ਪੰਜਾਬ ਦੇ ਲੋਕ ਇਸ ਵਾਰ ਅਕਾਲੀ-ਭਾਜਪਾ ਤੇ ਕਾਂਗਰਸੀਆਂ ਨੂੰ ਸਬਕ ਸਿਖਾਉਣਗੇ : ਭਗਵੰਤ ਮਾਨ

Bhagwant Mann

‘ਆਪ’ ਪੰਜਾਬ ਵਿੱਚ ਪੂਰੀ ਤਰ੍ਹਾਂ ਇਕਜੁੱਟ, ਸੰਕਟ ‘ਚ ਪਾਰਟੀ ਛੱਡਣ ਵਾਲਿਆਂ ਨੂੰ ਨਹੀਂ ਬੁਲਾਵਾਂਗੇ’

ਮੈਂਬਰ ਪਾਰਲੀਮੈਂਟ ਨੇ ਕੀਤੀਆਂ ਚਲੰਤ ਮਾਮਲਿਆਂ ‘ਤੇ ਗੱਲਾਂ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਨੇ ‘ਸੱਚ ਕਹੂੰ’ ਨਾਲ ਪੰਜਾਬ ਦੇ ਚਲੰਤ ਮਾਮਲਿਆਂ ‘ਤੇ ਕੁਝ ਗੱਲਾਂ ਬਾਤਾਂ ਕੀਤੀਆਂ ਭਗਵੰਤ ਮਾਨ ਹੋਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਹਵਾ ਨੂੰ ਨਵਾਂ ਰੁਖ਼ ਦੇਣਗੇ ਅਤੇ ਉਨ੍ਹਾਂ ਨਾਲ ਕਈ ਹੋਰ ਮਸਲਿਆਂ ‘ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ

ਸਵਾਲ : (AAP) ਆਮ ਆਦਮੀ ਪਾਰਟੀ ਵੱਲੋਂ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਇੰਚਾਰਜ ਲਾਇਆ ਹੈ ? ਕੀ ਪਾਰਟੀ ਦੇ ਲੋਕ ਸਵੀਕਾਰ ਕਰਨਗੇ ?
ਜਵਾਬ : ਆਮ ਆਦਮੀ ਪਾਰਟੀ ਇੱਕ ਸੰਘਰਸ਼ ਦਾ ਨਾਂਅ ਹੈ, ਇਸ ਵਿੱਚ ਸੂਬੇ, ਖਿੱਤੇ ਦਾ ਕੋਈ ਰੌਲਾ ਨਹੀਂ ਜਰਨੈਲ ਸਿੰਘ ਵਰਗੇ ਲੋਕਾਂ ਦੇ ਦਿਲਾਂ ਵਿੱਚ ਪੰਜਾਬ ਪ੍ਰਤੀ ਦਰਦ ਹੈ ਜਿਸ ਕਾਰਨ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਹੈ ਜਰਨੈਲ ਸਿੰਘ ਦਿੱਲੀ ਵਿੱਚ ਵੀ ਉਸ ਹਲਕੇ ਦੇ ਵਿਧਾਇਕ ਹਨ ਜਿਨ੍ਹਾਂ ‘ਚ ਪੰਜਾਬੀ ਬੋਲਣ ਵਾਲਿਆਂ ਦੀ ਵਸੋਂ ਜ਼ਿਆਦਾ ਹੈ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਅਹੁਦੇਦਾਰੀਆਂ ਵਿੱਚ ਬਦਲਾਅ ਕੀਤੇ ਜਾਣਗੇ ਅਤੇ ਪਾਰਟੀ ਦਾ ਢਾਂਚਾ ਪੁਨਰ ਗਠਿਤ ਕੀਤਾ ਜਾਵੇਗਾ
ਸਵਾਲ : ਮਾਨ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਤਬਦੀਲੀ ਦੇ ਮੂਡ ਵਿੱਚ ਹਨ? ਤੁਸੀਂ ਕਿੱਥੇ ਵੇਖਦੇ ਹੋ ਆਪਣੇ ਆਪ ਨੂੰ?

ਜਵਾਬ : ਪਿਛਲੀ ਵਾਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਇਸ ਕਰਕੇ ਵੋਟਾਂ ਪਾਈਆਂ ਕਿਉਂਕਿ ਉਹ ਅਕਾਲੀ-ਭਾਜਪਾ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸੀ ਲੋਕਾਂ ਨੂੰ ਆਸ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਭਲਾ ਸੋਚਣਗੇ ਪਰ ਹੁਣ ਲੋਕਾਂ ਨੂੰ ਮਹਿਸੂਸ ਹੋਣ ਲੱਗਿਆ ਹੈ ਕਿ ਇਨ੍ਹਾਂ ਵਿੱਚ ਕੋਈ ਫਰਕ ਨਹੀਂ ਅੱਜ ਪੰਜਾਬ ਦੇ ਹਰ ਵਰਗ ਦੇ ਲੋਕ ਸਰਕਾਰ ਤੋਂ ਬੇਹੱਦ ਦੁਖੀ ਹਨ ਉਹ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤੇ ਕਾਂਗਰਸ ਨੂੰ ਸਬਕ ਸਿਖਾਉਣਗੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਇਕਜੁਟ ਹੋ ਕੇ ਚੋਣਾਂ ਲੜੇਗੀ

