ਟਾਵਰ ਨੂੰ ਹਟਾਏ ਜਾਣ ਤੱਕ ਜ਼ਾਰੀ ਰਹੇਗਾ ਧਰਨਾ: ਪ੍ਰਦਰਸ਼ਨਕਾਰੀ
ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਪ੍ਰੇਮ ਨਗਰ ‘ਚ ਇੱਕ ਨਿੱਜੀ ਕੰਪਨੀ ਦੁਆਰਾ ਲਗਾਏ ਗਏ ਟਾਵਰ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਦੂਜੇ ਦਿਨ ਵੀ ਬਰਨਾਲਾ- ਲੁਧਿਆਣਾ ਮੁੱਖ ਮਾਰਗ ਜਾਮ ਕਰਕੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਕੰਪਨੀ ਸਮੇਤ ਪ੍ਰਸ਼ਾਸਨ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਰਜੀਤ ਸਿੰਘ ਕਾਲੂ, ਰਣਜੀਤ ਸਿੰਘ, ਬੁੱਟਰ, ਨੀਲਮ, ਜੀਤ ਸਿੰਘ, ਬੈਨੀ ਕੁਮਾਰ, ਵਿਨੋਦ ਕੁਮਾਰ, ਰਮੇਸ਼ ਕੁਮਾਰ, ਸੋਨੂੰ, ਸੰਦੀਪ ਕੁਮਾਰ, ਹੈਪੀ, ਜਸਵੰਤ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਜਦ ਤੱਕ ਟਾਵਰ ਨਹੀਂ ਹਟਾਇਆ ਜਾਂਦਾ ਉਹ ਧਰਨੇ ਤੋਂ ਨਹੀਂ ਉੱਠਣਗੇ। ਉਨ੍ਹਾਂ ਕਿਹਾ ਕਿ ਇਹ ਟਾਵਰ ਰਾਤੋ- ਰਾਤ ਬਿਨਾਂ ਕਿਸੇ ਪ੍ਰਵਾਨਗੀ ਤੋਂ ਲਗਾਇਆ ਗਿਆ ਹੇ ਜਿਸ ਨੂੰ ਤੁਰੰਤ ਹਟਾਇਆ ਜਾਵੇ।
ਸੂਚਿਤ ਕਰਨ ‘ਤੇ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਖਫ਼ਾ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਵੀ ਆਪਣੀ ਭੜਾਸ ਕੱਢੀ। ਦੂਜੇ ਦਿਨ ਵੀ ਧਰਨੇ ‘ਤੇ ਬੈਠੇ ਲੋਕਾਂ ਕਾਰਵਾਈ ਨਾ ਹੋਣ ਤੋਂ ਰੋਸ ‘ਚ ਆ ਕੇ ਬਰਨਾਲਾ- ਲੁਧਿਆਣਾ ਮੁੱਖ ਮਾਰਗ ਵੀ ਜਾਮ ਕਰ ਦਿੱਤਾ। ਇਸ ਸਬੰਧੀ ਪੱਖ ਜਾਨਣ ‘ਤੇ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਐਸਡੀਐਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਟਾਵਰ ਬਿਨਾਂ ਮਨਜ਼ੂਰੀ ਤੋਂ ਲਗਾਇਆ ਗਿਆ ਤਾਂ ਇਸ ਨੂੰ ਹਟਾ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