ਲੋਕ ਸੰਘਰਸ਼: ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਵਗਿਆ ਲੋਕ ਤਾਕਤ ਦਾ ਹੜ੍ਹ

ਮਨਜੀਤ ਧਨੇਰ ਦੀ ਸਜ਼ਾ ਮਾਫ਼ ਕਰਵਾਕੇ ਨਵਾਂ ਇਤਿਹਾਸ ਸਿਰਜਿਆ: ਬੁਰਜਗਿੱਲ

ਜਸਵੀਰ ਸਿੰਘ/ਬਰਨਾਲਾ। ‘ਬਹੁ-ਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਕਾਂਡ ਦੇ ਮੋਹਰੀ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਸੰਘਰਸ਼ ਕਮੇਟੀ ਪੰਜਾਬ ਨੇ ਇਤਿਹਾਸ ‘ਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ, ਜਿਸ ਵਿੱਚ ਹਰ ਜੁਝਾਰੂ ਦਾ ਰੋਲ ਸ਼ਲਾਘਾਯੋਗ ਰਿਹਾ ਹੈ। ‘ ਇਹ ਗੱਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਕੰਵਲਜੀਤ ਖੰਨਾ, ਜੋਰਾ ਸਿੰਘ ਨਸਰਾਲੀ, ਗੁਰਮੀਤ ਸੁਖਪੁਰ, ਹਰਿੰਦਰ ਬਿੰਦੂ, ਪਰਦੀਪ ਕੌਰ ਧਨੇਰ ਤੇ ਕਰਮਜੀਤ ਬੀਹਲਾ ਨੇ ਕਰਦਿਆਂ ਕਿਹਾ ਕਿ ਜਥੇਬੰਦਕ ਲੋਕ ਤਾਕਤ ਦੇ ਸੰਘਰਸ਼ ਨੇ ਆਖ਼ਰ ਹਾਕਮਾਂ ਨੂੰ ਥੁੱਕ ਕੇ ਚੱਟਣ ਲਈ ਮਜ਼ਬੂਰ ਕਰ ਹੀ ਦਿੱਤਾ ਹੈ ਇਸ ਜਿੱਤ ਦਾ ਸਿਹਰਾ ਮੌਤ ਦਾ ਕਫਨ ਸਿਰ ‘ਤੇ ਬੰਨ੍ਹ ਕੇ ਤੁਰੇ ਜੁਝਾਰੂ ਕਾਫ਼ਲਿਆਂ ਨੂੰ ਜਾਂਦਾ ਹੈ ਜਿਹੜੇ ਨਾ ਡਰੇ, ਨਾ ਸਹਿਮੇ, ਨਾ ਦਹਿਸ਼ਤਜ਼ਦਾ ਹੋਏੇ।

ਆਗੂਆਂ ਕਿਹਾ ਕਿ ਇਹ ਸੰਘਰਸ਼ ਸੱਤ ਦਿਨ ਪਟਿਆਲੇ ਤੇ ਹੁਣ 45 ਦਿਨ ਤੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਸੰਘਰਸ਼ੀ ਪਿੰਡ ਵਿਖੇ ਚੱਲ ਰਿਹਾ ਹੈ ਬੜੀਆਂ ਮੁਸ਼ਕਲਾਂ ਆਈਆਂ, ਪ੍ਰਸ਼ਾਸਨ ਨੇ ਸਾਡੇ ਸੰਘਰਸ਼ ਨੂੰ ਗ਼ੈਰ-ਕਾਨੂੰਨੀ ਕਹਿ ਕੇ ਸਾਡੇ ਸਿਦਕ ਦੀ ਪਰਖ਼ ਕੀਤੀ, ਮਾਨਸਿਕ ਤਸ਼ੱਦਦ ਵੀ ਕੀਤਾ ਕਿ ਸੰਘਰਸ਼ ਕਰਨ ਨਾਲ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਪਾਰਡਨ ‘ਤੇ ਨਾਂਹ ਪੱਖੀ ਅਸਰ ਪੈ ਸਕਦਾ ਹੈ ਪਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜੁੜਿਆ ਕਾਫ਼ਲਾ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸੀ ਕਿ ਸਾਡੇ ਲੋਕ ਆਗੂ ਦੀ ਸਜ਼ਾ ਪਾਰਡਨ ਦੀ ਫ਼ਾਈਲ 8 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਗਵਰਨਰ ਹਾਊਸ ਦੇ ਦਫ਼ਤਰਾਂ ਦੀ ਧੂੜ ਫੱਕ ਰਹੀ ਸੀ, ਜੋ ਲੋਕ ਸੰਘਰਸ਼ ਦੇ ਏਕੇ ਨੇ ਹੀ ਉਤਾਰੀ ਹੈ  ਐਕਸ਼ਨ ਕਮੇਟੀ ਦੇ ਆਗੂਆਂ ‘ਤੇ ਦਰਜ ਹੋਏ ਝੂਠੇ ਪੁਲਿਸ ਕੇਸ, ਹੋਈਆਂ ਸਜ਼ਾਵਾਂ ਲੋਕ ਸੰਘਰਸ਼ ਅੱਗੇ ਖੜ੍ਹ ਨਹੀਂ ਸਕਦੀਆਂ ਲੋਕਾਂ ਦੀ ਤਾਕਤ ਹੀ ਸਭ ਤੋਂ ਤਾਕਤਵਰ ਤੇ ਫ਼ੈਸਲਾਕੁੰਨ ਹੁੰਦੀ ਹੈ ਮਨਜੀਤ ਧਨੇਰ ਜਲਦ ਰਿਹਾਅ ਹੋ ਕੇ ਸਿਰਫ਼ ਬਾਹਰ ਹੀ ਨਹੀਂ ਆਵੇਗਾ।

ਸਗੋਂ ਕਿਸਾਨ-ਮਜ਼ਦੂਰ ਲਹਿਰ ਦੀ ਅਗਵਾਈ ਵੀ ਕਰੇਗਾ ਬੁਲਾਰਿਆਂ ਕਿਹਾ ਕਿ ਮਨਜੀਤ ਧਨੇਰ ਦੀ ਰਿਹਾਈ ਦਾ ਪੜਾਅ ਭਾਵੇਂ ਅੰਤਮ ਦੌਰ ‘ਚ ਹੈ ਪ੍ਰੰਤੂ ਲੋਕਾਈ ਨੂੰ ਦਰਪੇਸ਼ ਬੇਰੁਜ਼ਗਾਰੀ, ਮਹਿੰਗਾਈ, ਫਿਰਕਾਪ੍ਰਸਤੀ, ਕਰਜ਼ੇ, ਖ਼ੁਦਕੁਸ਼ੀਆਂ, ਫ਼ਸਲਾਂ ਦੇ ਢੁਕਵੇਂ ਭਾਅ ਅਤੇ ਉਜ਼ਰਤਾਂ ਦੇ ਮੰਗਾਂ ਮਸਲਿਆਂ ਸਮੇਤ ਜਮਾਤੀ ਸੰਘਰਸ਼ ਦੇ ਘੋਲ ਨੂੰ ਅੱਗੇ ਤੋਰਨ ਲਈ ਜਿੰਮੇਵਾਰੀ ਸਿਰ ‘ਤੇ ਹੈ ਪੱਕੇ ਮੋਰਚੇ ਦੌਰਾਨ ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਹਰਗੋਬਿੰਦ ਕੌਰ, ਪ੍ਰੇਮਪਾਲ ਕੌਰ, ਨਰੈਣ ਦੱਤ, ਭੁਪਿੰਦਰ ਸਿੰਘ ਲੌਂਗੋਵਾਲ, ਮਹਿੰਮਾ ਸਿੰਘ, ਵਰਿੰਦਰ ਮੋਮੀ, ਧੰਨਾ ਮੱਲ ਗੋਇਲ, ਅਵਤਾਰ ਸਿੰਘ ਰਸੂਲਪੁਰ, ਜਗਰੂਪ ਸਿੰਘ ਪੰਨੂ, ਗੁਰਵਿੰਦਰ ਸਿੰਘ ਕਲਾਲਾ, ਹਾਕਮ ਸਿੰਘ, ਰਾਜਿੰਦਰ ਭਦੌੜ, ਗੁਰਮੇਲ ਸਿੰਘ ਠੁੱਲੀਵਾਲ, ਰਜੇਸ਼ ਕੁਮਾਰ ਤੇ ਜਗਰੂਪ ਸਿੰਘ, ਕਰਮ ਰਾਮਾ, ਮਦਨ ਸਿੰਘ, ਅਮਰਜੀਤ ਸਿੰਘ ਕੁੱਕੂ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।