ਸਵਾਲ : ‘ਆਪ’ ਛੱਡਣ ਵਾਲਿਆਂ ਲਈ ਦੁਬਾਰਾ ਰਾਹ ਖੁੱਲ੍ਹੇ ਹਨ ?
ਜਵਾਬ : ਜਿਹੜੇ ਪਾਰਟੀ ਨੂੰ ਔਖੇ ਵੇਲੇ ਛੱਡ ਕੇ ਹੋਰ ਪਾਸੇ ਚਲੇ ਗਏ, ਉਨ੍ਹਾਂ ਨੂੰ ਸ਼ਾਮਿਲ ਕਰਵਾ ਕੇ ਕੀ ਹਾਸਲ ਕਰ ਲਵਾਂਗੇ ਹਵਾ ਦੇ ਚੱਲਣ ਨਾਲ ਲਿਫਾਫੇ ਵੀ ਵੱਡੀ ਗਿਣਤੀ ਵਿੱਚ ਉੱਡ ਕੇ ਆ ਜਾਂਦੇ ਹਨ ਜਿਨ੍ਹਾਂ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਹਾਂ ਜੇਕਰ ਕੋਈ ਪੰਜਾਬ ਦੇ ਲੋਕਾਂ ਦੇ ਭਲੇ ਖ਼ਾਤਰ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ ਅਤੇ ਜਿਹੜੇ ਅਹੁਦੇਦਾਰੀਆਂ ਦੇ ਲਾਲਚ ‘ਚ ਆਉਣਗੇ ਉਨ੍ਹਾਂ ਨੂੰ ਸਾਡੀ ਦੂਰੋਂ ਹੀ ਸਲਾਮ ਹੈ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਵਰਕਰਾਂ ਦਾ ਹੀ ਪਾਰਟੀ ਅੰਦਰ ਮਾਣ ਸਨਮਾਨ ਹੋਵੇਗਾ

ਸਵਾਲ : (Navjot singh) ਨਵਜੋਤ ਸਿੱਧੂ ਜੇਕਰ ‘ਆਪ’ ‘ਚ ਸ਼ਾਮਿਲ ਹੋਣਗੇ, ਤੁਸੀਂ ਸਵਾਗਤ ਕਰੋਗੇ?
ਜਵਾਬ : ਤੁਸੀਂ ਆਪ ਹੀ ਕਹੀ ਜਾਂਦੇ ਹੋ, ਸਿੱਧੂ ਇਸ ਮਾਮਲੇ ਵਿੱਚ ਕੁਝ ਨਹੀਂ ਬੋਲ ਰਿਹਾ ਇਹ ਸਵਾਲ ਤੁਸੀਂ ਸਿੱਧੂ ਕੋਲੋਂ ਹੀ ਪੁੱਛੋਂ ਤਾਂ ਬਿਹਤਰ ਹੋਵੇਗਾ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਪ੍ਰਿਅੰਕਾ ਗਾਂਧੀ ਤੇ ਸੋਨੀਆ ਗਾਂਧੀ ਨਾਲ ਫੋਟੋਆਂ ਖਿਚਵਾ ਕੇ ਦੱਸ ਚੁੱਕੇ ਹਨ ਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਰਹਿਣਗੇ ਜੇਕਰ ਉਹ ਕਾਂਗਰਸ ਪਾਰਟੀ ਵਿੱਚ ਜਾਣਗੇ ਤਾਂ ਸਾਡੇ ਲਈ ਉਹ ਆਮ ਲੀਡਰਾਂ ਵਰਗੇ ਹੀ ਹਨ

ਸਵਾਲ : ਮਾਨ ਸਾਹਿਬ ਇੱਕ ਬਾਰ੍ਹਵੀਂ ਦੀ ਵਿਦਿਆਰਥਣ ਨੇ ਤੁਹਾਡੇ ਦਫ਼ਤਰ ਮੂਹਰੇ ਧਰਨਾ ਲਾਇਆ ਸੀ, ਬੱਚੀ ਕੀ ਆਖ ਰਹੀ ਸੀ ?
ਜਵਾਬ : ਮੈਨੂੰ ਪਤਾ ਲੱਗਿਆ ਕਿ ਜਲੰਧਰ ਦੀ 12ਵੀਂ ਕਲਾਸ ਦੀ ਵਿਦਿਆਰਥਣ ਇਹ ਮੰਗ ਕਰ ਰਹੀ ਸੀ ਕਿ ਪੰਜਾਬ ਦੇ ਨਿੱਜੀ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਖਿਲਾਫ਼ ਵਿਧਾਨ ਸਭਾ ਵਿੱਚ ਆਵਾਜ਼ ਉਠਾਈ ਜਾਵੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਨੇ ਪਿਛਲੇ 6 ਸਾਲਾਂ ਤੋਂ ਨਿੱਜੀ ਸਕੂਲਾਂ ਨੂੰ ਰੱਤੀ ਭਰ ਵੀ ਫੀਸਾਂ ਵਿੱਚ ਵਾਧਾ ਨਹੀਂ ਕਰਨ ਦਿੱਤਾ ਇੱਥੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਾਲੇ ਮਨਮਰਜ਼ੀਆਂ ਕਰ ਰਹੇ ਹਨ ਅਸੀਂ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੋਲ ਵੀ ਜਾਵਾਂਗੇ ਅਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਇਸ ਸਬੰਧੀ ਗੱਲਬਾਤ ਵੀ ਕਰਾਂਗੇ

