ਪਾਣੀ ਦਾ ਬੁਲਬੁਲਾ (ਕਾਵਿ ਕਿਆਰੀ)

Poem in Punjabi

ਮਿੱਟੀ ਦਾ ਤੂੰ ਹੈਂ ਖਿਡੌਣਾ,
ਕੀ ਤੇਰੀ ਔਕਾਤ ਓ ਬੰਦਿਆ।
ਤਨ ਆਪਣੇ ਦਾ ਮਾਣ ਹੈਂ ਕਰਦਾ,
ਸਮਝੇਂ ਇਹਨੂੰ ਫੌਲਾਦ ਓ ਬੰਦਿਆ।
ਤੈਨੂੰ ਮੇਲਾ ਵੇਖਣ ਜਿਸ ਨੇ ਘੱਲਿਆ,
ਕਦੇ ਰਚਾਵੇਂ ਨਾ ਸੰਵਾਦ ਓ ਬੰਦਿਆ।
ਤੇਰੇ ਅੰਦਰੋਂ ਜੋ ਧੁਨਕਾਰਾਂ ਦਿੰਦਾ,
ਸੁਣੇਂ ਨਾ ਅਨਹਦ ਨਾਦ ਓ ਬੰਦਿਆ।
ਇੱਥੇ ਪਾਣੀ ਦਾ ਤੂੰ ਹੈਂ ਬੁਲਬੁਲਾ,
ਕੀ ਤੇਰੀ ਮੁਨਿਆਦ ਓ ਬੰਦਿਆ।
ਦੁਨੀਆਦਾਰੀ ਦੇ ਛੱਡ ਝਮੇਲੇ,
ਕਰ ਸਤਿਗੁਰ ਨੂੰ ਯਾਦ ਓ ਬੰਦਿਆ।
ਓਸੇ ਨੇ ਹੀ ਨੇੜਿਉਂ ਸੁਣਨੀ,
ਕੀਤੀ ਤੇਰੀ ਫਰਿਆਦ ਓ ਬੰਦਿਆ।
ਜਿਸ ਭਾੜੇ ਦਿੱਤੀ ਹੈ ਜ਼ਿੰਦਗਾਨੀ,
ਕਰ ਉਹਦਾ ਧੰਨਵਾਦ ਓ ਬੰਦਿਆ।
ਦੱਦਾਹੂਰੀਆ ਜੇ ਹਾਲੇ ਨਾ ਸਮਝਿਆ,
ਫਿਰ ਜ਼ਿੰਦਗੀ ਬਰਬਾਦ ਓ ਬੰਦਿਆ।
ਜਸਵੀਰ ਸ਼ਰਮਾ ਦੱਦਾਹੂਰ
ਮੋ. 95691-49556

ਦੁਆ

ਖੁਸ਼ ਰਹੋ ਅਬਾਦ ਰਹੋ,
ਯਾਦ ਰੱਖੋ ਯਾਦ ਰਹੋ,
ਦੀਵੇ ਜਗਦੇ ਰਹਿਣ,
ਪਾਣੀ ਵਗਦੇ ਰਹਿਣ,
ਸਾਡੇ ਤੋਂ ਪਹਿਲਾਂ ਰਹੋ,
ਸਾਡੇ ਤੋਂ ਬਾਅਦ ਰਹੋ,
ਯਾਦ ਰੱਖੋ, ਯਾਦ ਰਹੋ…
ਸਾਹਾਂ ਦੇ ਯੱਕੇ ਰਿੜੇ੍ਹ ਰਹਿਣ,
ਆਸਾਂ ਦੇ ਫੁੱਲ ਖਿੜੇ ਰਹਿਣ,
ਆਦਿ ਰਹੋ ਜੁਗਾਦ ਰਹੋ,
ਦੁਆ ਰਹੋ ਚਾਹੇ ਮੁਰਾਦ ਰਹੋ,
ਯਾਦ ਰੱਖੋ ਯਾਦ ਰਹੋ…
ਚਿਹਰੇ ਹੱਸਦੇ ਰਹਿਣ,
ਘਰ ਵੱਸਦੇ ਰਹਿਣ,
ਰੁੱਤਾਂ ਗਾਉਂਦੀਆਂ ਰਹਿਣ,
ਧੀਆਂ ਪੁੱਤ ਪਿਆਰੇ,
ਜੰਨਤ ਦੇ ਨਜ਼ਾਰੇ,
ਮਾਂਵਾਂ ਜਿਉਂਦੀਆ ਰਹਿਣ,
ਵਕਤਾਂ ਦੇ ਹਾਣ ਦੇ ਹੋਵੋ,
ਰੁੱਤਾਂ ਨੂੰ ਮਾਣਦੇ ਹੋਵੋ,
ਖੁਸ਼ੀ ਦੇ ਬੱੁਲੇ ਵਗਦੇ ਰਹਿਣ,
ਗੀਤ ਰਹੋ ਚਾਹੇ ਸਾਜ ਰਹੋ,
ਯਾਦ ਰੱਖੋ ਯਾਦ ਰਹੋ,
ਖੁਸ਼ ਰਹੋ ਆਬਾਦ ਰਹੋ।
ਗੁਰਵਿੰਦਰ ਗੁਰੂ, ਕੈਂਪਰ, ਦਿੜ੍ਹਬਾ
ਮੋ. 98150-69800

