾਫ਼ੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਨਾਲ ਪੁਲਿਸ ਕਰਮਚਾਰੀਆਂ ਨੂੰ ਡਰ ਵੀ ਲੱਗ ਰਿਹਾ ਹੈ ਕਿ ਉਨਾਂ ਵਲੋਂ ਦਿੱਤੀ ਗਈ ਟਾਫ਼ੀ ਜਾਂ ਫਿਰ ਚੌਕਲੇਟ ਦਾ ਕੋਈ ਗਲਤ ਮਤਲਬ ਨਾ ਕੱਢਿਆ ਜਾਵੇ ਜਾਂ ਫਿਰ ਪਹਿਲਾਂ ਤੋਂ ਬਿਮਾਰ ਬੱਚੇ ਨੂੰ ਪਰੇਸ਼ਾਨੀ ਆਉਣ ’ਤੇ ਸਿਹਤ ਖ਼ਰਾਬ ਹੋਣ ਦੇ ਮਾਮਲੇ ਵਿੱਚ ਉਨਾਂ ’ਤੇ ਕੋਈ ਦੋਸ਼ ਨਾ ਆ ਜਾਵੇ। ਇਥੇ ਹੀ ਫੋਟੋ ਸੋਸ਼ਲ ਮੀਡੀਆ ਤੇ ਪਾਉਣ ਨੂੰ ਲੈ ਕੇ ਮਾਪਿਆ ਵਲੋਂ ਇਤਰਾਜ਼ ਨਾ ਕੀਤਾ ਜਾਵੇ। ਇਸ ਤਰਾਂ ਦੇ ਦਰਜਨਾਂ ਸੁਆਲ ਟਰੈਫ਼ਿਕ ਪੁਲਿਸ ਕਰਮਚਾਰੀਆਂ ਦੇ ਮਨ ਵਿੱਚ ਉੱਠ ਰਹੇ ਹਨ ਪਰ ਮੁਕਤਸਰ ਦੇ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਇਨਾਂ ਆਦੇਸ਼ਾਂ ਨੂੰ ਲਾਗੂ ਕਰਨਾ ਪੈ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