ਲੋਕਾਂ ਨੇ ਮੁੱਖ ਮੰਤਰੀ ਪੰਜਾਬ ਸਿਰ ਪਾਈਆਂ ਵੱਡੀਆਂ ਜ਼ਿੰਮੇਵਾਰੀਆਂ!

Chief Minister of Punjab Sachkahoon

ਲੋਕਾਂ ਨੇ ਮੁੱਖ ਮੰਤਰੀ ਪੰਜਾਬ ਸਿਰ ਪਾਈਆਂ ਵੱਡੀਆਂ ਜ਼ਿੰਮੇਵਾਰੀਆਂ!

ਪੰਜਾਬ ਵਾਸੀ ਰੇਤ ਮਾਫੀਆ, ਨਸ਼ਾ ਮਾਫੀਆ, ਗੈਂਗਸਟਰ ਮਾਫੀਆ, ਰਿਸ਼ਵਤਖੋਰੀ ਮਾਫੀਆ, ਪ੍ਰਾਈਵੇਟ ਸਕੂਲ ਮਾਫੀਆ, ਪ੍ਰਾਈਵੇਟ ਹਸਪਤਾਲ ਮਾਫੀਆ ਦੇ ਫੈਲੇ ਇਸ ਤੰਤਰ ਤੋਂ ਨਿਜਾਤ ਪਾਉਣ ਲਈ ਅੰਦਰੋਂ-ਅੰਦਰੀਂ ਤਪੇ ਪਏ ਸਨ। ਉਨ੍ਹਾਂ ਨੂੰ ਇਸ ਮੱਕੜਜਾਲ ਵਿੱਚੋਂ ਨਿੱਕਲਣ ਲਈ ਕੋਈ ਆਸ ਦੀ ਕਿਰਨ ਕਿਸੇ ਪਾਸਿਓਂ ਨਜ਼ਰੀ ਨਹੀਂ ਪੈਂਦੀ ਸੀ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੇ ਡਾਕਟਰੀ ਅਤੇ ਵਿੱਦਿਅਕ ਸਹੂਲਤਾਂ ਹਰ ਇੱਕ ਲਈ ਇੱਕੋ-ਜਿਹੀਆਂ ਦੇਣ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਪਣੀਆਂ ਪੰਜਾਬ ਫੇਰੀਆਂ ਦੌਰਾਨ ਪੰਜਾਬ ਵਾਸੀਆਂ ਨਾਲ ਆਪਣੇ ਚੋਣ ਮੈਨੀਫੈਸਟੋ ਰਾਹੀਂ ਤੇ ਜ਼ੁਬਾਨੀ ਵਾਅਦੇ ਕੀਤੇ ਸਨ। ਦੂਜੀਆਂ ਪਾਰਟੀਆਂ ਤੋਂ ਤਾਂ ਪੰਜਾਬ ਵਾਸੀ ਆਸਾਂ ਬੜੇ ਚਿਰਾਂ ਤੋਂ ਛੱਡੀ ਬੈਠੇ ਸਨ ਤੇ ਢੁੱਕਵੇਂ ਸਮੇਂ ਦੀ ਉਡੀਕ ਵਿੱਚ ਉਨ੍ਹਾਂ ਨੂੰ ਲਾਰਿਆਂ ਦੇ ਛਣਕਣੇ ਫੜਾਈ ਬੈਠੇ ਰਹੇ। Chief Minister of Punjab

