
Canal Accident. (ਕ੍ਰਿਸ਼ਨ ਭੋਲਾ/ਰਾਜ ਸਿੰਗਲਾ) ਬਰੇਟਾ/ਲਹਿਰਾਗਾਗਾ। ਪਿੰਡ ਬਖਸ਼ੀ ਵਾਲਾ ਤੋਂ ਆਲਮਪੁਰ ਲਹਿਰਾ ਨਹਿਰ ਦੇ ਨਾਲ-ਨਾਲ ਬਣੇ ਰੋਡ ਉਪਰ ਅੱਜ ਤਕਰੀਬਨ 11 ਵਜੇ ਕਾਰ ਅਤੇ ਪਿਕਅੱਪ ਵਿਚਕਾਰ ਟੱਕਰ ਹੋ ਗਈ ਅਤੇ ਬਲੈਰੋ ਪਿਕਅੱਪ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਪਿਕਅੱਪ ’ਚ ਇਕ ਬੱਚੇ ਸਮੇਤ ਕੁੱਲ 13 ਜਣੇ ਸਵਾਰ ਸੀ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੱਕਅੱਪ ਸਵਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਹਿਰ ’ਤੇ ਰੇਲਿੰਗ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਸਬੰਧੀ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਅਨਾਊਂਸਮੈਂਟ ਕਰਵਾਈ ਗਈ । ਇਸ ਤੋਂ ਬਾਅਦ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਦੀ ਮੱਦਦ ਨਾਲ ਨਹਿਰ ’ਚ ਡਿੱਗੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਮੇਲਾ ਸਿੰਘ ਆਪਣੀ ਟੀਮ ਸਮੇਤ ਪੁੱਜੇ ਅਤੇ ਉਹਨਾਂ ਹਾਦਸਾ ਗ੍ਰਸਤ ਪਿਕਅੱਪ ਨੂੰ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢਣ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨਹਿਰ ਕਿਨਾਰੇ ਰੇਲਿੰਗ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
ਪੁਲਿਸ ਚੌਂਕੀ ਚੋਟੀਆ ਦੀ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਟਲਿਆ
ਆਮ ਤੌਰ ’ਤੇ ਲੋਕਾਂ ’ਚ ਇਹ ਧਾਰਨਾ ਬਣੀ ਰਹਿੰਦੀ ਹੈ ਕਿ ਹਾਦਸਿਆਂ ਮੌਕੇ ਪੁਲਿਸ ਦੇਰ ਨਾਲ ਪਹੁੰਚਦੀ ਹੈ, ਪਰ ਪੁਲਿਸ ਚੌਂਕੀ ਚੋਟੀਆਂ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ, ਜਿਸ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਨਹਿਰ ’ਚ ਡਿੱਗੀ ਪਿਕਅੱਪ ਗੱਡੀ ’ਚੋਂ 13 ਯਾਤਰੀਆਂ ਨੂੰ ਸੁਰੱਖਿਅਤ ਨਹਿਰ ’ਚ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਚੋਟੀਆ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਆਪਣੀ ਟੀਮ ਦੀ ਮੱਦਦ ਨਾਲ ਨਹਿਰ ਵਿੱਚ ਡਿੱਗੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਦਾਖਲ ਕਰਵਾਇਆ। ਪੁਲਿਸ ਦੀ ਇਸ ਮਨੁੱਖਤਾ ਭਰੀ ਕਾਰਵਾਈ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। Canal Accident