ਜ਼ਿੰਦਗੀ

ਜ਼ਿੰਦਗੀ ਆਪਣੀ ਚਾਲ ਗੁਜ਼ਰਦੀ ਜਾਂਦੀ ਏ,
ਇੱਕ-ਇੱਕ ਦਿਨ ਕਰ ਸਾਲ ਗੁਜ਼ਰਦੀ ਜਾਂਦੀ ਏ
ਤੇਰੇ ਸੋਹਣੇ ਮੁੱਖੜੇ ਵਰਗਾ ਸਾਨੂੰ ਹੋਰ ਨਹੀਂ ਮਿਲਿਆ,
ਤੇਰੀ ਹੀ ਕਰਦਿਆਂ ਭਾਲ ਗੁਜ਼ਰਦੀ ਜਾਂਦੀ ਏ
ਇਹ ਜ਼ਿੰਦਗਾਨੀ, ਰੁੱਤ ਮਸਤਾਨੀ ਚਾਰ ਦਿਹਾੜੇ ਰਹਿਣੀ ਆਂ,
ਤੂੰ ਕੁੱਝ ਤਾਂ ਸੁਰਤ ਸੰਭਾਲ ਗੁਜ਼ਰਦੀ ਜਾਂਦੀ ਏ
ਲਾਰਿਆਂ ਅਤੇ ਇਸ਼ਾਰਿਆਂ ਦੇ ਵਿੱਚ ਬਹੁਤੀ ਕੱਡਿਆ ਸੇਮਘਾਰੂ,
ਪਰ ਹੁਣ ਨਾ ਸਾਨੂੰ ਟਾਲ਼ ਗੁਜ਼ਰਦੀ ਜਾਂਦੀ ਏ
ਸੇਮਘਾਰੂ ਗੱਜਣਆਲੀਆ, ਮੋਗਾ
ਮੋ. 98551-55118

ਵੱਖਰੀ ਪਛਾਣ

ਵੱਖਰੀ ਪਛਾਣ ਸਾਡੀ,
ਵਿੱਚ ਜੱਗ ਦੇ।
ਪਿਆਰ ਨਾਲ ਬੰਨ੍ਹੀ ਹੋਵੇ,
ਸੋਹਣੀ ਪੱਗ ਜੇ।
ਲੱਖਾਂ ਵਿਚੋਂ ਹੁੰਦੀ ਓਹਦੀ,
ਵੱਖਰੀ ਹੀ ਤੋਰ ਜੀ।
ਹਰ ਕੋਈ ਤੱਕੇ ਫਿਰ,
ਨਾਲ ਗੌਰ ਜੀ।
ਦੱਸਾਂ ਨਹੰੁਆਂ ਦੀ ਹੈ ਜੋ,
ਕਿਰਤ ਕਮਾਉਂਦਾ।
ਲੁੱਟ ਜਿਹੜਾ ਕਿਸੇ ਨੂੰ,
ਨਾ ਹੈ ਕਦੇ ਖਾਂਦਾ।
ਉਹੀ ਸੱਚਾ ਸਿੱਖ ਹੈ,
ਜੱਗ ’ਤੇ ਕਹਾਉਂਦਾ।
ਬੇਸ਼ੱਕ ਹਨ ਇੱਥੇ ਕਈ,
ਕਈ ਠੱਗ, ਕਈ ਚੋਰ ਜੀ।
ਲੱਖਾਂ ਵਿਚੋਂ ਹੁੰਦੀ ਓਹਦੀ,
ਵੱਖਰੀ ਹੀ ਤੋਰ ਜੀ।
ਹਰ ਕੋਈ ਤੱਕੇ ਫਿਰ,
ਨਾਲ ਗੌਰ ਜੀ।
ਸਰਬਜੀਤ ਸੰਗਰੂਰਵੀ,
ਪੁਰਾਣੀ ਅਨਾਜ ਮੰਡੀ, ਸੰਗਰੂਰ।
ਮੋ. 94631-62463