ਜਿਨ੍ਹਾਂ ਦੀ ਛਣਕਾਰ ਵਿੱਚ ਉਹ ਸੱਤਾ ਸੁਖ ਮਾਨਣ ਲਈ ਬੇਥਾਹ ਖਰਚ ਕਰਕੇ ਮਨਿਸਟਰੀਆਂ ਲੈਣ ਲਈ ਇੱਕ ਲੱਤ ’ਤੇ ਖੜ੍ਹਕੇ ਵੋਟਾਂ ਪੈਣ ਤੱਕ ਅੱਖਾਂ ਮੀਚ ਕੇ ਡਰਾਮਾ ਕਰਦੇ ਰਹੇ। ਪਰੰਤੂ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਸੁਪਰੀਮੋ ਦੇ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਏਜੰਡੇ ’ਤੇ ਇਤਬਾਰ ਕਰਕੇ ਆਪਣੇ ਫਰਜ ਬਾਖੂਬੀ ਨਿਭਾ ਕੇ ਅੱਜ ਹੌਲਾ-ਹੌਲਾ ਜਿਹਾ ਮਹਿਸੂਸ ਕਰ ਰਹੇ ਹਨ। ਮੁੱਖ ਮੰਤਰੀ ਪੰਜਾਬ ਸਿਰ ਪੰਜਾਬੀਆਂ ਨੇ ਆਪਣੇ ਲਾਹੇ ਭਾਰ ਦੀਆਂ ਪੰਡਾਂ ਨੂੰ ਟਿਕਾ ਕੇ ਵੱਡੀਆਂ ਜਿੰਮੇਵਾਰੀਆਂ ਪਾ ਦਿੱਤੀਆਂ ਹਨ, ਜਿਨ੍ਹਾਂ ਨੂੰ ਨਿਭਾਉਣ ਵਾਸਤੇ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਪਿਛਲੇ 10 ਸਾਲਾਂ ਤੋਂ ਕੁੰਦਨ ਬਣ ਕੇ ਨਿਭਾਉਣ ਦੇ ਕਾਬਲ ਬਣ ਚੁੱਕੇ ਹਨ। ਉਨ੍ਹਾਂ ਵਾਸਤੇ ਇਹ ਜਿੰਮੇਵਾਰੀਆਂ ਭਾਵੇਂ ਬਹੁਤ ਵੱਡੀਆਂ ਹਨ ਪਰ ਅਸੰਭਵ ਨਹੀਂ, ਕਿਉਂਕਿ ਉਹ ਜਿਸ ਟੀਮ ਦੇ ਕੈਪਟਨ ਹਨ ਉਸ ਟੀਮ ਦੀ ਕਤਾਰ ਨੇ ਸਭ ਸਿਆਸੀ ਪੰਡਤਾਂ ਦੀਆਂ ਕਿਆਸਅਰਾਈਆਂ ਝੂਠੀਆਂ ਸਾਬਤ ਕਰ ਦਿੱਤੀਆਂ ਹਨ।

ਪੰਜਾਬੀਆਂ ਨੇ ਆਪਣੀ ਸੂਝ-ਬੂਝ ਨਾਲ ਫਤਵਾ ਦੇ ਕੇ ਪੰਜਾਬ ਦੀਆਂ ਡੋਰਾਂ ਆਮ ਆਦਮੀ ਪਾਰਟੀ ਹੱਥ ਸੌਂਪ ਦਿੱਤੀਆਂ ਹਨ। ਪਤਾ ਨਹੀਂ ਕਿਉਂ ਕਾਂਗਰਸੀ ਤੇ ਅਕਾਲੀ ਲੀਡਰ ਤੇ ਸਿਆਸੀ ਮਾਹਿਰ ਇਸ ਵਾਰ ਵੋਟਰ ਦੀ ਨਾ ਤਾਂ ਰਮਜ਼ ਪਛਾਣ ਸਕੇ ਤੇ ਨਾ ਹੀ ਚਿਹਰਾ ਪੜ੍ਹ ਸਕੇ। ਖੈਰ! ਜਿਸ ਤਰ੍ਹਾਂ ਹੁਣ ਤੱਕ ਰਾਜ-ਸੱਤਾ ਭੋਗਦੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬੀਆਂ ਨਾਲ ਕੀਤਾ ਸੀ ਠੀਕ ਉਸੇ ਤਰ੍ਹਾਂ ਦੀ ਭਾਜੀ ਮੋੜ ਕੇ ਪੰਜਾਬੀਆਂ ਨੇ ਵੀ ਆਪਣਾ ਗੁੱਸਾ ਠੰਢਾ ਕਰਕੇ ਨਵਿਆਂ ਦੀ ਬਾਂਹ ਫੜੀ ਹੈ। ਜੇਕਰ ਪੰਜਾਬੀਆਂ ਦੀਆਂ ਆਸਾਂ ’ਤੇ ਆਪ ਵੀ ਖਰੀ ਨਾ ਉੱਤਰੀ ਤਾਂ ਆਮ ਆਦਮੀ ਪਾਰਟੀ ਵੀ ਭੁੱਲ ਜਾਵੇ ਕਿ ਹੁਣ ਪੰਜਾਬੀ ਵਾਰ-ਵਾਰ ਕਿਸੇ ਇੱਕ ਨੂੰ ਪਰਖਦੇ ਰਹਿਣਗੇ ਜਾਂ ਪਾਰਟੀਆਂ ਇੱਕ-ਦੂਜੇ ਨਾਲ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਖੇਡ ਖੇਡਦੀਆਂ ਰਹਿਣਗੀਆਂ।

ਪੰਜਾਬੀਆਂ ਨੇ ਬਹੁਤ ਮੌਕੇ ਅਕਾਲੀਆਂ, ਕਾਂਗਰਸੀਆਂ ਤੇ ਹੋਰਾਂ ਨੂੰ ਵੀ ਦਿੱਤੇ ਸਨ। ਪਰੰਤੂ ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਦੇ ਮਗਰ ਲੱਗਦੀਆਂ ਜ਼ੀਰੋ ਨੂੰ ਹੀ ਵਧਾਇਆ ਹੈ। ਲੋਕਾਂ ਦਾ ਕਚੂੰਬਰ ਇਸ ਕਦਰ ਕੱਢਿਆ ਸੀ, ਨਾਲੇ ਕੁੱਟਦੇ ਤੇ ਲੁੱਟਦੇ ਸੀ ਨਾਲੇ ਰੋਣ ਵੀ ਨਹੀਂ ਦਿੰਦੇ ਸਨ। ਜਿਸ ਕਾਰਨ ਐਂਤਕੀ ਵੱਡੇ ਦਿੱਗਜਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਕਰਨ ਕੀ? ਘੁਲਾੜੀ ਵਿੱਚ ਇਉਂ ਪੀੜੇ ਗਏ ਸੀ ਹੁਣ ਤਾਂ ਬੱਸ ਹੀ ਹੋਈ ਪਈ ਸੀ। ਲੋਕਾਂ ਦੇ ਦੋ ਅੱਖਾਂ ਨਹੀਂ ਕਰੋੜਾਂ ਅੱਖਾਂ ਲੱਗੀਆਂ ਹਨ। ਜੋ ਪਾਰਟੀ ਹੁਣ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਲੋਕਾਂ ਦੀਆਂ ਅੱਖਾਂ ਇਸ ਨੂੰ ਵੀ ਦੇਖਣਗੀਆਂ, ਚੰਗਾ ਕੰਮ ਨਾ ਕੀਤਾ ਤਾਂ ਮਨਾਉਣਾ ਬਹੁਤ ਔਖਾ ਹੁੰਦਾ ਹੈ। ਪਰ ਮਾੜੀ ਗੱਲ ਤਾਂ ਫੱਟ ਲੋਕਾਂ ਦੇ ਮੋਬਾਇਲਾਂ ਵਿੱਚ ਪੂਰੀ ਦੁਨੀਆਂ ਅੰਦਰ ਕੁੱਝ ਮਿੰਟਾਂ ਵਿੱਚ ਘੁੰਮ ਜਾਂਦੀ ਹੈ। ਇਸ ਲਈ ਆਮ ਆਦਮੀ ਪਾਰਟੀ ਅਤੇ ਮਾਣਯੋਗ ਭਗਵੰਤ ਮਾਨ ’ਤੇ ਬਹੁਤ ਵੱਡੀਆਂ ਆਸਾਂ ਤੇ ਜਿੰਮੇਵਾਰੀਆਂ ਹਨ ਜੋ ਉਨ੍ਹਾਂ ਨੇ ਜਿੱਤਣ ਸਾਰ ਆਪਣੇ ਘਰ ਦੀ ਛੱਤ ਤੋਂ ਕਬੂਲੀਆਂ ਹਨ।

ਲੋਕ ਇਹ ਸਭ ਦੇਖ ਰਹੇ ਸਨ ਤੇ ਹਨ, ਕਿ ਨਸ਼ਾ ਕੌਣ ਵੇਚ ਤੇ ਵਿਕਵਾ ਰਿਹਾ ਹੈ। ਪੁਲਿਸ ’ਤੇ ਦਬਾਅ ਪਾ ਕੇ ਕੌਣ ਗਲਤ ਕੰਮ ਕਰਵਾ ਰਿਹਾ ਹੈ। ਰਿਸ਼ਵਤਖੋਰੀ ਨੂੰ ਕੌਣ ਸ਼ਹਿ ਦੇ ਰਿਹਾ ਹੈ। ਸਾਰੇ ਤਰ੍ਹਾਂ ਦੇ ਮਾਫੀਏ ਨੂੰ ਕੌਣ ਹੱਲਾਸ਼ੇਰੀ ਦੇ ਕੇ ਖੁਦ ਪਾਸੇ ਬਹਿ ਕੇ ਸਵਿਸ ਬੈਂਕਾਂ ਦੇ ਖਾਤਿਆਂ ਵਿੱਚ ਵਾਧਾ ਕਰ ਰਿਹਾ ਹੈ। ਸਿਆਣੇ ਕਹਿੰਦੇ ਹਨ ਭਾਈ ਪੈਸਾ ਕੀਹਨੇ ਤਿਆਗਿਆ ਹੈ। ਸ. ਭਗਵੰਤ ਮਾਨ ਨੂੰ ਆਪਣੀ ਟੀਮ ਦੀ ਨਿਗਰਾਨੀ ਵੀ ਰੱਖਣੀ ਪਵੇਗੀ ਕਿ ਕੋਈ ਨਕਾਰੇ ਲੀਡਰਾਂ ਵਾਂਗੂੰ ਆੜ ਵਿੱਚ ਆਪਣੇ ਹੱਥ ਤਾਂ ਨਹੀਂ ਰੰਗ ਰਿਹਾ। ਪੰਜਾਬੀਆਂ ਨੇ ਤੁਹਾਡੇ ’ਤੇ ਮਣਾਂਮੂੰਹੀ ਇਤਬਾਰ ਕੀਤਾ ਹੈ। ਇਹ ਵਿਸ਼ਵਾਸ ਤਿੜਕਣ ਨਾ ਦਿਆ ਜੇ! ਸਗੋਂ ਹੋਰ ਮਜਬੂਤ ਤੇ ਪੇਚੀਦਾ ਕਰਿਓ! ਵਿੱਦਿਆ ਪੜ੍ਹਾਈ ਤੇ ਸਿਹਤ ਸਹੂਲਤਾਂ ਤਾਂ ਪਹਿਲੇ ਗੇੜ ਵਿੱਚ ਹੀ ਪਤਾ ਲੱਗ ਜਾਣੀਆਂ ਚਾਹੀਦੀਆਂ ਹਨ ਬਈ ਕਿੰਨੇ ਚਿਰ ’ਚ ਲਾਗੂ ਹੁੰਦੀਆਂ ਹਨ। ਉਹ ਵੀ ਹਰ ਵਰਗ ਲਈ ਇੱਕੋ ਜਿਹੀਆਂ! ਕਿਉਂਕਿ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਖੁਣੋਂ ਹੀ ਅੱਜ ਸੈਂਕੜੇ ਲੋਕ ਘਰਾਂ ਵਿੱਚ ਮੰਜੇ ’ਤੇ ਪਏ ਆਪਣੀਆਂ ਕੀਮਤੀ ਜਾਨਾਂ ਅਜਾਈਂ ਗਵਾ ਰਹੇ ਹਨ ਤੇ ਪ੍ਰਾਈਵੇਟ ਮਹਿੰਗੇ ਸਕੂਲਾਂ ਦੀ ਪੜ੍ਹਾਈ ਨਾ ਕਰਵਾਉਣ ਕਾਰਨ ਲੱਖਾਂ ਨੌਜਵਾਨ ਬੇਰੁਜ਼ਗਾਰੀ ਨਾਲ ਦੋ-ਚਾਰ ਹੁੰਦਿਆਂ ਨਸ਼ਿਆਂ ਦੇ ਸੌਦਾਗਰਾਂ ਦੇ ਧੱਕੇ ਚੜ੍ਹ ਕੇ ਮਾਂ-ਪਿਓ ਨੂੰ ਵਿਲਕਦਿਆਂ ਛੱਡ ਏਸ ਜਹਾਨੋਂ ਕੂਚ ਕਰਗੇ, ਤੇ ਕੁੱਝ ਦਰਮਿਆਨੇ ਤਬਕੇ ਦੇ ਪੰਜਾਬੀਆਂ ਨੇ ਆਪਣਾ ਸਭ ਕੁੱਝ ਵੇਚ-ਵੱਟ ਆਪਣੀ ਔਲਾਦ ਨੂੰ ਬੇਰੁਜਗਾਰੀ ਤੇ ਨਸ਼ਿਆਂ ਵਾਲੇ ਦੈਂਤ ਤੋਂ ਦੂਰ ਰੱਖਣ ਲਈ ਕੈਨੇਡਾ, ਅਮਰੀਕਾ, ਅਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਜਾਂਦੇ ਜਹਾਜ਼ਾਂ ਦੀ ਬਾਰੀ ਨੂੰ ਹੱਥ ਪਵਾ ਕੇ ਜਿਗਰ ਦੇ ਟੁਕੜਿਆਂ ਨੂੰ ਟੁੱਕ ਦੀ ਖਾਤਰ ਪਰਦੇਸੀਂ ਤੋਰਿਆ ਹੈ।

ਭਾਵੇਂ ਇਹ ਸਾਰੇ ਮੁੱਦੇ ਇੱਕੇ ਦਿਨ ਹੱਲ ਨਹੀਂ ਹੋਣੇ ਪਰੰਤੂ ਸ਼ੁਰੂਆਤ ਕਰਕੇ ਟ੍ਰੇਲਰ ਦਿਖਾਉਣਾ ਵੀ ਫਿਲਮ ਦੀ ਪ੍ਰਮੋਸ਼ਨ ਲਈ ਜਰੂਰੀ ਹੁੰਦਾ ਹੈ। ਫੇਰ ਹੀ ਲੋਕਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਦਿਸੇਗਾ। ਤੇ ਪੰਜਾਬੀ ਇਹ ਮਹਿਸੂਸ ਜਰੂਰ ਕਰਨਗੇ ਕਿ ਅਸੀਂ ਵੱਡਾ ਬਦਲਾਅ ਕਰਕੇ ਕੋਈ ਗਲਤੀ ਨਹੀਂ ਕੀਤੀ। ਨਹੀਂ ਤਾਂ ਲੋਕ ਇਹ ਕਹਿਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਭਾਈ ਇਨ੍ਹਾਂ ਨਾਲੋਂ ਤਾਂ ਉਹ ਚੰਗੇ ਸੀ ਭਾਵੇਂ ਲੁੱਟਦੇ ਤੇ ਕੁੱਟਦੇ ਸੀ ਪਰ ਰੋਣ ਨਹੀਂ ਦਿੰਦੇ ਸੀ, ਇਹ ਤਾਂ ਨਾਲ ਰਵਾਉਂਦੇ ਵੀ ਹਨ। ਭਾਵੇਂ ਚੋਣਾਂ ਤੋਂ ਪਹਿਲਾਂ ਮੁਫ਼ਤ ਬਿਜਲੀ ਤੇ ਹੋਰ ਚੀਜ਼ਾਂ ਦੇਣ ਦੇ ਵਾਅਦੇ ਬਾਕੀਆਂ ਵਾਂਗ ਆਮ ਆਦਮੀ ਪਾਰਟੀ ਨੇ ਵੀ ਕੀਤੇ ਸਨ। ਜੇਕਰ ਇਨ੍ਹਾਂ ਤੋਂ ਗੁਰੇਜ ਕਰਕੇ ਲੋਕਾਂ ਨੂੰ ਰੁਜ਼ਗਾਰ ਦੇਊਗੀ, ਕਮਾਉਣ ਲਈ ਸਾਧਨ ਤੇ ਵਸੀਲੇ ਪੈਦਾ ਕਰੂਗੀ, ਲੋਕਾਂ ਨੂੰ ਖੈਰਾਤਾਂ ਦੇਣੀਆਂ ਬੰਦ ਕਰੂਗੀ, ਬਲਕਿ ਲੋਕਾਂ ਨੂੰ ਇਸ ਕਦਰ ਸਮਰੱਥ ਬਣਾਇਆ ਜਾਵੇ ਕਿ ਉਹ ਸਭ ਕੁੱਝ ਆਪਣੀ ਜੇਬ੍ਹ ਵਿੱਚੋਂ ਖਰਚ ਕਰਕੇ ਖਰੀਦਣ। ਫੇਰ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਨਹੀਂ ਤਾਂ ਪੰਜਾਬ ਵਾਸੀਆਂ ਦੀਆਂ ਹਾਲਤਾਂ ਹੋਰ ਵੀ ਨਿਘਾਰ ਵੱਲ ਜਾਣਗੀਆਂ। ਲੋਕਾਂ ਨੂੰ ਘੱਟੋ-ਘੱਟ ਆਰਥਿਕ ਤੌਰ ’ਤੇ ਐਨਾ ਮਜਬੂਤ ਕੀਤਾ ਜਾਵੇ ਕਿ ਉਹ ਖੁਦ ਹੀ ਸਬਸਿਡੀਆਂ ਲੈਣ ਤੋਂ ਇਨਕਾਰ ਕਰਨ।। ਸਬਸਿਡੀ ਸਿਰਫ ਲੋੜਵੰਦਾਂ ਨੂੰ ਮਿਲੇ, ਮੈਂ ਆਪਣੀ ਅੱਖੀਂ ਦੇਖਿਆ ਹੈ ਇੱਕ ਰੁਪਏ ਕਿੱਲੋ ਵਾਲੀ ਕਣਕ ਅਤੇ ਦਾਲਾਂ ਲੋਕ ਆਪਣੀਆਂ ਨਿੱਜੀ ਕਾਰਾਂ ਵਿੱਚ ਲੱਦ ਕੇ ਲਿਜਾਂਦੇ ਹਨ । ਭਾਈ ਜਿਸ ਕੋਲ 100 ਰੁਪਏ ਲੀਟਰ ਪੈਟਰੋਲ ਨੂੰ ਫੂਕਣ ਵਾਸਤੇ ਕਾਰ ਹੈ, ਉਹਨੂੰ ਸਬਸਿਡੀ ’ਤੇ ਗਰੀਬਾਂ ਵਾਲੀਆਂ ਸਹੂਲਤਾਂ ਕਿਉਂ ਮਿਲਣ? ਨਵੀਂ ਪੰਜਾਬ ਸਰਕਾਰ ਨੂੰ ਇਸ ’ਤੇ ਗੌਰ ਕਰਨ ਦੀ ਲੋੜ ਹੈ।

