AAP Government: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੈਨਸ਼ਨਰਾਂ ਅਤੇ ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਰੋਡਵੇਜ਼/ਪਨਬੱਸ ਡਿਪੂ ਦੇ ਗੇਟ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ। ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਮੋਤੀ ਨੇ ਦੱਸਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਡੀ.ਏ ਦੀਆਂ ਕਿਸ਼ਤਾਂ ਸਰਕਾਰ ਜਾਰੀ ਨਹੀਂ ਕਰ ਰਹੀ, ਜਦੋਂ ਕਿ ਹੋਰਨਾਂ ਸੂਬਿਆਂ ’ਚ ਕੇਂਦਰ ਸਰਕਾਰ ਅਨੁਸਾਰ 53 ਪ੍ਰਤੀਸ਼ਤ ਡੀ.ਏ ਮਿਲਦਾ ਹੈ ਪਰ ਪੰਜਾਬ ਸਰਕਾਰ 38 ਪ੍ਰਤੀਸ਼ਤ ਡੀ.ਏ ਦੇ ਰਹੀ ਹੈ।
ਇਹ ਵੀ ਪੜ੍ਹੋ: Punjab Kisan News: ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕੀਤਾ ਮੰਡੀਆਂ ਦਾ ਦੌਰਾ
ਉਨ੍ਹਾਂ ਨੂੰ ਆਸ ਸੀ ਕਿ ਸਰਕਾਰ ਦੀਵਾਲੀ ਮੌਕੇ ਸ਼ਾਇਦ ਡੀ.ਏ ਜਾਰੀ ਕਰ ਦੇਵੇਗੀ ਪਰ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਇਸੇ ਤਰ੍ਹਾਂ ਸਾਢੇ ਪੰਜ ਸਾਲ ਦਾ 6ਵੇਂ ਪੇਅ ਕਮਿਸ਼ਨ ਦਾ ਬਕਾਇਆ ਵੀ ਨਹੀਂ ਦਿੱਤਾ ਜਾ ਰਿਹਾ, ਹੋਰ ਮੰਗਾਂ ਜਿਵੇਂ ਕਿ 15-01-2015 ਦਾ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਠੇਕੇ ’ਤੇ ਭਰਤੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਲੀਵ ਇੰਨਕੈਸ਼ਮੈਂਟ ਦਾ ਏਰੀਅਰ ਦਿੱਤਾ ਜਾਵੇ। AAP Government
ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਾਰ-ਵਾਰ ਮੁਲਾਜ਼ਮ ਜੱਥੇਬੰਦੀਆਂ ਨੂੰ ਗੱਲਬਾਤ ਦਾ ਸਮਾਂ ਤਹਿ ਕਰਕੇ ਮੀਟਿੰਗਾਂ ਕਰਨ ਤੋਂ ਮੁਨਕਰ ਹੋ ਗਏ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸੇ ਕਰਕੇ 3 ਨਵੰਬਰ ਨੂੰ ਚੱਬੇਵਾਲ, 7 ਨਵੰਬਰ ਨੂੰ ਗਿੱਦੜਬਾਹਾ, 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ 10 ਨਵੰਬਰ ਨੂੰ ਬਰਨਾਲਾ ਹਲਕਿਆਂ ਵਿੱਚ ਮੁਲਾਜ਼ਮਾਂ ਵੱਲੋਂ ਝੰਡਾ ਮਾਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਜ਼ਮ ਅਤੇ ਲੋਕ ਵਿਰੋਧੀ ਚਿਹਰਾ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ।