ਦੋਵਾਂ ਮ੍ਰਿਤਕ ਸਰੀਰਾਂ ਨੂੰ ਫੁੱਲਾਂ ਨਾਲ ਸਜੀਆਂ ਵੈਨਾਂ ਰਾਹੀਂ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸਾਧ-ਸੰਗਤ ਤੇ ਗ੍ਰਾਮ ਪੰਚਾਇਤ ਨੇ ਦਿੱਤੀ ਅੰਤਿਮ ਵਿਦਾਇਗੀ
ਬਲਾਕ ਬਰਨਾਲਾ /ਧਨੌਲਾ ਦੇ 43, 44 ਤੇ ਪਿੰਡ ਪੱਤੀ ਸੇਖਵਾਂ ਦੇ ਪਹਿਲੇ ਸਰੀਰਦਾਨੀ ਬਣੇ ਰਣਜੀਤ ਸਿੰਘ ਇੰਸਾਂ ਤੇ ਅਜਮੇਰ ਸਿੰਘ ਇੰਸਾਂ
(ਜਸਵੀਰ ਸਿੰਘ ਗਹਿਲ) ਬਰਨਾਲਾ। ਮਾਨਵਤਾ ਭਲਾਈ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ 135 ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਅੰਜ਼ਾਮ ਦੇ ਕੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਨਾਲ ਨਾ ਸਿਰਫ਼ ਸਮਾਜ ਅੰਦਰ ਆਪਸੀ ਭਾਈਚਾਰਕ ਹੋਰ ਵਧੇਰੇ ਮਜ਼ਬੂਤ ਹੋ ਰਹੀ ਹੈ ਸਗੋਂ ਅਜਿਹੇ ਕਾਰਜ਼ਾਂ ਨੂੰ ਵੀ ਹੋਰ ਵੜਾਵਾ ਮਿਲ ਰਿਹਾ ਹੈ ਤੇ ਲੋਕ ਜਾਗਰੂਕ ਹੋ ਕੇ ਅਜਿਹੇ ਕਾਰਜ਼ ਕਰਨ ਵੱਲ ਉਤਸ਼ਾਹਿਤ ਹੋ ਰਹੇ ਹਨ। ਭਲਾਈ ਕਾਰਜ਼ਾਂ ਦੀ ਇਸ ਲੜੀ ਤਹਿਤ ਹੀ ਬਲਾਕ ਬਰਨਾਲਾ/ਧਨੌਲਾ ਦੇ ਪਿੰਡ ਪੱਤੀ ਸੇਖਵਾਂ ਵਿਖੇ ਇੱਕੋ ਦਿਨ ਦੋ ਵੱਖ-ਵੱਖ ਡੇਰਾ ਸ਼ਰਧਾਲੂ ਪਰਿਵਾਰਾਂ ਵੱਲੋਂ ਆਪਣੇ ਘਰ ਦੇ ਮੈਂਬਰਾਂ ਦੇ ਮਿ੍ਰਤਕ ਸਰੀਰ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਕੇ ਨਿਵੇਕਲੀ ਪਿਰਤ ਪਾਉਣ ਦਾ ਉਦਮ ਕੀਤਾ ਹੈ, ਜਿਸ ਦੀ ਪੰਚਾਇਤ ਸਮੇਤ ਪਿੰਡ ਦੇ ਬੱਚੇ-ਬੱਚੇ ਦੀ ਜੁਬਾਨ ’ਤੇ ਪ੍ਰਸੰਸਾ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਦੋਵਾਂ ਵਿਅਕਤੀਆਂ ਦੀ ਮੌਤ ਵੱਖ-ਵੱਖ ਕਾਰਨਾਂ ਨਾਲ ਹੋਈ ਸੀ, ਜਿਸ ਪਿੱਛੋਂ ਪਿਛਲੇ ਪਰਿਵਾਰਕ ਮੈਂਬਰਾਂ ਨੇ ਸਮਾਜ ਦੇ ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦਰਕਿਨਾਰ ਕਰਕੇ ਮਨੁੱਖਤਾ ਦੀ ਬਿਹਤਰੀ ਵੱਲ ਕਦਮ ਵਧਾਉਂਦਿਆਂ ਮਿ੍ਰਤਕ ਦੇਹਾਂ ਨੂੰ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕਰਨ ਦਾ ਫੈਸਲਾ ਲਿਆ। ਪ੍ਰਾਪਤ ਵੇਰਵਿਆਂ ਅਨੁਸਾਰ ਰਣਜੀਤ ਸਿੰਘ ਇੰਸਾਂ (52) ਪੁੱਤਰ ਠਾਣਾ ਸਿੰਘ ਦੀ ਮੌਤ ਇਲਾਜ ਦੌਰਾਨ ਅਤੇ ਅਜਮੇਰ ਸਿੰਘ ਇੰਸਾਂ (57) ਪੁੱਤਰ ਨੰਦ ਸਿੰਘ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਸੀ। ਜਿੰਨ੍ਹਾਂ ਦੀਆਂ ਮਿ੍ਰਤਕ ਦੇਹਾਂ ਨੂੰ ਕ੍ਰਮਵਾਰ ਏਮਜ ਹਸਪਤਾਲ ਰਿਸ਼ੀਕੇਸ (ਉੱਤਰਾਖੰਡ) ਤੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ, ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤਾ ਗਿਆ ਹੈ।
