ਕਿਸਾਨ ਅੰਦੋਲਨ : ਤੰਬੂਆਂ ਅਤੇ ਟਰਾਲੀਆਂ ’ਚ ਬੋਲਦਾ ਹੈ ਸ਼ਹੀਦ ਭਗਤ ਸਿੰਘ

Farmers Movement

ਸ਼ਹੀਦ ਭਗਤ ਸਿੰਘ ਦੇ ਪੋਸਟਰ ਵੱਡੀ ਪੱਧਰ ਤੇ ਲੱਗੇ ਹੋਏ ਹਨ

ਬਠਿੰਡਾ, (ਸੁਖਜੀਤ ਮਾਨ) । ਟੀਕਰੀ ਅਤੇ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਤੰਬੂਆਂ ਅਤੇ ਟਰਾਲੀਆਂ ’ਚ ਸ਼ਹੀਦ ਭਗਤ ਸਿੰਘ ਦੇ ਪੋਸਟਰ ਵੱਡੀ ਪੱਧਰ ਤੇ ਲੱਗੇ ਹੋਏ ਹਨ। ਲੋਕਾਂ ਲਈ ਭਗਤ ਸਿੰਘ ਪ੍ਰੇਰਣਾ ਸ੍ਰੋਤ ਹੈ। ਕੁਝ ਦਿਨ ਪਹਿਲਾ ਨੌਜਵਾਨਾਂ ਨੇ ਸਿੰਘੂ ਬਾਰਡਰ ਤੇ ਸ਼ਹੀਦ ਭਗਤ ਸਿੰਘ ਦੀ ਤੀਹ ਫੁੱਟੀ ਤਸਵੀਰ ਵੀ ਲਾਈ ਹੈ। ਵੇਰਵਿਆਂ ਮੁਤਾਬਿਕ ਪੰਜਾਬ ਅਤੇ ਹਰਿਆਣਾ ਦੇ ਕਈ ਪ੍ਰਕਾਸ਼ਕਾਂ ਨੇ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾ ਅਤੇ ਪੋਸਟਰ ਸਟਿੱਕਰ ਵਾਲੀਆਂ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਹਨ।
ਚਿੰਤਨ ਪ੍ਰਕਾਸ਼ਨ ਦੇ ਪ੍ਰਕਾਸ਼ਕ ਅਰੁਣ ਲੁਧਿਆਣਾ , ਸ਼ਹੀਦ ਭਗਤ ਸਿੰਘ ਬੁੱਕ ਸੈਟਰ ਲੁਧਿਆਣਾ ਅਤੇ ਕੈਲਗਿਰੀ (ਕਨੇਡਾ), ਸ਼ਹੀਦ ਭਗਤ ਸਿੰਘ ਪੁਸਤਕ ਸੱਥ (ਦੀਵਾਨਾ) ਦੇ ਵਰਿੰਦਰ ਦੀਵਾਨਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਸਾਹਿਤ ਅਤੇ ਪੋਸਟਰ ਵੱਡੀ ਪੱਧਰ ਤੇ ਵਿਕ ਰਿਹਾ ਹੈ ਅਤੇ ਨਵਾਂ ਛਪਵਾਉਣ ਲਈ ਆਰਡਰ ਦਿੱਤੇ

ਹਨ। ਸਵੇਰੇ ਕਿਸਾਨ ਸਟੇਜ ਤੋ ਤਕਰੀਰਾਂ ਸੁਣਦੇ ਹਨ ਅਤੇ ਰਾਤ ਨੂੰ ਸੌਣ ਲੱਗਿਆ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਕੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਬਜੁਰਗ ਹਰਨੇਕ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਮੋਦੀ ਸਰਕਾਰ ਅਤੇ ਅੰਗਰੇਜਾਂ ’ਚ ਬਹੁਤਾ ਫਰਕ ਨਹੀ ਹੈ ਕਿਉਂਕਿ ਅੰਗਰੇਜਾਂ ਨੇ ਵੀ ਕਾਲੇ ਕਾਨੂੰਨ ਬਣਾ ਕੇ ਭਾਰਤੀ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਅਤੇ ਮੋਦੀ ਕਿਸਾਨਾਂ ਮਜਦੂਰਾਂ ਨੂੰ ਤਬਾਹ ਕਰਨ ਦੇ ਕਾਨੂੰਨ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇਹ ਲੜਾਈ ਵੀ ਜੰਗੇ ਆਜਾਦੀ ਦੀ ਲੜਾਈ ਹੀ ਲੱਗਦੀ ਹੈ ਤੇ ਲੋਕਾਂ ’ਚ ਉਸੇ ਤਰਾਂ ਹੀ ਮਰ ਮਿਟਣ ਦਾ ਜਜਬਾ ਡੁੱਲ ਡੁੱਲ ਪੈਂਦਾ ਹੈ। ਇਸ ਇਲਾਵਾ ਕਿਸਾਨ ਜਥੇਬੰਦੀਆਂ ਦੀਆਂ ਫਲੈਕਸਾਂ ’ਤੇ ਵੀ ਸ਼ਹੀਦ ਭਗਤ ਸਿੰਘ ਦੀ ਫੋਟੋਆਂ ਦੀ ਵੱਡੇ ਪੱਧਰ ਤੇ ਛਪਾਈ ਹੋ ਰਹੀ ਹੈ ਅਤੇ ਅੰਦੋਲਨ ’ਚ ਪਹੁੰਚੇ ਵਿਦਿਆਰਥੀ ਨੌਜਵਾਨਾਂ ਦੇ ਕੈਪਾਂ ’ਚ ਸ਼ਹੀਦ ਭਗਤ ਸਿੰਘ ਦੇ ਪੋਸਟਰ ਲੱਗੇ ਹੋਏ ਨੇ।

