ਨਾ ਗਾਲ਼, ਨਹੀਂ ਗੋਲ਼ੀ…ਗਲ ਲਾਉਣ ਨਾਲ ਸੁਲਝੇਗੀ ਸਮੱਸਿਆ: ਪ੍ਰਧਾਨ ਮੰਤਰੀ

PM, Narendra Modi, Independence-day, India

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨਰੇਂਦਰ ਮੋਦੀ ਨੇ ਚੌਥੀ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਤਿਆਗ ਤੇ ਬਲਿਦਾਨ ਕਰਨ ਵਾਲਿਆਂ ਨੂੰ ਉਹ ਪ੍ਰਣਾਮ ਕਰਦੇ ਹਨ। ਦੇਸ਼ ਨੂੰ ਸੰਬੋਧਨ ਕਰਦਿਆਂ ਅੱਤਵਾਦ, ਭ੍ਰਿਸ਼ਟਾਚਾਰ, ਨੋਟਬੰਦੀ, ਜੀ.ਐਸ.ਟੀ. ਤੇ ਤਿੰਨ ਤਲਾਕ,  ਡੋਕਲਾਮ ਵਿਵਾਦ ਤੇ ਗੋਰਖਪੁਰ ਤ੍ਰਾਸਦੀ  ਦਾ ਜ਼ਿਕਰ ਕੀਤਾ।

ਗੋਰਖਪੁਰ ਤਰਾਸਦੀ ‘ਤੇ ਦੁੱਖ ਪ੍ਰਗਟਾਇਆ

ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਹੀ ਗੋਰਖੁਪਰ ਮੈਡੀਕਲ ਕਾਲਜ ਵਿੱਚ ਬੀਤੇ ਦਿਨਾਂ ਦੌਰਾਨ ਤਕਰੀਬਨ 70 ਬੱਚਿਆਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਹਾਲਾਂਕਿ ਉਨ੍ਹਾਂ ਇਸ ਸਬੰਧੀ ਸਰਕਾਰ ਦੀ ਅਗਲੀ ਕਾਰਵਾਈ ਬਾਰੇ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਯੂ.ਪੀ. ਦੇ ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ਵਿੱਚ ਕਥਿਤ ਤੌਰ ‘ਤੇ ਆਕਸੀਜਨ ਖ਼ਤਮ ਹੋਣ ਕਾਰਨ ਦੋ ਦਿਨਾਂ ਵਿੱਚ 36 ਬੱਚਿਆਂ ਦੀ ਮੌਤ ਹੋ ਗਈ ਸੀ, ਜਦਕਿ ਸੂਬਾ ਸਰਕਾਰ ਆਕਸੀਜਨ ਦੀ ਕਮੀ ਨੂੰ ਮੌਤਾਂ ਦਾ ਕਾਰਨ ਨਹੀਂ ਮੰਨ ਰਹੀ।

ਇਸ ਤੋਂ ਇਲਾਵਾ ਉਨ੍ਹਾਂ ਕੁਦਰਤੀ ਆਫਤਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਆਪਣੇ ਭਾਸ਼ਣ ਵਿੱਚ ਮੋਦੀ ਨੇ ਅੱਗੇ ਕਿਹਾ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ ਅਸੀਂ 2022 ਤੱਕ ਨਿਊ ਇੰਡੀਆ ਬਣਾਵਾਂਗੇ। ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਬਿਜਲੀ, ਪਾਣੀ ਤੇ ਘਰ ਹੋਣ, ਅਜਿਹਾ ਭਾਰਤ ਜੋ ਚਿੰਤਾ ‘ਚ ਨਹੀਂ ਚੈਨ ਨਾਲ ਸੌਂ ਸਕੇ, ਜਿੱਥੇ ਨੌਜਵਾਨਾਂ ਤੇ ਔਰਤਾਂ ਨੂੰ ਸੁਫਨੇ ਪੂਰੇ ਕਰਨ ਲਈ ਪੂਰੇ ਮੌਕੇ ਮਿਲਣ। ਉਨ੍ਹਾਂ ਕਿਹਾ, “ਦੇਸ਼ ਵਿੱਚ ਹੁਣ ਲੁੱਟ ਨਹੀਂ ਚੱਲੇਗੀ, ਸਾਰਿਆਂ ਨੂੰ ਜਵਾਬ ਦੇਣਾ ਪਵੇਗਾ।” ਮੋਦੀ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਡੇਟਾ ਖੰਘਾਲਣ ਤੋਂ ਬਾਅਦ ਕਾਰਵਾਈ ਕਰਦਿਆਂ ਕਾਲੇ ਧੰਦਿਆਂ ਤੇ ਹਵਾਲਾ ਦੇ ਕੰਮ ਕਰਦੀਆਂ ਪੌਣੇ ਦੋ ਲੱਖ ਕੰਪਨੀਆਂ ਨੂੰ ਜਿੰਦੇ ਲਾ ਦਿੱਤੇ।

ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਪ੍ਰਾਪਤ ਹੋਈ ਰਕਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੈਂਕਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਜਮ੍ਹਾਂ ਹੋਏ ਹਨ। ਇਸ ਵਿੱਚੋਂ ਪੌਣੇ ਦੋ ਲੱਖ ਕਰੋੜ ਤੋਂ ਜ਼ਿਆਦਾ ਰਕਮ ਸ਼ੱਕ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ 18 ਲੱਖ ਤੋਂ ਜ਼ਿਆਦਾ ਅਜਿਹੇ ਲੋਕਾਂ ਨੂੰ ਪਛਾਣ ਲਿਆ ਗਿਆ ਹੈ ਜਿਨ੍ਹਾਂ ਦੀ ਕਮਾਈ ਉਨ੍ਹਾਂ ਦੇ ਆਮਦਨ ਤੋਂ ਜ਼ਿਆਦਾ ਹੈ। ਇੱਕ ਲੱਖ ਅਜਿਹੇ ਲੋਕ ਹਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਆਮਦਨ ਕਰ ਅਦਾ ਕਰਨ ਬਾਰੇ ਨਹੀਂ ਸੀ ਸੋਚਿਆ।

ਹਿੰਸਾ ਸਵੀਕਾਰ ਨਹੀਂ

ਮੋਦੀ ਨੇ ਕਿਹਾ ਕਿ ਸ਼ਰਧਾ ਦੇ ਨਾਂ ‘ਤੇ ਹਿੰਸਾ ਦੇਸ਼ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦ ਦੇਸ਼ ਗ਼ੁਲਾਮ ਸੀ ਤਾਂ ਭਾਰਤ ਛੱਡੋ ਦਾ ਨਾਅਰਾ ਸੀ ਤੇ ਅੱਜ ਭਾਰਤ ਜੋੜੋ ਦਾ ਨਾਅਰਾ ਹੈ। ਅੱਗੇ ਪ੍ਰਧਾਨ ਮੰਤਰੀ ਨੇ ਤਿੰਨ ਤਲਾਕ ਤੋਂ ਪੀੜਤ ਔਰਤਾਂ ਦੇ ਅੰਦੋਲਨਾਂ ਬਾਰੇ ਕਿਹਾ ਕਿ ਉਨ੍ਹਾਂ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਹਿਲਾ ਦਿੱਤਾ ਹੈ ਤੇ ਦੇਸ਼ ਇਨ੍ਹਾਂ ਔਰਤਾਂ ਦੇ ਹੱਕ ਦਿਵਾਉਣ ਵਿੱਚ ਦੇਸ਼ ਮਦਦ ਕਰੇਗਾ।

ਪਿਛਲੇ ਕੁਝ ਸਮੇਂ ਵਿੱਚ ਖ਼ੁਦਕੁਸ਼ੀ ਕਰ ਚੁੱਕੇ ਅਤੇ ਜੰਤਰ-ਮੰਤਰ ਵਿੱਚ ਨੰਗੇ ਹੋ ਤੇ ਆਪਣਾ ਪਿਸ਼ਾਬ ਪੀ ਕੇ ਰੋਸ ਜ਼ਾਹਰ ਕਰਨ ਵਾਲੇ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ 99 ਵਿੱਚੋਂ 21 ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਸਾਨਾਂ ਲਈ ਬੀਜ ਤੋਂ ਬਾਜ਼ਾਰ ਤਕ ਸਹੂਲਤ ਮੁਹੱਈਆ ਕਰਵਾਉਣ ਦੀ ਗੱਲ ਕਹੀ। ਹਾਲਾਂਕਿ ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਬਗ਼ੈਰ ਗਾਲ਼ ਤੇ ਗੋਲੀ ਤੋਂ, ਕਸ਼ਮੀਰੀਆਂ ਨੂੰ ਗਲ਼ ਲਾ ਕੇ ਕਸ਼ਮੀਰ ਦੀ ਹਰ ਸਮੱਸਿਆ ਸੁਲਝਣ ਵਿੱਚ ਆਪਣਾ ਯਕੀਨ ਜ਼ਾਹਰ ਕੀਤਾ।

ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਕੁੱਲ 55 ਮਿੰਟ ਦਾ ਭਾਸ਼ਣ ਦਿੱਤਾ। ਇਸ ਵਿੱਚ ਉਨ੍ਹਾਂ 2022 ਤੱਕ ‘ਨਿਊ ਇੰਡਿਆ’ ਬਣਾਉਣ ਦੇ ਸੰਕਲਪ ‘ਤੇ ਜ਼ਿਆਦਾ ਜ਼ੋਰ ਦਿੱਤਾ। ਮੋਦੀ ਨੇ ‘ਵੰਦੇ ਮਾਤਰਮ’, ‘ਜੈ ਹਿੰਦ’ ਅਤੇ ‘ਭਾਰਤ ਮਾਤਾ ਦੀ ਜੈ’ ਬੋਲ ਆਪਣਾ ਭਾਸ਼ਣ ਖ਼ਤਮ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।