Punjab Police Drug Bust: ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦੇ ਮੈਂਬਰ ਨਸ਼ੀਲੇ ਪਾਊਡਰ ਤੇ ਹਥਿਆਰਾਂ ਸਮੇਤ ਕਾਬੂ

Punjab Police Drug Bust
ਪਟਿਆਲਾ : ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਵਰੁਣ ਸ਼ਰਮਾ।

ਤਿੰਨ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ, ਇੱਕ ਦੇਸੀ ਕੱਟਾ, 10 ਜਿੰਦਾ ਰੌਦ ਅਤੇ 308 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

Punjab Police Drug Bust: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਨਸ਼ੀਲੇ ਪਾਊਡਰ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਤਿੰਨ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ, ਇੱਕ ਦੇਸੀ ਕੱਟਾ, 10 ਜਿੰਦਾ ਰੌਦ ਅਤੇ 308 ਗ੍ਰਾਂਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਸ: ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀਆਈਏ ਪਟਿਆਲਾ ਅਤੇ ਇੰਸ: ਜਸਪ੍ਰੀਤ ਸਿੰਘ ਕਾਹਲੋ ਮੁੱਖ ਅਫਸਰ ਥਾਣਾ ਕੋਤਵਾਲੀ ਨੇ ਤਿਉਹਾਰਾਂ ਦੇ ਮੱਦੇਨਜ਼ਰ ਚੈਕਿੰਗ ਦੌਰਾਨ ਘਲੌੜੀ ਗੇਟ ਮੜ੍ਹੀਆਂ ਕੋਲ ਇੱਕ ਤੇਜ਼ ਰਫਤਾਰ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਸਵਾਰਾਂ ਪਾਸੋਂ 308 ਗ੍ਰਾਮ ਨਸ਼ੀਲਾ ਪਾਊਡਰ, ਇੱਕ ਪਿਸਟਲ 9 ਐੱਮਐੱਮ, ਦੋ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ, ਇੱਕ ਦੇਸੀ ਕੱਟਾ 315 ਬੋਰ ਸਮੇਤ 10 ਜਿੰਦਾ ਰੌਦ ਹਾਸਲ ਹੋਏ।

ਇਹ ਵੀ ਪੜ੍ਹੋ: ਖਰੀਦ ਏਜੰਸੀਆਂ ਤੇ ਸ਼ੈਲਰ ਮਾਲਕਾਂ ਨੂੰ ਮੰਤਰੀ Dr. Baljit Kaur ਵੱਲੋਂ ਸਖਤ ਹੁਕਮ ਜਾਰੀ, ਆਖੀ ਇਹ ਗੱਲ

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ’ਚ ਵਿਜੈ ਕੁਮਾਰ ਪੁੱਤਰ ਲਾਲਜੀਤ ਵਾਸੀ ਗੋਪਾਲ ਕਾਲੋਨੀ ਪਟਿਆਲਾ, ਅਜੈ ਕੁਮਾਰ ਉਰਫ ਸਮਾਟੀ ਪੁੱਤਰ ਲਾਲਜੀਤ ਵਾਸੀ ਗੋਪਾਲ ਕਾਲੋਨੀ, ਜਤਿਨ ਕੁਮਾਰ ਪੁੱਤਰ ਬਲਰਾਜ ਸਿੰਘ ਵਾਸੀ ਰੋੜੀ ਕੁੱਟ ਮੁਹੱਲਾ, ਸੰਦੀਪ ਸਿੰਘ ਪੁੱਤਰ ਮੋਤੀ ਲਾਲ ਵਾਸੀ ਧੋਬੀ ਘਾਟ ਮੁਹੱਲਾ ਪਟਿਆਲਾ ਅਤੇ ਰੋਹਨ ਪੁੱਤਰ ਲਾਲੀ ਰਾਮ ਵਾਸੀ ਵੱਡਾ ਅਰਾਈ ਮਾਜਰਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨਸ਼ਾ ਉਹਨਾਂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆ ਅਤੇ ਅੱਬੂ ਸ਼ਾਹ ਦਰਗਾਹ ਦੇ ਨੇੜੇ ਸਨੌਰੀ ਅੱਡਾ ਪਟਿਆਲਾ ਦੇ ਆਸ-ਪਾਸ ਦੇ ਇਲਾਕੇ ਵਿੱਚ ਸਪਲਾਈ ਕੀਤਾ ਜਾਂਦਾ ਹੈ।

ਇਸ ਗਿਰੋਹ ਦਾ ਮੁੱਖ ਸਰਗਨਾ ਅਜੈ ਕੁਮਾਰ ਉਰਫ ਸਮਾਰਟੀ ਆਪਣੇ ਕਿਸੇ ਨਾ-ਮਾਲੂਮ ਸਾਥੀ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਹਾਸਲ ਕਰਕੇ ਉਸਨੂੰ ਛੋਟੀ ਮਾਤਰਾ ਵਿੱਚ ਆਪਣੇ ਗੁਰਗਿਆਂ ਦੀ ਮਦਦ ਨਾਲ ਪ੍ਰਚੂਨ ਵਿੱਚ ਗ੍ਰਾਹਕਾਂ ਨੂੰ ਸਪਲਾਈ ਕਰਦਾ ਸੀ। ਹਥਿਆਰਾਂ ਸਬੰਧੀ ਪੁੱਛਗਿੱਛ ਕਰਨ ਸਬੰਧੀ ਉਨ੍ਹਾਂ ਦੱਸਿਆ ਕਿ ਐਂਟੀ-ਗਰੁੱਪ ਪਾਸੋਂ ਜੁਲਾਈ ਮਹੀਨੇ ਵਿੱਚ ਪਟਿਆਲਾ ਪੁਲਿਸ ਵੱਲੋਂ 10 ਪਿਸਟਲ ਬ੍ਰਾਮਦ ਕੀਤੇ ਗਏ ਸੀ।

ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਅਮਨਦੀਪ ਸਿੰਘ ਉਰਫ ਜੱਟ ਨਾਲ ਗੂੜੀ ਮਿੱਤਰਤਾ ਹੈ ਅਤੇ ਉਹ ਜੇਲ੍ਹ ਵਿੱਚ ਕੈਦੀ ਮਿਲਣੀ ਦੌਰਾਨ ਅਮਨਦੀਪ ਸਿੰਘ ਨੂੰ ਮਿਲੇ ਸੀ ਤੇ ਉਸਨੇ ਇਹਨਾਂ ਨੂੰ ਕਿਸੇ ਵੀ ਗੈਂਗਵਾਰ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਸੀ। ਇਹਨਾਂ ਵੱਲੋਂ ਆਪਣੇ ਸਾਥੀ ਸੰਦੀਪ ਸਿੰਘ ਉਰਫ ਸੈਂਡੀ ਉਕਤ ਜਿਸਦਾ ਪਰਿਵਾਰਿਕ ਪਿਛੋਕੜ ਉੱਤਰ ਪ੍ਰਦੇਸ਼ ਰਾਜ ਨਾਲ ਸਬੰਧਿਤ ਹੈ, ਦੀ ਮਦਦ ਨਾਲ ਉੱਤਰ ਪ੍ਰਦੇਸ਼ ਤੋਂ ਬ੍ਰਾਮਦ ਅਸਲਾ ਖਰੀਦ ਕੀਤਾ ਗਿਆ ਸੀ। Punjab Police Drug Bust