ਜੰਨਤ

ਮੁੱਖ ਤੇਰੇ ’ਚੋਂ ਦਿਸਦਾ ਮਾਏ
ਜੰਨਤ ਦਾ ਪਰਛਾਵਾਂ ।
ਆਪਣੇ ਹੱਥੀਂ ਜੋ ਤੂੰ ਕੀਤੀਆਂ
ਕਿੱਦਾਂ ਭੁੱਲਾਂ ਉਹ ਛਾਵਾਂ ।
ਲਾਡ ਲਡਾਏ, ਚੋਜ ਪੁਗਾਏ
ਕਰਜਾ ਕਿਵੇਂ ਚੁਕਾਵਾਂ ।
ਲੱਗੇ ਠ੍ਹੋਕਰ ਤਾਂ ਨੀਰ ਵਹਾਉਂਦੀ
ਹਾਏ! ਹਾਏ! ਮੈਂ ਮਰ ਜਾਵਾਂ ।
ਪਿਆਰ ਤੇਰਾ ਅਣਮੁੱਲਾ ਅੰਮੀਏ
ਪਰ ਕਹਿ ਨਾ ਤੈਨੂੰ ਪਾਵਾਂ ।
ਰੱਬ ਜਿੱਡਾ ਹੈ ਤੇਰਾ ਰੁਤਬਾ
ਦੱਸ ਮਾਂ ਕਿਵੇਂ ਸਮਝਾਵਾਂ ।
ਹੱਥ ਤੇਰਾ ਹੈ ਮੇਰੇ ਸਿਰ ’ਤੇ
ਤਾਂ ਹੀ ‘ਵਿਨਰ’ ਕਹਾਵਾਂ ।
ਹੁਣ ਦਿਲ ਕਰਦਾ ਹਰ ਜੂਨੇ ਮੈਂ
ਤੇਰੇ ਵਿਹੜੇ ਗਾਵਾਂ ।
ਬੁੱਕਲ ਤੇਰੀ ਦਾ ਨਿੱਘ ਮਾਣਾ
ਪੁੱਤ ਤੇਰਾ ਬਣ ਆਵਾਂ
ਕੇ. ਮਨੀਵਿਨਰ, ਤਲਵੰਡੀ ਸਾਬੋ।
ਮੋ. 94641-97487

ਪੰਛੀ, ਰੁੱਖ ਤੇ ਆਲ੍ਹਣੇ
ਕੱਚਿਆਂ ਦੀ ਥਾਂ ਪੱਕੇ ਪੈਗੇ,
ਪੰਛੀ ਆਲ੍ਹਣਿਆਂ ਤੋਂ ਰਹਿਗੇ।
ਰੁੱਖ ਵੀ ਬਹੁਤੇ ਕੱਟ-ਵੱਢ ਸੁੱਟੇ,
ਟਾਵਰ ਨਾਲ ਅਸਮਾਨਾਂ ਖਹਿਗੇ।
ਰੇਹਾਂ ਤੇ ਸਪਰੇਹਾਂ ਛਿੜਕੀਆਂ,
ਪੰਛੀ ਕਿੱਥੇ ਜਾ ਕੇ ਸ਼ਹਿਗੇ।
ਉਹ ਵਿਚਾਰੇ ਹੁਣ ਕੀ ਕਰਨ,
ਉਹਨਾਂ ਦੇ ਰੈਣ-ਬਸੇਰੇ ਢਹਿਗੇ।
ਪੰਛੀਆਂ ਨਾਲ ਸੰਸਾਰ ਹੈ ਸੋਹਣਾ,
ਅਸੀਂ ਕਿਹੜੇ ਵਹਿਣੀ ਵਹਿਗੇ।
ਪੰਛੀ, ਰੁੱਖ ਤੇ ਆਲ੍ਹਣਿਆਂ ਨੂੰ,
ਪੱਤੋ, ਕੌਣ ਬਿਗਾਨੇ ਲੈਗੇ?
ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ
ਮੋ. 94658-21417

Chhattisgarh CM : ਵਿਸ਼ਨੂੰਦੇਵ ਸਾਈਂ ਬਣੇ ਛੱਤੀਸਗੜ੍ਹ ਮੁੱਖ ਮੰਤਰੀ