ਸਵਾਲ : (AAP) ਸੰਗਰੂਰ ‘ਚ ਕਈ ਮਹੀਨਿਆਂ ਤੋਂ ਅਧਿਆਪਕ ਧਰਨੇ ‘ਤੇ ਬੈਠੇ ਨੇ, ਤੁਸੀਂ ਇਸ ਬਾਰੇ ਕੀ ਕਹੋਂਗੇ ?
ਜਵਾਬ : ਪੰਜਾਬ ਵਿੱਚ ਸਿੱਖਿਆ ਪ੍ਰਬੰਧਾਂ ਦਾ ਬੇੜਾ ਗਰਕ ਹੋ ਚੁੱਕਿਆ ਹੈ ਸ਼ਰਮ ਦੀ ਗੱਲ ਹੈ ਕਿ ਈਟੀਈ, ਬੀ.ਐੱਡ ਪਾਸ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਟੈਂਟ ਲਾ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਵਿੱਚ ਬੈਠੇ ਹਨ ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ ਉਲਟਾ ਇਨ੍ਹਾਂ ਅਧਿਆਪਕਾਂ ਵੱਲੋਂ ਰੋਜ਼ਗਾਰ ਮੱਗਣ ‘ਤੇ ਉਨ੍ਹਾਂ ਨੂੰ ਡਾਂਗਾ ਮਾਰੀਆਂ ਜਾਂਦੀਆਂ ਨੇ ਮਹਿਲਾ ਦਿਵਸ ਵਾਲੇ ਦਿਨ ਔਰਤ ਅਧਿਆਪਕਾਂ ਦੀ ਖਿੱਚ ਧੂਹ ਕੀਤੀ ਗਈ, ਇਹ ਸਭ ਕੁਝ ਬੜਾ ਹੀ ਮਾੜਾ ਹੈ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਨੂੰ ਉਡੀਕ ਰਹੇ ਹਨ ਅਤੇ ਅਧਿਆਪਕ ਉਸੇ ਸਕੂਲ ਦੇ ਬਾਹਰ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹੇ ਬੈਠੇ ਹਨ

ਸਵਾਲ : ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ‘ਤੇ ਬਿਜਲੀ ਚੋਰੀ ਦਾ ਦੋਸ਼ ਲੱÎਗਿਆ ਹੈ, ਤੁਹਾਡਾ ਕੀ ਕਹਿਣਾ ?
ਜਵਾਬ : ਇਹ ਇਕੱਲੀ ਬਿਜਲੀ ਹੀ ਨਹੀਂ ਸਗੋਂ ਪੰਜਾਬ ਦੇ ਰੇਤਾ, ਖਜ਼ਾਨਾ ਚੋਰੀ ਕਰਨ ਵਾਲੇ ਹਨ ਵਿਰਸਾ ਸਿੰਘ ਵਲਟੋਹਾ ਵਰਗਿਆਂ ‘ਤੇ ਕਤਲ ਦਾ ਮੁਕੱਦਮਾ ਦਰਜ਼ ਹੈ ਅਤੇ ਉਸ ਨੇ ਸਿੱਧਾ ਕਿਹਾ ਸੀ ਕਿ ਉਹ ਅੱਤਵਾਦੀ ਹੈ ਅਜਿਹੇ ਆਗੂਆਂ ‘ਤੇ ਬਿਜਲੀ ਚੋਰੀ ਦੇ ਛੋਟੇ ਮੋਟੇ ਕੇਸ ਨਾਲ ਕੁਝ ਨਹੀਂ ਹੋਵੇਗਾ ਸਗੋਂ ਬਿਜਲੀ ਮਹਿਕਮੇ ਨੂੰ ਚਾਹੀਦਾ ਹੈ ਕਿ 1 ਲੱਖ 91 ਹਜ਼ਾਰ ਨਾਲ ਨਹੀਂ ਸਰਨਾ, ਪਹਿਲਾਂ ਤੋਂ ਚੋਰੀ ਕਰਨ ਦੇ ਇਲਜ਼ਾਮ ‘ਤੇ ਇਸ ਨੂੰ ਹੋਰ ਵੀ ਵੱਧ ਜ਼ੁਰਮਾਨਾ ਕੀਤਾ ਜਾਵੇ ਅਕਾਲੀ ਆਗੂ ਪੰਜਾਬ ਵਿੱਚ ਨਫ਼ਰਤ ਦੇ ਪਾਤਰ ਬਣ ਚੁੱਕੇ ਹਨ ਅਤੇ ਹੁਣ ਲੋਕ ਇਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।