ਕਈ ਮਹੀਨਿਆਂ ਤੋਂ ਸੀਵਰੇਜ਼ ਦੇ ਗੰਦੇ ਪਾਣੀ ’ਚ ਘਿਰੇ ਸੰਜੇ ਨਗਰ, ਅਮਰਪੁਰਾ,ਬੰਗੀ ਨਗਰ ਅਤੇ ਕ੍ਰਿਸ਼ਨਾ ਕਲੋਨੀ ਦੇ ਲੋਕ | Bathinda News
(ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ’ਚ ਸੰਜੇ ਨਗਰ, ਅਮਰਪੁਰਾ,ਬੰਗੀ ਨਗਰ ਅਤੇ ਕ੍ਰਿਸ਼ਨਾ ਕਲੋਨੀ ਵਿੱਚ ਲੋਕ ਸੀਵਰੇਜ਼ ਦੇ ਗੰਦੇ ਪਾਣੀ ਵਿੱਚ ਘਿਰ ਚੁੱਕੇ ਹਨ ਅਤੇ ਕਈ ਮਹੀਨਿਆਂ ਤੋਂ ਬਣੀ ਸੀਵਰੇਜ਼ ਦੀ ਸਮੱਸਿਆ ਕਾਰਨ ਲੋਕ ਕਾਫੀ ਦੁਖੀ ਹਨ । ਅੱਜ ਵੀਰਵਾਰ ਨੂੰ ਫਿਰ ਦੁਖੀ ਲੋਕਾਂ ਨੇ ਨਗਰ ਨਿਗਮ ਦਫਤਰ ਮੂਹਰੇ ਨਾਅਰੇਬਾਜ਼ੀ ਕੀਤੀ ਜਿਸ ਵਿੱਚ ਨਗਰ ਨਿਗਮ ਦੇ ਕੌਂਸਲਰ ਅਤੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ। Bathinda News
ਇਹ ਵੀ ਪੜ੍ਹੋ: Farmers News: ਪੰਜਾਬ ਦੇ ਕਿਸਾਨਾਂ ਨੂੰ ਡੀ.ਏ.ਪੀ ਦੀ ਕੋਈ ਵੀ ਕਮੀ ਨਾ ਹੋਣ ਦਿੱਤੀ ਜਾਵੇ : ਡਾ. ਅਮਰ ਸਿੰਘ
ਇਸ ਮੌਕੇ 19 ਨੰਬਰ ਵਾਰਡ ਦੀ ਕੌਂਸਲਰ ਦੇ ਪੁੱਤਰ ਗੋਬਿੰਦ ਮਸੀਹ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਸੀਵਰੇਜ਼ ਦਾ ਗੰਦਾ ਪਾਣੀ ਲੀਕੇਜ ਹੋਣ ਕਾਰਨ ਗਲੀਆਂ ਵਿੱਚ ਖੜ੍ਹ ਰਿਹਾ ਹੈ ਜਿਸ ਕਾਰਨ ਹਰ ਸਮੇਂ ਬਦਬੂ ਮਾਰਦੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਨਾਲ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਅੰਜਾਮ ਦੇਣ ਵਾਲੇ ਮੱਛਰ ਪੈਦਾ ਹੋ ਰਹੇ ਹਨ ਅਤੇ ਲੋਕ ਬਿਮਾਰ ਹੋ ਰਹੇ ਹਨ।
ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਬੰਦੋਬਸਤ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ
ਉਨ੍ਹਾਂ ਕਿਹਾ ਕਿ ਲੋਕਾਂ ਨੇ ਅਤੇ ਕੌਂਸਲਰਾਂ ਨੇ ਬਹੁਤ ਵਾਰ ਨਗਰ ਨਿਗਮ ਦਫਤਰ ਵਿੱਚ ਇਸ ਮੁੱਦੇ ਨੂੰ ਉਠਾਇਆ ਹੈ ਪਰ ਕੋਈ ਵੀ ਅਧਿਕਾਰੀ ਗੱਲ ਨਹੀਂ ਸੁਣ ਰਿਹਾ ਅਤੇ ਗੁੰਮਰਾਹ ਕਰਕੇ ਲਾਰਿਆਂ ਨਾਲ ਟਾਈਮ ਲੰਘਾ ਰਹੇ ਹਨ ਜਿਸ ਤੋਂ ਦੁਖੀ ਹੋ ਕੇ ਅੱਜ ਉਨ੍ਹਾਂ ਨੂੰ ਰੋਸ਼ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਚੁਣੇ ਗਏ ਕੌਂਸਲਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸਿਹਤ ਵਿਭਾਗ ਨੂੰ ਲਿਖ ਕੇ ਮੌਕਾ ਦੇਖਣ ਲਈ ਕਹਿਣਗੇ ਜਿਥੇ ਲੋਕ ਗੰਦੇ ਪਾਣੀ ਕਾਰਨ ਬਿਮਾਰ ਪਏ ਹਨ ਉਨ੍ਹਾਂ ਆਖਿਆ ਕਿ ਜੇਕਰ ਜਲਦੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਬੰਦੋਬਸਤ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਸੀਵਰੇਜ ਅਤੇ ਸਫਾਈ ਦਾ ਬਹੁਤ ਮਾੜਾ ਹਾਲ ਹੈ ਜਿੱਥੇ ਕੋਈ ਸੁਧਾਰ ਨਹੀਂ ਹੋ ਰਿਹਾ ਜਦੋਂ ਕਿ ਅਧਿਕਾਰੀਆਂ ਨੂੰ ਲੋਕਾਂ ਦੀ ਗੱਲ ਸੁਣ ਕੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ । ਦੱਸ ਦਈਏ ਕਿ ਇਨ੍ਹਾਂ ਬਸਤੀਆਂ ਦੇ ਲੋਕਾਂ ਨੇ ਪਿਛਲੀ 28 ਜੂਨ ਨੂੰ ਵੀ ਰੋਸ ਪ੍ਰਦਰਸ਼ਨ ਕਰਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਸੀ ਪਰ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।