ਸੌ ਸਾਲ ਬਾਅਦ ਦਾ ਵੱਡਾ ਕਿਸਾਨ ਅੰਦੋਲਨ

ਵਿਦਿਆਰਥਣ ਸੁਖਪ੍ਰੀਤ ਕੌਰ ਨੇ ਕਿਹਾ ਕਿ ਇਹ ਅੰਦੋਲਨ ਸੌ ਸਾਲ ਬਾਅਦ ਦਾ ਵੱਡਾ ਕਿਸਾਨ ਅੰਦੋਲਨ ਹੈ । ਇਸ ਤੋਂ ਪਹਿਲਾ ਮਹਾਨ ਅਜਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਹੋਰਾਂ ਦੀ ਅਗਵਾਈ ’ਚ ਪਗੜੀ ਸੰਭਾਲ ਜੱਟਾ ਲਹਿਰ ਕਿਸਾਨਾਂ ਦਾ ਵੱਡਾ ਅੰਦੋਲਨ ਸੀ ਜਿਸਦਾ ਗੀਤ ਹਰ ਇੱਕ ਦੀ ਜੁਬਾਨ ਤੇ ਸੀ ਜਿਸ ਨੇ ਅੰਗਰੇਜਾਂ ਨੂੰ ਵੀ ਮੰਗਾਂ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਇਸੇ ਤਰਾ ਹੀ ਇਸ ਸੰਘਰਸ਼ ਦੇ ਗੀਤ ਵੀ ਬੱਚੇ-ਬੱਚੇ ਦੀ ਜੁਬਾਨ ਤੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਅੱਜ ਵੀ ਸਾਡਾ ਰਾਹ ਦਸੇਰਾ ਬਣੀ ਹੋਈ ਹੈ। ਨੌਜਵਾਨ ਭਾਰਤ ਸਭਾ ਦੇ ਸਕੱਤਰ ਮੰਗਾ ਅਜਾਦ ਨੇ ਕਿਹਾ ਕਿ ਪੰਜਾਬ ਦੇ ਯੂਥ ਲਈ ਭਗਤ ਸਿੰਘ ਪ੍ਰੇਰਣਾ ਦਾ ਵੱਡਾ ਸ੍ਰੋਤ ਹੈ । ਉਹ ਵੀ ਕਿਸਾਨੀ ਸੰਘਰਸ਼ ’ਚ ਨੌਜਵਾਨਾਂ ਨੂੰ ਸ਼ਾਮਿਲ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਾਂ ਨੂੰ ਬਾਰੇ ਦੱਸਦੇ ਹਨ।

ਹਕੂਮਤ ਨੂੰ ਲਾਹਨਤਾਂ ਪਾ ਰਹੀਆਂ ਅਮਨਦੀਪ ਕੌਰ ਖੀਵਾ ਦੀਆਂ ਬੋਲੀਆਂ

ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਤੇ ਸਰਕਾਰੀ ਬਰਜਿੰਦਰਾ ਕਾਲਜ ’ਚੋਂ ਪੰਜਾਬੀ ਦੀ ਐਮਏ ਕਰ ਰਹੀ ਤੇ ‘ਯੂਥ ਫਾਰ ਸਵਰਾਜ’ ਨਾਲ ਜੁੜੀ ਹੋਈ ਅਮਨਦੀਪ ਕੌਰ ਖੀਵਾ ਤੇ ਉਨ੍ਹਾਂ ਦੀ ਟੀਮ ਵੱਲੋਂ ਕਿਸਾਨ ਅੰਦੋਲਨ ’ਚ ਪਾਈਆਂ ਜਾ ਰਹੀਆਂ ਬੋਲੀਆਂ ਕੇਂਦਰੀ ਹਕੂਮਤ ਨੂੰ ਲਾਹਨਤਾਂ ਪਾ ਰਹੀਆਂ ਹਨ। ਅਮਨਦੀਪ ਕੌਰ ਬੋਲੀ ਪਾਉਂਦੀ ਹੈ ਕਿ ‘ਬਾਰੀ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਝਾਵਾਂ, ਬੈਰੀਕੇਡ ਤਿੰਨ ਫੁੱਟ ਦਾ ਮੈਂ ਮਾਰਕੇ ਛਾਲ ਟੱਪ ਜਾਵਾਂ, ਇਸ ਹਕੂਮਤ ਨੂੰ ਨਿੱਤ ਲਾਹਨਤਾਂ ਪਾਵਾਂ’। ਇਸ ਤੋਂ ਇਲਾਵਾ ‘ਨਾਅਰੇ ਵੱਜਦੇ ਬੱਦਲ ਵਾਂਗ ਗੱਜਦੇ, ਦਿੱਲੀ ’ਚ ਪੰਜਾਬ ਆ ਗਿਆ’ ਆਦਿ ਬੋਲੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਬੋਲੀਆਂ ਦੌਰਾਨ ਖੀਵਾ ਤੇ ਉਨ੍ਹਾਂ ਦੇ ਬਾਕੀ ਟੀਮ ਮੈਂਬਰ ਕਿਸਾਨਾਂ ਨੂੰ ਅੰਦੋਲਨ ’ਚ ਪੂਰੇ ਜੋਸ਼ ਤੇ ਹੋਸ਼ ਨਾਲ ਜੁੜੇ ਰਹਿਣ ਦਾ ਹੋਕਾ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.