
ਪਿੰਡ ਸੰਗਤਪੁਰਾ ਦੀ ਨਹਿਰੀ ਕੋਠੀ ਦੀ ਜ਼ਮੀਨ ਦਾ ਪੁਲਿਸ ਨੇ ਲਿਆ ਕਬਜ਼ਾ
- ਬੀਕੇਯੂ ਏਕਤਾ ਉਗਰਾਹਾਂ ਕਬਜ਼ਾ ਰੋਕਣ ਤੋਂ ਪਿੱਛੇ ਹਟੀਂ
Land Dispute News: ਲਹਿਰਾਗਾਗਾ, (ਰਾਜ ਸਿੰਗਲਾ)। ਸਿੰਚਾਈ ਵਿਭਾਗ ਵੱਲੋਂ ਪਿੰਡ ਸੰਗਤਪੁਰਾ ਦੀ ਨਹਿਰੀ ਕੋਠੀ ਦੀ ਸਮੇਤ ਜ਼ਮੀਨ ਸਾਲ 1998 ਵਿੱਚ ਖੁੱਲ੍ਹੀ ਨਿਲਾਮੀ ਕੀਤੀ ਗਈ ਸੀ, ਜਿਸਨੂੰ ਪਿੰਡ ਸੰਗਤਪੁਰਾ ਦੇ ਸੁੱਚਾ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਸਭ ਤੋਂ ਉੱਚੀ ਬੋਲੀ 13.51 ਲੱਖ ਰੁਪਏ ਵਿਚ ਖਰੀਦਿਆ ਸੀ। ਵਿਭਾਗ ਨੇ ਸ਼ਰਤਾਂ ਮੁਤਾਬਕ ਰਕਮ ਭਰਵਾ ਕੇ ਜ਼ਮੀਨ ਦਾ ਕਬਜ਼ਾ ਖ਼ਰੀਦਦਾਰ ਨੂੰ ਦੇ ਦਿੱਤਾ ਸੀ, ਜਿਸ ਉੱਪਰ ਅੱਜ ਵਿਭਾਗ ਨੇ ਪੁਲਿਸ ਦੀ ਮੱਦਦ ਨਾਲ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਜ਼ਮੀਨ ਦੇ ਖ਼ਰੀਦਦਾਰ ਵੱਲੋਂ ਨਿਲਾਮੀ ਦੀ ਕੁੱਲ ਰਕਮ ਵਿੱਚੋਂ 6.80 ਲੱਖ ਰੁਪਏ ਪਹਿਲਾਂ ਹੀ ਵਿਭਾਗ ਕੋਲ ਜਮ੍ਹਾਂ ਕਰਵਾਏ ਗਏ ਸਨ ਜਦਕਿ ਕਿ ਵਿਭਾਗ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਬਿਨਾਂ ਕਰਵਾਏ ਅਤੇ ਬੋਲੀ ਅਨੁਸਾਰ ਨਿਲਾਮੀ ਦਾ ਸਮਾਨ ਪੂਰਾ ਕਰਨ ਦੇ ਬਾਵਜੂਦ 6.71 ਲੱਖ ਦਾ ਚੈੱਕ ਸਾਲ 2018 ਤੋਂ ਵਿਭਾਗ ਦੇ ਨਾਂਅ ’ਤੇ ਮਾਨਯੋਗ ਅਦਾਲਤ ਵਿਚ ਜਮ੍ਹਾਂ ਕਰਵਾਇਆ ਹੋਇਆ ਹੈ। ਜ਼ਮੀਨ ਦੇ ਖਰੀਦਦਾਰ ਦੇ ਵਾਰਸਾਂ ਨੇ ਦੱਸਿਆ ਕਿ ਸਿੰਚਾਈ ਵਿਭਾਗ ਇਸ ਤੋਂ ਪਹਿਲਾਂ ਵੀ ਬਹੁਤ ਦਫਾ ਭਾਰੀ ਪੁਲਿਸ ਫੋਰਸ ਨਾਲ ਲੈ ਕੇ ਇਸ ਥਾਂ ਦਾ ਕਬਜ਼ਾ ਲੈਣ ਲਈ ਆਇਆ ਹੈ।
ਕਿਸੇ ਵੀ ਤਰ੍ਹਾਂ ਦੀ ਅਗਾਊਂ ਸੂਚਨਾ ਦਿੱਤਿਆਂ, ਪੁਲਿਸ ਨੇ ਧਾੜਵੀਆਂ ਦੀ ਤਰ੍ਹਾਂ ਸਾਡੀ ਜ਼ਮੀਨ ਉੱਪਰ ਕੀਤਾ ਹੈ ਕਬਜ਼ਾ : ਜ਼ਮੀਨ ਦੇ ਵਾਰਸ
ਉਨ੍ਹਾਂ ਦੱਸਿਆ ਕਿ ਉਗਰਾਹਾਂ ਕਿਸਾਨ ਜਥੇਬੰਦੀ ਦੇ ਸਹਿਯੋਗ ਸਦਕਾ ਵਿਭਾਗ ਅਤੇ ਪੁਲਿਸ ਸਾਡੀ ਜ਼ਮੀਨ ਉੱਪਰ ਕਬਜ਼ਾ ਕਰਨ ਵਿਚ ਸਫ਼ਲ ਨਹੀਂ ਹੋਈ ਸੀ, ਪ੍ਰੰਤੂ ਇਸ ਦਫਾ ਨਾ ਪੁਲਿਸ, ਨਾ ਸਿੰਚਾਈ ਵਿਭਾਗ ਅਤੇ ਨਾ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਅਗਾਊਂ ਸੂਚਨਾ ਦਿੱਤੀ ਗਈ ਹੈ। ਪੁਲਿਸ ਨੇ ਧਾੜਵੀਆਂ ਦੀ ਤਰ੍ਹਾਂ ਅਚਨਚੇਤ ਆ ਕੇ ਅੱਜ ਸਾਡੀ ਜ਼ਮੀਨ ਉੱਪਰ ਧਾਵਾ ਕਰਕੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਨੂੰ ਇਸ ਕਾਰਵਾਈ ਦੀ ਜੇ ਅਗਾਊਂ ਸੂਚਨਾ ਦਿੱਤੀ ਹੁੰਦੀ ਉਦੋਂ ਅਸੀਂ ਆਪਣਾ ਪੱਖ ਸਪੱਸ਼ਟ ਕਰਕੇ ਆਪਣੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਸਾਹਮਣੇ ਆਪਣੇ ਦਸਤਾਵੇਜ਼ ਰੱਖ ਦੇਣੇ ਸਨ।
ਦੂਸਰੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਕੋਠੀ ਸਮੇਤ ਜ਼ਮੀਨ ਦੀ ਨਿਲਾਮੀ ਰੱਦ ਕੀਤੀ ਗਈ ਹੈ ਅਤੇ ਅਦਾਲਤ ਵੱਲੋਂ ਵੀ ਜ਼ਮੀਨ ਸਬੰਧੀ ਕੇਸ ਡਿਸਮਸ ਕਰ ਦਿੱਤਾ ਹੈ। ਜਦੋਂਕਿ ਜ਼ਮੀਨ ਦੇ ਵਾਰਸਾਂ ਦਾ ਕਹਿਣਾ ਹੈ ਕਿ ਜਿਸ ਜਿਉਰਿਸਡਿਕਸ਼ਨ ਦੇ ਤਹਿਤ ਇਸ ਥਾਂ ਦੀ ਨਿਲਾਮੀ ਰੱਦ ਕੀਤੀ ਗਈ ਸੀ ਉਸ ਜਿਉਰਿਸਡਿਕਸ਼ਨ ਵਿਚ ਸਾਡੀ ਜ਼ਮੀਨ ਨਹੀਂ ਆਉਂਦੀ ਹੈ, ਇਸ ਨੂੰ ਲੈ ਕੇ ਅਸੀਂ ਆਪਣਾ ਕੇਸ ਅਦਾਲਤ ਵਿਚ ਪਾਇਆ ਹੈ ਕਿਉਂਕਿ ਅਸੀਂ ਜ਼ਮੀਨ ਖਰੀਦ ਕੀਤੀ ਹੈ ਨਾ ਕਿ ਸਾਨੂੰ ਇਹ ਨਾ ਅਲਾਟ ਹੋਈ ਹੈ, ਨਾ ਸਾਡੇ ਕੋਲ ਕਿਰਾਏ ’ਤੇ ਹੈ ਅਤੇ ਨਾ ਹੀ ਵਿਭਾਗ ਵੱਲੋਂ ਸਾਨੂੰ ਪਟੇ ਉੱਪਰ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ: Jackfruit Day: ਜੈਕਫਰੂਟ ਪਾਚਨ ਪ੍ਰਣਾਲੀ ਲਈ ਵਰਦਾਨ ਹੈ, ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ
ਜ਼ਮੀਨ ਦੇ ਕਬਜ਼ੇ ਸਬੰਧੀ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਕਬਜ਼ੇ ਦੇ ਵਿਰੋਧ ਵਿਚ ਜਾਂਦੇ ਸੀ ਤੇ ਕਬਜ਼ਾ ਲੈਣ ਵਾਲੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪੈਂਦੀ ਸੀ। ਇਸ ਵਾਰ ਨਾ ਸਾਨੂੰ ਕਬਜ਼ੇ ਸਬੰਧੀ ਕੋਈ ਅਗਾਊ ਸੂਚਨਾ ਮਿਲੀ ਹੈ, ਅਸੀਂ ਇਸ ਮਾਮਲੇ ਤੋਂ ਪਿੱਛੇ ਹਟ ਗਏ। ਹੁਣ ਸਾਡਾ ਫੈਸਲਾ ਹੈ ਕਿ ਅਸੀਂ ਇਸ ਸਬੰਧੀ ਦੋਵੇਂ ਧਿਰਾਂ ਵਿੱਚ ਜਥੇਬੰਦੀ ਕੋਈ ਦਖਲ ਅੰਦਾਜੀ ਨਹੀਂ ਕਰਾਂਗੇ।
ਇਸ ਮੌਕੇ ਆਰਿਅਨ ਅਨੇਜਾ ਐਸਡੀਓ, ਪਰਵੀਨ ਛਿੱਬੜ ਤਹਿਸੀਲਦਾਰ ਲਹਿਰਾ ਡਿਊਟੀ ਮੈਜਿਸਟਰੇਟ, ਦੀਪਇੰਦਰ ਸਿੰਘ ਜੇਜੀ ਡੀਐਸਪੀ ਲਹਿਰਾਂ, ਕਰਮਜੀਤ ਸਿੰਘ ਸਬ ਇੰਸਪੈਕਟਰ, ਸੰਜੀਵ ਸਿੰਗਲਾ ਡੀਐਸਪੀ, ਜਸਕਰਨ ਸਿੰਘ , ਜਿਲ੍ਹੇਦਾਰ, ਗੁਰਦੇਵ ਸਿੰਘ ਸਿਟੀ ਇੰਚਾਰਜ ਤੋਂ ਇਲਾਵਾ ਮਹਿਕਮੇ ਦੇ ਅਫਸਰ ਅਤੇ ਪੁਲਿਸ ਪਾਰਟੀ ਹਾਜ਼ਰ ਸੀ।