ਦੋਵੇਂ ਮਿ੍ਰਤਕ ਸਰੀਰਾਂ ਨੂੰ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਤੇ ਸਾਧ-ਸੰਗਤ ਵੱਲੋਂ ਗ੍ਰਾਮ ਪੰਚਾਇਤ ਦੀ ਹਾਜ਼ਰੀ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਦੀ ਯੋਗ ਅਗਵਾਈ ’ਚ ਫੁੱਲਾਂ ਨਾਲ ਸਜੀਆਂ ਵੈਨਾਂ ਰਾਹੀਂ ‘ਸਰੀਰਦਾਨੀ ਰਣਜੀਤ ਸਿੰਘ ਇੰਸਾਂ ਤੇ ਸਰੀਰਦਾਨੀ ਅਜਮੇਰ ਸਿੰਘ ਇੰਸਾਂ, ਅਮਰ ਰਹੇ’, ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਪੱਤੇ-ਪੱਤੇ ਪੇ ਹੋਗਾ ਏਕ ਹੀ ਨਾਮ, ਸ਼ਾਹ ਸਤਿਨਾਮ, ਸ਼ਾਹ ਸਤਿਨਾਮ’ ਦੇ ਅਕਾਸ ਗੂੰਜਾਊ ਨਾਅਰਿਆਂ ਹੇਠ ਸਰਪੰਚ ਸਤਨਾਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਤੇ ਸਾਧ-ਸੰਗਤ ਜਿੰਮੇਵਾਰਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਸਮੂਹ ਹਾਜਰੀਨ ਵੱਲੋਂ ਮਿ੍ਰਤਕ ਦੇਹਾਂ ’ਤੇ ਨਮ ਅੱਖਾਂ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ ਸੁਖਦੀਪ ਇੰਸਾਂ, ਰਾਮਦੀਪ ਇੰਸਾਂ, ਸੰਜੀਵ ਇੰਸਾਂ, ਹਰਦੇਵ ਇੰਸਾਂ, ਜਸਵੀਰ ਇੰਸਾਂ, ਕੁਲਵਿੰਦਰ ਇੰਸਾਂ, ਪ੍ਰੀਤਮ ਇੰਸਾਂ, ਲਛਮਣ ਇੰਸਾਂ, ਭੰਗੀਦਾਸ ਬਲਵੀਰ ਇੰਸਾਂ, ਭੰਗੀਦਾਸ ਜਗਸੀਰ ਇੰਸਾਂ, ਭੰਗੀਦਾਸ ਮੋਹਣ ਇੰਸਾਂ, ਭੰਗੀਦਾਸ ਗੁਰਦੀਪ ਇੰਸਾਂ, ਭੰਗੀਦਾਸ ਜੱਗਾ ਇੰਸਾਂ, ਹਰਬੰਸ ਇੰਸਾਂ, ਮਾ. ਬਲਵਿੰਦਰ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਆਦਿ ਤੋਂ ਇਲਾਵਾ ਦੋਵਾਂ ਪਰਿਵਾਰਾਂ ਦੇ ਮੈਂਬਰ, ਰਿਸਤੇਦਾਰ ਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।
ਇਨਸਾਨੀਅਤ ਹਿੱਤ ’ਚ ਵੱਡਾ ਉਪਰਾਲਾ
ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਅਜਮੇਰ ਸਿੰਘ ਅਤੇ ਰਣਜੀਤ ਸਿੰਘ ਦੇ ਦੁਨੀਆਂ ਤੋਂ ਜਾਣ ਦਾ ਦੁੱਖ ਹੋਇਆ ਹੈ ਉੱਥੇ ਹੀ ਮਾਣ ਵੀ ਹੈ ਕਿ ਇਨ੍ਹਾਂ ਦੇ ਪਰਿਵਾਰਾਂ ਨੇ ਦੋਵਾਂ ਦੇ ਮਿ੍ਰਤਕ ਸਰੀਰ ਮਨੁੱਖਤਾ ਲੇਖੇ ਲਾਉਂਦੇ ਹੋਏ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕੀਤੇ ਹਨ ਜੋ ਸਮੁੱਚੀ ਇਨਸਾਨੀਅਤ ਦੀ ਬਿਹਤਰੀ ਦੇ ਹਿੱਤ ’ਚ ਇੱਕ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤਾ ਗਿਆ ਉਕਤ ਕਾਰਜ਼ ਬੇਹੱਦ ਸਲਾਘਾਯੋਗ ਹੈ, ਜਿਸ ਤੋਂ ਸਭ ਨੂੰ ਪੇ੍ਰਰਣਾਂ ਲੈ ਕੇ ਨਾ ਸਿਰਫ਼ ਆਪਣਾ ਮਿ੍ਰਤਕ ਸਰੀਰ ਦਾਨ ਕਰਨਾ ਚਾਹੀਦਾ ਹੈ ਸਗੋਂ ਭਲਾਈ ਕਾਰਜ਼ਾਂ ’ਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਹਰਬਖ਼ਸੀਸ ਸਿੰਘ ਗੋਨੀ, ਪੰਚ ਮਲਕੀਤ ਸਿੰਘ, ਹੈਪੀ ਢਿੱਲੋਂ, ਸਰਨਜੀਤ ਸਿੰਘ ਢੀਂਡਸਾ, ਹਰਮਨਿੰਦਰ ਸਿੰਘ ਮਾਹੀ ਸਮੇਤ ਸਮੁੱਚੀ ਪੰਚਾਇਤ ਹਾਜ਼ਰ ਸੀ।
ਪ੍ਰਸੰਸਾ ਜਿੰਨੀ ਵੀ ਕੀਤੀ ਜਾਵੇ ਘੱਟ
ਆਦੇਸ਼ ਹਸਪਤਾਲ ਵੱਲੋਂ ਪਹੁੰਚੇ ਸਿਹਤ ਕਰਮੀ ਨੇ ਮਿ੍ਰਤਕ ਸਰੀਰ ਦਾਨ ਕਰਨ ਬਦਲੇ ਦੋਵਾਂ ਪਰਿਵਾਰਾਂ ਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ-ਸੰਗਤ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਿ੍ਰਤਕ ਸਰੀਰ ਮੈਡੀਕਲ ਖੇਤਰ ਦੇ ਵਿਦਿਆਰਥੀ ਦੀ ਜਿੱਥੇ ਪੜ੍ਹਾਈ ਤੇ ਜਾਣਕਾਰੀ ’ਚ ਵਾਧਾ ਕਰਦੇ ਹਨ, ਉੱਥੇ ਹੀ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਵੀ ਅਗਾਊਂ ਖੋਜ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਡੇਰਾ ਪੇ੍ਰਮੀਆਂ ਦਾ ਉਪਰਾਲਾ ਸਲਾਘਾਯੋਗ ਹੈ। ਜਿਸ ਦੀ ਪ੍ਰਸੰਸਾ ਜਿੰਨੀ ਵੀ ਕੀਤੀ ਜਾਵੇ ਘੱਟ ਹੈ।
ਅਜਿਹਾ ਕਰਨਾ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ
ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਜਿੱਥੇ ਉਕਤ ਦੋਵੇਂ ਪਰਿਵਾਰਾਂ ਦਾ ਮਿ੍ਰਤਕ ਪੇ੍ਰਮੀਆਂ ਦੇ ਸਰੀਰਦਾਨ ਕਰਨ ਬਦਲੇ ਧੰਨਵਾਦ ਕੀਤਾ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਹੇਠ ਸਾਧ ਸੰਗਤ ਵੱਲੋਂ ਚਲਾਏ ਜਾ ਰਹੇ 135 ਭਲਾਈ ਕਾਰਜ਼ਾਂ ’ਤੇ ਵੀ ਸੰਖੇਪ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੁੱਖ ’ਚ ਆਪਣੇ ਗੁਰੂ ਦੇ ਬਚਨਾਂ ’ਤੇ ਫੁੱਲ ਚੜ੍ਹਾ ਕੇ ਦੋਵਾਂ ਪਰਿਵਾਰਾਂ ਨੇ ਇੱਕ ਕੁਰਬਾਨੀ ਕੀਤੀ ਹੈ ਜੋ ਅੱਜ ਦੇ ਇਤਿਹਾਸ ’ਚ ਸੁਨਿਹਰੇ ਅੱਖਰਾਂ ਨਾਲ ਲਿਖੀ ਜਾਵੇਗੀ ਕਿਉਂਕਿ ਦੁੱਖ ’ਚ ਲੋਕ ਲਾਜ਼ ਤਿਆਗਣਾ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ। ਉਨ੍ਹਾਂ ਇਸ ਮੌਕੇ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਕ ਬਰਨਾਲਾ/ਧਨੌਲਾ ’ਚੋਂ 42 ਸਰੀਰਦਾਨ ਕੀਤੇ ਜਾ ਚੁੱਕੇ ਹਨ ਜਦਕਿ ਇਹ ਦੋਵੇਂ ਸਰੀਰਦਾਨ ਮਿਲਾ ਕੇ ਅੱਜ ਤੱਕ ਕੁੱਲ ਗਿਣਤੀ 44 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