ਪਿਛਲੇ ਸਾਲਾਂ ਤੋਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂਡੋਲ ਹੈ। ਉੱਤਰ ਪ੍ਰਦੇਸ਼ ਦਾ ਪਿਛਲੇ 37 ਸਾਲਾਂ ਤੋਂ ਇਹ ਰਿਕਾਰਡ ਹੈ ਦੂਸਰੀ ਵਾਰ ਕੋਈ ਮੁੱਖ ਮੰਤਰੀ ਨਹੀਂ ਬਣਿਆ, ਪਰੰਤੂ ਮਾਣਯੋਗ ਯੋਗੀ ਜੀ ਹੁਣ ਦੁਬਾਰਾ ਮੁੱਖ ਮੰਤਰੀ ਬਣਨ ਜਾ ਰਹੇ ਹਨ। ਕਿਉਂਕਿ ਉਨ੍ਹਾਂ ਨੇ ਯੂਪੀ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕਰਕੇ ਗੁੰਡਾ ਕਲਚਰ ਦਾ ਖਾਤਮਾ ਕਰਕੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਕਾਇਮ ਕੀਤਾ ਹੈ। ਗੈਂਗਸਟਰਾਂ ਨੂੰ ਯੋਗੀ ਨੇ ਵਾਰਨਿੰਗ ਦਿੱਤੀ ਸੀ ਕਿ ਜਾਂ ਤਾਂ ਸਟੇਟ ਛੱਡ ਜਾਓ ਨਹੀਂ ਤਾਂ ਗੁੰਡਾਗਰਦੀ ਛੱਡ ਦਿਓ। ਕਈ ਥਾਈਂ ਤਾਂ ਗੈਂਗਸਟਰ ਆਪਣੀ ਜਾਨ ਬਚਾਉਣ ਲਈ ਰਾਤਾਂ ਨੂੰ ਥਾਣੇ ਵਿੱਚ ਸੌਂਦੇ ਸਨ ਕਿ ਸਾਨੂੰ ਕੋਈ ਮਾਰ ਨਾ ਦੇਵੇ। ਆਮ ਆਦਮੀ ਪਾਰਟੀ ਸੁਪਰੀਮੋ ਚਾਹੁੰਦੇ ਸਨ ਕਿ ਸਾਨੂੰ ਕੰਮ ਕਰਨ ਲਈ ਪੰਜਾਬ ਵਰਗੀ ਸਟੇਟ ਜੇਕਰ ਮਿਲ ਜਾਵੇ ਤਾਂ ਉਸ ਦਾ ਸੁਧਾਰ ਕਰਕੇ ਨਮੂਨੇ ਵਜੋਂ ਪੇਸ਼ਕਾਰੀ ਕਰਕੇ ਲੋਕਾਂ ਨੂੰ ਦਿਖਾਵਾਂਗੇ ਕਿ ਰਾਜ ਇਉਂ ਵੀ ਕੀਤਾ ਜਾ ਸਕਦਾ ਹੈ। ’ਕੱਲਾ ਲੋਕਾਂ ਨੂੰ ਲੁੱਟ ਕੇ ਨਹੀਂ ਤੇ ਇਸ ਨੂੰ ਦੇਖ ਕੇ ਬਾਕੀ ਰਾਜਾਂ ਦੇ ਲੋਕ ਖੁਦ ’ਵਾਜਾਂ ਮਾਰਨ ਕਿ ਭਾਈ ਏਧਰ ਵੀ ਆਓ! ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬ ਵਿੱਚ ਆਪ ਦੀ ਲੀਡਰਸ਼ਿਪ ਨੂੰ ਇਮਾਨਦਾਰੀ ਤੇ ਦਿਆਨਤਦਾਰੀ ਵਰਤ ਕੇ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਲਈ ਬਾਕੀ ਪਾਰਟੀਆਂ ਦੇ ਲੀਡਰਾਂ ਵਾਲੀ ਸੋਚ ਤੋਂ ਹਟ ਕੇ ਕੰਮ ਕਰਨਾ ਪਵੇਗਾ।

