ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਟਕਪੂਰਾ ਆਮਦ ‘ਤੇ ਪੈਨਸ਼ਨਰਾਂ ਨੇ ਕੀਤਾ ਵਿਰੋਧ

25 ਅਕਤੂਬਰ ਦੇ ਅਖ਼ਬਾਰਾਂ ਵਿੱਚ ਪੈਨਸ਼ਨਰਾਂ ਨੂੰ 2802 ਕਰੋੜ ਰੁਪਏ ਲਾਭ ਦੇਣ ਦਾ ਪ੍ਰਚਾਰ ਝੂਠਾਂ ਦੀ ਪੰਡ ਨਿਕਲਿਆ

ਕੋਟਕਪੂਰਾ ,30 ਨਵੰਬਰ (ਸੁਭਾਸ਼ ਸ਼ਰਮਾ)। ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਟਕਪੂਰਾ ਆਮਦ ‘ਤੇ  ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਵੱਲੋਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਰਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ ਤੇ ਸੋਮ ਨਾਥ ਅਰੋੜਾ ਦੀ ਅਗਵਾਈ ਹੇਠ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 25 ਅਕਤੂਬਰ ਦੇ ਸਾਰੇ ਪ੍ਰਮੁ੍ਖ ਅਖ਼ਬਾਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਦੇ ਕੇ ਪੰਜਾਬ ਦੇ 3 ਲੱਖ ਤੋਂ ਵੱਧ ਪੈਨਸ਼ਨਰਾਂ ਲਈ ਸੋਧੀਆਂ ਹੋਈਆਂ ਪੈਨਸ਼ਨਾਂ ਵਾਸਤੇ 1887 ਕਰੋਡ਼ , 1 ਜਨਵਰੀ 2016 ਤੋਂ 30 ਜੂਨ 2021 ਦਰਮਿਆਨ ਸੇਵਾ ਮੁਕਤ ਹੋਏ 42600 ਪੈਨਸ਼ਨਰਾਂ ਲਈ ਯਕਮੁਸ਼ਤ ਅਦਾਇਗੀ ਜਿਵੇਂ ਗਰੈੂਚੇਟੀ ਅਤੇ ਲੀਵ ਇਨਕੈਸ਼ਮੈੰਟ ਆਦਿ ਲਈ 915 ਕਰੋੜ (ਕੁ੍ੱਲ 2802 ਕਰੋਡ ਰੁਪਏ ਦਾ ਤੋਹਫਾ) ਦੇਣ ਦਾ ਪ੍ਰਚਾਰ ਝੂਠ ਦਾ ਪੁਲੰਦਾ ਨਿਕਲਿਆ। ਪੈਨਸ਼ਨਰਾਂ ਨੇ ਆਪਣੇ ਹੱਥਾਂ ਵਿੱਚ 25 ਅਕਤੂਬਰ ਦੇ ਅਖ਼ਬਾਰ ਵੀ ਫੜੇ ਹੋਏ ਸਨ । ਪੈਨਸ਼ਨ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਅੱਜ ਤੱਕ ਕਿਸੇ ਇੱਕ ਵੀ ਪੈਨਸ਼ਨਰ ਦੇ ਪੱਲੇ ਧੇਲਾ ਵੀ ਨਹੀਂ ਪਿਆ । ਇਸੇ ਤਰ੍ਹਾਂ ਪੰਜਾਬ ਦੇ 36000 ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪ੍ਰਚਾਰ ਕੀਤਾ ਗਿਆ ਪਰ ਅੱਜ ਤਕ ਇੱਕ ਵੀ ਕੱਚੇ ਕਰਮਚਾਰੀ ਨੂੰ ਰੈਗੂਲਰ ਕਰਨ ਦੇ ਹੁਕਮ ਨਹੀਂ ਮਿਲੇ ।

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਆਉਣ ਵਾਲੇ ਸਮੇਂ ਵਿਚ ਗਰੁੱਪ ਡੀ ਮੁਲਾਜ਼ਮਾਂ ਦੀ ਰੈਗੂਲਰ ਤੌਰ ਤੇ ਭਰਤੀ ਕਰਨ ਦੇ ਐਲਾਨ ਦੀ ਵੀ ਉਸ ਸਮੇਂ ਫੂਕ ਨਿਕਲ ਗਈ ਜਦੋੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਕਰਨ ਸਮੇਂ ਤਿੰਨ ਸਾਲਾਂ ਲਈ ਉੱਕਾ ਪੁੱਕਾ ਤਨਖਾਹ 18000 ਰੁਪਏ ਦੇਣ ਦੀਆਂ ਅਗਵਾਈ ਲੀਹਾਂ ਜਾਰੀ ਕਰ ਦਿੱਤੀਆਂ । ਆਗੂਆਂ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨ ਨਾਲ ਸਬੰਧਤ ਇਹ ਤਿੰਨੋਂ ਐਲਾਨ ਝੂਠ ਦੀ ਪੰਡ ਸਾਬਤ ਹੋਏ ਹਨ ਇਸ ਦੇ ਉਲਟ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਹੋਏ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਰੋਸ ਪ੍ਰਗਟ ਕਰ ਰਹੇ ਕੱਚੇ ਮੁਲਾਜ਼ਮਾਂ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਬਣਦੇ ਸਾਰੇ ਬਕਾਏ ਤੁਰੰਤ ਦਿੱਤੇ ਜਾਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਦਾ ਇਹੀ ਮੁਲਾਜ਼ਮ ਵਿਰੋਧੀ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਹੁਕਮਰਾਨ ਕਾਂਗਰਸ ਪਾਰਟੀ ਦਾ ਚੋਣਾਂ ਵਿੱਚ ਸਫਾਇਆ ਕਰਨ ਲਈ ਮਜ਼ਬੂਰ ਹੋਣਗੇ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ਼ਰਨ ਕੁਮਾਰ , ਜਗਵੰਤ ਸਿੰਘ ਬਰਾੜ ਸੇਵਾਮੁਕਤ ਮੁੱਖ ਅਧਿਆਪਕ , ਮੁਖਤਿਆਰ ਸਿੰਘ ਮੱਤਾ, ਸੁਰਿੰਦਰ ਸਿੰਘ ਸੁਪਰਡੈਂਟ , ਲਛਮਣ ਦਾਸ ਮਹਿਰਾ , ਜਸਕਰਨ ਸਿੰਘ ਭੱਟੀ , ਕਮਲ ਰਾਜਪੂਤ ਮੇਘ ਰਾਜ ਸ਼ਰਮਾ ਤੇ ਕਈ ਹੋਰ ਪੈਨਸ਼ਨਰ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