Punjab Weather News: ਪੋਹ ਦਾ ਪਾਲਾ , ਬਠਿੰਡਾ ਪੰਜਾਬ ’ਚ ਸਭ ਤੋਂ ਠੰਢਾ

Punjab Weather News
ਬਠਿੰਡਾ : ਬਠਿੰਡਾ ਰੇਲਵੇ ਸਟੇਸ਼ਨ ’ਤੇ ਠੰਢ ਤੋਂ ਬਚਣ ਲਈ ਅੱਗ ਸੇਕਦੇ ਹੋਏ ਯਾਤਰੀ

ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵੀ ਘਟਣ ਦੀ ਸੰਭਾਵਨਾ

Punjab Weather News: (ਸੁਖਜੀਤ ਮਾਨ) ਬਠਿੰਡਾ। ਕੜਾਕੇ ਦੀ ਠੰਢ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ ਲਗਾਤਾਰ ਵਧ ਰਹੀ ਠੰਢ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ’ਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਬੀਤੇ 24 ਘੰਟਿਆਂ ’ਚ ਬਠਿੰਡਾ ਖੇਤਰ ਘੱਟ ਤੋਂ ਘੱਟ 5 ਡਿਗਰੀ ਤਾਪਮਾਨ ਨਾਲ ਪੰਜਾਬ ਭਰ ’ਚੋਂ ਸਭ ਤੋਂ ਠੰਢਾ ਰਿਹਾ ਬਠਿੰਡਾ, ਫਰੀਦਕੋਟ ਅਤੇ ਸੰਗਰੂਰ ਇਲਾਕੇ ਦੇ ਤਾਪਮਾਨ ’ਚ ਬੀਤੇ ਕੱਲ੍ਹ ਨਾਲੋਂ ਕਰੀਬ 2 ਡਿਗਰੀ ਗਿਰਾਵਟ ਦਰਜ਼ ਕੀਤੀ ਗਈ ਹੈ ਮਾਹਿਰਾਂ ਨੇ ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵੀ ਘਟਣ ਦੀ ਸੰਭਾਵਨਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: England vs India: ਇੰਗਲੈਂਡ ਖਿਲਾਫ਼ ਸੀਰੀਜ਼ ’ਚ ਕਈ ਖਿਡਾਰੀਆਂ ਨੂੰ ਮਿਲੇਗਾ ਆਰਾਮ, ਰੋਹਿਤ-ਕੋਹਲੀ ’ਤੇ ਫੈਸਲਾ ਇਸ ਦਿਨ

ਵੇਰਵਿਆਂ ਮੁਤਾਬਿਕ ਪਹਾੜੀ ਖੇਤਰਾਂ ’ਚ ਬਰਫ਼ਬਾਰੀ ਵਧਣ ਦੇ ਨਤੀਜੇ ਵਜੋਂ ਮੈਦਾਨੀ ਇਲਾਕਿਆਂ ’ਚ ਵੀ ਠੰਢ ਵਧ ਗਈ ਹੈ ਧੁੱਪ ਘੱਟ ਨਿੱਕਲ ਰਹੀ ਹੈ ਤੇ ਸੀਤ ਲਹਿਰ ਵਗ੍ਹਣ ਕਰਕੇ ਠੰਢ ਜੋਰ ਫੜ੍ਹ ਰਹੀ ਹੈ ਮਾਹਿਰਾਂ ਨੇ ਹਾਲ ਦੀ ਘੜੀ ਅਜਿਹੇ ਮੌਸਮ ਤੋਂ ਕੋਈ ਰਾਹਤ ਨਾ ਮਿਲਣ ਦੀ ਗੱਲ ਆਖੀ ਹੈ ਸਗੋਂ ਠੰਢ ਹੋਰ ਵੀ ਵਧੇਗੀ।

ਮੌਸਮ ਵਿਗਿਆਨੀਆਂ ਨੇ ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਪੈਣ ਦਾ ਵੀ ਅਨੁਮਾਨ ਲਗਾਇਆ ਹੈ ਕੜਾਕੇ ਦੀ ਇਸ ਠੰਢ ’ਚ ਵਿਦਿਆਰਥੀਆਂ ਨੂੰ ਸਕੂਲ ਖੁੱਲ੍ਹਣ ਦਾ ਡਰ ਸਤਾ ਰਿਹਾ ਸੀ ਪਰ ਅੱਜ ਬਾਅਦ ਦੁਪਹਿਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 7 ਜਨਵਰੀ ਤੱਕ ਛੁੱਟੀਆਂ ’ਚ ਵਾਧੇ ਦਾ ਐਲਾਨ ਕਰ ਦਿੱਤਾ। ਕੜਾਕੇ ਦੀ ਇਹ ਠੰਢ ਕਣਕ ਦੀ ਫਸਲ ਲਈ ਲਾਹੇਵੰਦ ਹੈ ਸਵੇਰ ਵੇਲੇ ਸੜਕਾਂ ’ਤੇ ਮਜ਼ਬੂਰੀ ਵੱਸ ਨਿੱਕਲਣ ਵਾਲੇ ਲੋਕ ਹੀ ਦਿਖਾਈ ਦਿੰਦੇ ਹਨ ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਠੰਢ ਕਹਿਰ ਬਣੀ ਹੋਈ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਤੇ ਬੇਸਹਾਰਿਆਂ ਨੂੰ ਕੰਬਲ ਵੰਡ ਕੇ ਠੰਢ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਵੱਲੋਂ ਜਨਤਕ ਸਥਾਨਾਂ ’ਤੇ ਰਾਹਗੀਰਾਂ ਅਤੇ ਯਾਤਰੀਆਂ ਲਈ ਧੂਣੀਆਂ ਬਾਲ ਕੇ ਠੰਢ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਲ੍ਹਾ ਘੱਟ ਤੋਂ ਘੱਟ ਤਾਪਮਾਨ

ਬਠਿੰਡਾ          5 ਡਿਗਰੀ
ਅੰਮ੍ਰਿਤਸਰ       9
ਲੁਧਿਆਣਾ        7.4
ਪਟਿਆਲਾ        8.9
ਫਰੀਦਕੋਟ       6
ਬਰਨਾਲਾ        5.9
ਫਿਰੋਜ਼ਪੁਰ       8
ਮੋਹਾਲੀ          9.6
ਸੰਗਰੂਰ         5.3