Lehragaga News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਸ਼ਹਿਰ ਦੀ ਮੁੱਖ ਸਮੱਸਿਆ ਡਿਚ ਡਰੇਨ ਦਾ 17 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਤਿੰਨ ਕਿਲੋਮੀਟਰ ਤੱਕ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਸਥਾਈ ਹੱਲ ਕੀਤਾ ਜਾ ਰਿਹ ਹੈ, ਇਸ ਸਬੰਧੀ ਟੈਂਡਰ ਲਗਾ ਦਿੱਤੇ ਗਏ ਹਨ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਮੰਗਾਂ ’ਤੇ ਸ਼ਿਕਾਇਤਾਂ ਸੁਣਨ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਡਿਚ ਡਰੇਨ ਤੇ ਇੰਟਰਲੋਕਿੰਗ ਟਾਈਲਾਂ ਲਗਾ ਕੇ ਸਾਈਡਾਂ ’ਤੇ ਬਾਗਬਾਨੀ ਕਰਵਾ ਕੇ ਇਸ ਨੂੰ ਸੈਰਗਾਹ ਬਣਾਇਆ ਜਾਵੇਗਾ। ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਹਲਕੇ ਅੰਦਰ ਡਰੇਨਾਂ ਦੇ 13 ਪੁਲ ਬਣਾਏ ਜਾ ਰਹੇ ਹਨ, ਉਥੋਂ ਹੀ ਦਿਆਲਪੁਰਾ ਰਜਵਾਹੇ ਨੂੰ ਅੜਕਵਾਸਪੁਰ ਤੋਂ ਵਾਟਰ ਵਰਕਸ ਲਹਿਰਾਗਾਗਾ ਤੱਕ ਅੰਡਰਗਰਾਊਂਡ ਕੀਤਾ ਜਾ ਰਿਹਾ ਹੈ ਹਲਕੇ ਦੇ ਪੰਜ ਪਿੰਡਾਂ ਡੂਡੀਆਂ, ਭਾਠੂਆਂ, ਭੁੱਲਣ, ਬਲਰਾ ਤੇ ਦੇਹਲਾਂ ਦੀਆਂ ਫਿਰਨੀਆਂ ਨੂੰ ਪੱਕਾ ਕਰਦਿਆਂ ਕੰਕਰੀਟ ਦਾ ਬਣਾਇਆ ਜਾ ਰਿਹੈ, ਲਾਡਬੰਜਾਰਾ ਰਜਵਾਹੇ ਦੇ ਮਾਇਨਰ ਨੰਬਰ 9 ਤੇ 14 ਦੇ ਮੁੜ ਉਸਾਰੀ ਅਤੇ ਮਾਈਨਰ ਨੰਬਰ 8 ਦੇ ਨਾਲ ਅਸਕੇਪ ਬਣਾਉਣ ਦਾ ਪ੍ਰੋਜੈਕਟ ਤਿਆਰ ਹੋ ਚੁੱਕਿਆ ਹੈ।
ਹਲਕੇ ਦੇ ਧਨੌਰੀ ਫੀਡਰ ਦੇ ਧਨੌਰੀ ਰਜਵਾਹਾ, ਭੁੱਲਣ ਮਾਇਨਰ, ਫੂਲਦ ਮਾਈਨਰ, ਰਾਮਪੁਰਾ ਮਾਇਨਰ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਸ਼ੁਰੂ ਹੋ ਚੁੱਕੇ ਹਨ ਅਤੇ 31 ਮਾਰਚ ਤੱਕ ਕੰਮ ਮੁਕੰਮਲ ਹੋ ਜਾਵੇਗਾ। ਮੰਤਰੀ ਗੋਇਲ ਨੇ ਦੱਸਿਆ ਕਿ ਹਲਕੇ ਦੀਆਂ ਸਮੁੱਚੀਆਂ ਪਸ਼ੂ ਡਿਸਪੈਂਸਰੀਆਂ ਦੇ ਲਈ ਗਰਾਂਟ ਆ ਚੁੱਕੀ ਹੈ ਅਤੇ ਜਲਦੀ ਹੀ ਪਸ਼ੂ ਡਿਸਪੈਂਸਰੀਆਂ ਨੂੰ ਗਰਾਂਟ ਦੇ ਕੇ ਉਹਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ। Lehragaga News
ਇਹ ਵੀ ਪੜ੍ਹੋ: Punjab Bandh Update: ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਸੜਕਾਂ ’ਤੇ ਰੇਲਵੇ ਟਰੈਕ ਰਹੇ ਸੁੰਨੇ
ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਗੋਇਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ, ਜਿਸ ਦੇ ਚਲਦੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਤਿਹਾਸਿਕ ਜਿੱਤ ਪ੍ਰਾਪਤ ਕਰੇਗੀ। ਉਨਾਂ ਕਿਸਾਨ ਅੰਦੋਲਨ ਲਈ ਵੀ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਇਸ ਮੌਕੇ ਉਨ੍ਹਾਂ ਦੇ ਭਰਾ ਨਰਿੰਦਰ ਗੋਇਲ, ਫੈਡਰੇਸ਼ਨ ਆਫ ਆੜਤੀਆ ਐਸੋਸੀਏਸਨ ਦੇ ਸੂਬਾ ਵਾਇਸ ਪ੍ਰਧਾਨ ਜੀਵਨ ਕੁਮਾਰ ਰੱਬੜ, ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਤੋਂ ਇਲਾਵਾ ਹੋਰ ਆਗੂ ਤੇ ਵਲੰਟੀਅਰ ਵੀ ਹਾਜ਼ਰ ਸਨ।