ਬਠਿੰਡਾ, (ਸੱਚ ਕਹੂੰ ਨਿਊਜ਼)। ਬਠਿੰਡਾ ਪੁਲਿਸ ਨੇ ਅੱਜ ਸੰਗਤ ਰੋਡ ‘ਤੇ ਬੇਅਬਾਦ ਫੈਕਟਰੀ ਲਾਗਿਓਂ ਪੰਜ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਇਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਨਸ਼ੇ ਦੀ ਪੂਰਤੀ ਖਾਤਰ ਬੈਂਕ, ਪੈਟਰੋਲ ਪੰਪ ਜਾਂ ਕਿਸੇ ਅਮੀਰ ਘਰ ‘ਚ ਡਾਕਾ ਮਾਰਨ ਦੀ ਵਿਉਂਤਬੰਦੀ ਕਰ ਰਹੇ ਸਨ ਪੁਲਿਸ ਨੇ ਇਨ੍ਹਾਂ ਕੋਲੋਂ ਅਸਲਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ ਇਸ ਗਿਰੋਹ ਦਾ ਸਬੰਧ ਗੈਂਗਸਟਰ ਰੰਮੀ ਮਛਾਣਾ ਨਾਲ ਦੱਸਿਆ ਜਾਂਦਾ ਹੈ।
ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਅੱਜ ਏਥੇ ਦੱਸਿਆ ਕਿ ਸੂਚਨਾ ਦੇ ਅਧਾਰ ‘ਤੇ ਸੀਆਈਏ ਸਟਾਫ (ਵਨ) ਦੇ ਇੰਚਾਰਜ਼ ਇੰਸਪੈਕਟਰ ਰਜਿੰਦਰ ਕੁਮਾਰ ਨੇ ਪਿੰਡ ਸੰਗਤ ਦੀਆਂ ਕੈਂਚੀਆਂ ‘ਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਇੱਥੇ ਮੌਜੂਦ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਤਾਂ ਉਸ ਨੇ ਇਸ ਗਿਰੋਹ ਨੂੰ ਘੇਰ ਕੇ ਫੜ ਲਿਆ ਗਿਰੋਹ ਦੇ ਮੈਂਬਰਾਂ ਦੀ ਪਛਾਣ ਗੋਬਿੰਦ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੰਗਤ ਮੰਡੀ, ਸੁਭਾਸ਼ ਖਿੱਚੜ ਵਾਸੀ ਸਲੇਮਗੜ੍ਹ ਮੁਸਾਣੀ ਜ਼ਿਲ੍ਹਾ ਹਨੂੰਮਾਨਗੜ੍ਹ, ਸੁਖਪਾਲ ਸਿੰਘ ਵਾਸੀ ਹੁਸਨਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੰਦੀਪ ਉਰਫ਼ ਬਿੱਟ ਵਾਸੀ ਚੌਟਾਲਾ ਅਤੇ ਸੁਨੀਲ ਉਰਫ਼ ਬਾਰੀ ਵਾਸੀ ਕਾਲਾ ਟਿੱਬਾ ਅਬੋਹਰ ਵਜੋਂ ਹੋਈ ਹੈ।
ਪੁਲਿਸ ਨੇ ਇਸ ਗਿਰੋਹ ਕੋਲੋਂ ਦੋ ਪਿਸਤੌਲ 32 ਬੋਰ, ਇੱਕ ਰਿਵਾਲਵਰ 32 ਬੋਰ ਸਮੇਤ 20 ਕਾਰਤੂਸ, ਇੱਕ ਪਿਸਤੌਲ 315 ਬੋਰ ਤੇ ਪੰਜ ਕਾਰਤੂਸ, ਇੱਕ ਲੋਹੇ ਦਾ ਕਾਪਾ ਅਤੇ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਹੈ । ਪੁਲਿਸ ਮੁਤਾਬਕ ਗੋਬਿੰਦ ਸਿੰਘ ‘ਤੇ ਕਤਲ ਦੇ ਦੋ ਕੇਸਾਂ ਸਮੇਤ 8 ਮੁਕੱਦਮੇ ਦਰਜ ਹਨ। ਸੁਭਾਸ਼ ਖੀਚੜ ‘ਤੇ ਕਤਲ ਦਾ ਇੱਕ, ਇਰਾਦਾ ਕਤਲ ਦਾ ਇੱਕ ਅਤੇ 9 ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ । ਜਦੋਂਕਿ ਸੁਖਪਾਲ ਸਿੰਘ ਖਿਲਾਫ ਦਰਜ ਕੇਸਾਂ ਦੀ ਗਿਣਤੀ ਚਾਰ ਹੈ ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਹੁਣ ਇਨ੍ਹਾਂ ਪੰਜਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰੇਗੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਂ ਖਿਲਾਫ ਥਾਣਾ ਸੰਗਤ ਪੁਲਿਸ ਨੇ ਧਾਰਾ 309, 402 ਅਤੇ 25/54/59 ਅਸਲਾ ਐਕਟ ਤਹਿਤ ਕੇਸ ਵੀ ਦਰਜ ਕੀਤਾ ਹੈ।