ਪਿਛਲੇ 15 ਦਿਨਾਂ ਦੌਰਾਨ ਮਲੇਰਕੋਟਲਾ ਅੰਦਰ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਤੀਜੀ ਕਾਰਵਾਈ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੀ ਟੀਮ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਅੰਦਰ ਕੱਸੇ ਸਿਕੰਜੇ ਤਹਿਤ ਥਾਣਾ ਸੰਦੌੜ ’ਚ ਤਾਇਨਾਤ ਇੱਕ ਏਐਸਆਈ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਪਿਛਲੇ 15 ਦਿਨਾਂ ਅੰਦਰ ਮਾਲੇਰਕੋਟਲਾ ’ਚ ਕਿਸੇ ਸਰਕਾਰੀ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗ ਹੱਥੀਂ ਕਾਬੂ ਕਰਨ ਦੀ ਇਹ ਤੀਜੀ ਘਟਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੰਦੌੜ ਵਿਖੇ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਨੇ ਇਹ ਰਕਮ ਕਥਿਤ ਤੌਰ ’ਤੇ ਇੱਕ ਝਗੜੇ ਦੇ ਕੇਸ ਵਿਚ ਹੋਏ ਸਮਝੌਤੇ ਪਿੱਛੋਂ ਪਰਚਾ ਕੈਂਸਲ ਕਰਨ ਲਈ ਪ੍ਰਾਪਤ ਕੀਤੀ ਸੀ ਸੀਨੀਅਰ ਕਪਤਾਨ ਪੁਲਿਸ, ਆਰਥਿਕ ਅਪਰਾਧ ਸ਼ਾਖਾ ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਦਫ਼ਤਰ ਵੱਲੋਂ ਮਾਲੇਰਕੋਟਲਾ ਵਿਖੇ ਏ.ਐਸ.ਆਈ. ਨੂੰ ਰੰਗੇ ਹੱਥੀਂ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਅਪਰਾਧਿਕ ਧਾਰਾ 7 ਐਕਟ 1918 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਦਰਜ ਮੁਕੱਦਮੇ ਮੁਤਾਬਿਕ ਥਾਣਾ ਸੰਦੌੜ ਵਿਖੇ ਪਿੰਡ ਮਦੇਵੀ ਦੇ ਇੱਕ ਕਿਸਾਨ ਦੀ ਸ਼ਿਕਾਇਤ ’ਤੇ 29 ਜੂਨ 2022 ਨੂੰ ਮਾਲੇਰਕੋਟਲਾ ਵਾਸੀ ਮੁਹੰਮਦ ਸਦੀਕ ਪੁੱਤਰ ਨੂਰ ਮੁਹੰਮਦ ਵਾਸੀ ਕੁਟੀ ਰੋਡ ਨੂਰ ਬਸਤੀ ਅਤੇ ਦੋ ਵਿਅਕਤੀਆਂ ਸਮੇਤ ਛੇ ਹੋਰ ਅਣਪਛਾਤਿਆ ਖਿਲਾਫ਼ ਮਾਮਲਾ ਦਰਜ ਸੀ।
10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਇਸ ਮਾਮਲੇ ਵਿਚ ਦੋਵੇਂ ਧਿਰਾਂ ਦਾ ਆਪਸੀ ਸਮਝੌਤਾ ਹੋ ਜਾਣ ਪਿੱਛੋਂ ਮੁਕੱਦਮਾ ਖ਼ਾਰਜ ਕਰਵਾਉਣ ਲਈ ਪੁਲਿਸ ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮਾਲੇਰਕੋਟਲਾ ਵਿਖੇ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਵਿਸ਼ੇਸ਼ ਟੀਮ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਪੰਜਾਬ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੀ ਟੀਮ ਵੱਲੋਂ ਅੱਜ ਇੱਕ ਏਐਸਆਈ ਨੂੰ ਰੰਗੇ ਹੱਥੀਂ ਕਾਬੂ ਕਰਨ ਦੀ ਕਾਰਵਾਈ ਮਾਲੇਰਕੋਟਲਾ ਅੰਦਰ ਪਿਛਲੇ 15 ਦਿਨਾਂ ਦੌਰਾਨ ਕਿਸੇ ਸਰਕਾਰੀ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਤੀਜੀ ਸਫਲ ਕਾਰਵਾਈ ਹੈ। ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵੱਲੋਂ ਲੰਘੀ 9 ਫਰਵਰੀ ਨੂੰ ਜ਼ਿਲ੍ਹਾ ਮਲੇਰਕਟਲਾ ਦੇ ਪਿੰਡ ਬੁਰਜ ਨਾਲ ਸਬੰਧਤ ਇਕ ਵਿਅਕਤੀ ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਜੰਗਲਾਤ ਵਿਭਾਗ ਦੇ ਇਕ ਵਣ ਗਾਰਡ ਮੁਨੀਸ਼ ਕੁਮਾਰ ਨੂੰ ਮਾਲੇਰਕੋਟਲਾ ਵਿਖੇ ਰੰਗੇ ਹੱਥੀਂ ਕਾਬੂ ਕੀਤਾ ਸੀ, ਹਾਲੇ ਦੋ ਦਿਨ ਪਹਿਲਾ (23 ਫਰਵਰੀ ਨੂੰ) ਮਾਲ ਵਿਭਾਗ ਦਾ ਇਕ ਕਾਨੂੰਗੋ ਵਿਜੈਪਾਲ ਸਿੰਘ ਪਿੰਡ ਭੈਣੀ ਕਲਾਂ ਦੇ ਇਕ ਕਿਸਾਨ ਕੋਲੋਂ ਮਲੇਰਕੋਟਲਾ ਵਿਖੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੇ ਦਬੋਚ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