ਹੁਣ ਤੱਕ ਪੰਜਾਬੀਆਂ ਨੂੰ ਰਾਜ ਕਰਤਾ ਲੀਡਰਾਂ ਨੇ ਸਲੋਗਨ ਦਿੱਤੇ ਸੀ ਰਾਜ ਨਹੀਂ ਸੇਵਾ ਹੈ, ਜੇਕਰ ਸੇਵਾ ਹੀ ਹੈ ਤਾਂ ਫੇਰ ਪੰਜ-ਪੰਜ ਪੈਨਸ਼ਨਾਂ ਕਿਉਂ ਲੈ ਰਹੇ ਹਨ। ਇੱਕ ਸਰਕਾਰੀ ਮੁਲਾਜ਼ਮ 30 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਪੈਨਸ਼ਨ ਲੈਣ ਦਾ ਹੱਕਦਾਰ ਨਹੀਂ ਹੈ। ਪਰੰਤੂ ਇੱਕ 30 ਦਿਨ ਦਾ ਐਮਐਲਏ ਲੱਖਾਂ ਰੁਪਏ ਪੈਨਸ਼ਨ ਲੈ ਕੇ ਸਰਕਾਰੀ ਖਜਾਨੇ ਨੂੰ ਜੋਕ ਵਾਂਗ ਚਿੰਬੜ ਜਾਂਦਾ ਹੈ। ਮਾਣਯੋਗ ਮੁੱਖ ਮੰਤਰੀ ਪੰਜਾਬ ਇਸ ਵੱਲ ਉਚੇਚਾ ਧਿਆਨ ਦੇਣ ਤਾਂ ਜੋ ਸਾਬਕਾ ਖਜਾਨਾ ਮੰਤਰੀ ਵਾਲਾ ਖਾਲੀ ਖਜਾਨਾ ਉਸ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਪੰਜਾਬ ਦੇ ਆਰਥਿਕ ਹਿੱਤ ਵਿੱਚ ਕੱਟ ਕੇ ਪੰਜਾਬ ਦੀ ਤਰੱਕੀ ’ਤੇ ਖਰਚ ਕੀਤੀਆਂ ਜਾਣ। ਨਾ ਕਿ ਸਰਕਾਰੀ ਮੁਲਾਜ਼ਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਕੱਟ ਕੇ ਪੰਜਾਬ ਦਾ ਵਿਕਾਸ ਕੀਤਾ ਜਾਵੇ। ਸੇਵਾ ਲਈ ਪੈਸੇ ਦੀ ਕੋਈ ਜਰੂਰਤ ਨਹੀਂ ਹੈ। ਆਉਣ ਵਾਲੀ ਪੰਜਾਬ ਦੀ ਨਵੀਂ ਸਰਕਾਰ ਦੇ ਸਾਹਮਣੇ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਢੇਰ ਲੱਗੇ ਪਏ ਹਨ। ਆਪ ਦਾ ਝਾੜੂ ਇਨ੍ਹਾਂ ਸਮੱਸਿਆਵਾਂ ਨੂੰ ਕਿੰਨਾ ਕੁ ਸਾਫ ਕਰੇਗਾ ਇਸ ’ਤੇ ਪੰਜਾਬੀਆਂ ਦੀ ਨਜ਼ਰ ਰਹੇਗੀ।

ਇੰਜ. ਜਗਜੀਤ ਸਿੰਘ ਕੰਡਾ, ਕੋਟਕਪੂਰਾ
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