ਕਾਂਗਰਸ ‘ਚ ਪਾਇਲਟ ਦੀ ਵਾਪਸੀ ਮੁਸ਼ਕਲ
ਜੈਪੁਰ। ਰਾਜਸਥਾਨ ‘ਚ ਕਾਂਗਰਸ ਵਿਧਾਇਕਾਂ ਦੀ ਧੜੇਬੰਦੀ ਦਰਮਿਆਨ ਉਪ ਮੁੱਖ ਮੰਤਰੀ ਅਹੁਦੇ ਤੋਂ ਬਰਖਾਸ਼ਤ ਕੀਤੇ ਗਏ ਸਚਿਨ ਪਾਇਲਟ ਦੀ ਕਾਂਗਰਸ ‘ਚ ਵਾਪਸੀ ਬਹੁਤ ਮੁਸ਼ਕਲ ਹੈ।
ਕਾਂਗਰਸ ਵਿਧਾਇਕ ਦਲ ਨੇ ਪਾਇਲਟ ਨੂੰ ਬਰਖਾਸ਼ਤ ਕਰਨ ਦਾ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਸੀ। ਪਾਇਲਟ ਦੇ ਬਰਖਾਸਤ ਹੋਣ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਇਲਟ ‘ਤੇ ਸਰਕਾਰ ਡੇਗਣ ਦੇ ਲਈ 20 ਕਰੋੜ ਦਾ ਸੌਦਾ ਕਰਨ ਦਾ ਦੋਸ਼ ਲਾਇਆ ਸੀ। ਬਾਅਦ ‘ਚ ਪਾਇਲਟ ਨੇ ਲੰਮੀ ਚੁੱਪ ਤੋਂ ਬਾਅਦ ਜਦੋਂ ਇਹ ਕਿਹਾ ਕਿ ਉਹ ਭਾਜਪਾ ‘ਚ ਨਹੀਂ ਜਾਣਗੇ ਤਾਂ ਇਹ ਕਿਆਸਾਂ ਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀ ਕਾਂਗਰਸ ‘ਚ ਵਾਪਸੀ ਹੋ ਸਕਦੀ ਹੈ। ਪਾਇਲਟ ਪ੍ਰਤੀ ਨਰਮ ਰੁਖ ਵਰਤਿਆਂ ਕਾਂਗਰਸ ਆਲਾਕਮਾਨ ਨੇ ਉਨ੍ਹਾਂ ਨੂੰ ਜੈਪੁਰ ਪਰਤਣ ਲਈ ਕਿਹਾ ਸੀ ਪਰ ਉਹ ਨਹੀਂ ਆਏ। ਸਰਕਾਰ ਡੇਗਣ ‘ਚ ਪਾਇਲਟ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਂਗਰਸ ਆਗੂਆਂ ‘ਚ ਕਾਫ਼ੀ ਨਾਰਾਜ਼ਗੀ ਹੈ ਤੇ ਉਹ ਨਹੀਂ ਚਾਹੁੰਦੇ ਕਿ ਪਾਇਲਟ ਵਾਪਸ ਆਏ ਕਿਉਂਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਗੁੱਟਬਾਜ਼ੀ ਫਿਰ ਵਧ ਸਕਦੀ ਹੈ।
ਓਧਰ ਸਰਕਾਰ ਡੇਗਣ ਦੀ ਸਾਜਿਸ਼ ਦੀਆਂ ਖਬਰਾਂ ਦਰਮਿਆਨ ਕਾਂਗਰਸ ਵਿਧਾਇਕਾਂ ਨੂੰ ਇੱਕ ਪੰਜ ਸਿਤਾਰਾ ਹੋਟਲ ‘ਚ ਠਹਿਰਾਇਆ ਗਿਆ ਹੈ ਤੇ ਕੁਝ ਦਿਨ ਹੋਰ ਇਹ ਸਥਿਤੀ ਰਹਿ ਸਕਦੀ ਹੈ। ਪਾਇਲਟ ਦੇ ਹਮਾਇਤੀ ਵਿਧਾਇਕਾਂ ਨੂੰ ਹਰਿਆਣਾ ਦੇ ਇੱਕ ਰਿਸੋਰਟ ‘ਚ ਠਹਿਰਾਇਆ ਗਿਆ ਹੈ ਪਰ ਉਨ੍ਹਾਂ ਦੀ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