ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਲਾਲਾਬਾਦ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ | Farmers of Punjab
ਜਲਾਲਾਬਾਦ/ਫਾਜਿ਼ਲਕਾ (ਰਜਨੀਸ਼ ਰਵੀ)। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰਾਜ ਦੇ 19ਵੇਂ ਜਿ਼ਲ੍ਹੇ ਦਾ ਦੌਰਾ ਕਰਦਿਆਂ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ 16 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਹ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਝੋਨੇ ਦੀ ਚੱਲ ਰਹੀ ਖਰੀਦ ਦੇ ਜਾਇਜ਼ੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਮੌਕੇ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਫਿਰੋਜ਼ਪੁਰ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਸਨ। (Farmers of Punjab)
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਝੋਨੇ ਦੀ ਸੁਚਾਰੂ ਖਰੀਦ ਲਈ 1854 ਖਰੀਦ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 95 ਲੱਖ ਟਨ ਝੋਨੇ ਦੀ ਆਵਕ ਹੋਈ ਹੈ ਅਤੇ ਇਸ ਵਿਚੋਂ 91 ਲੱਖ ਟਨ ਝੋਨੇ ਦੀ ਖਰੀਦ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਾਲੋਂ ਨਾਲ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ।
Also Read : ਪੰਜਾਬ ਭਰ ਦੇ ਓਵਰਏਜ ਬੇਰੁਜ਼ਗਾਰ ਮਹਾਂਬਹਿਸ ’ਚ ਪਹੁੰਚਣਗੇ : ਪ੍ਰਧਾਨ ਰਮਨ ਕੁਮਾਰ
ਕੈਬਨਿਟ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਕਿਸਾਨਾਂ ਨੂੰ ਫਸਲ ਵੇਚਣ ਵੇਲੇ ਕਈ ਕਈ ਦਿਨ ਮੰਡੀਆਂ ਵਿਚ ਬੈਠਣਾ ਪੈਂਦਾ ਸੀ ਪਰ ਹੁਣ ਨਾਲੋਂ ਨਾਲ ਝੋਨੇ ਦੀ ਖਰੀਦ ਹੋ ਰਹੀ ਹੈ ਅਤੇ 48 ਦੇ ਮੁਕਾਬਲੇ ਜਿਆਦਾਤਰ ਕਿਸਾਨਾਂ ਨੂੰ 24 ਘੰਟੇ ਵਿਚ ਹੀ ਅਦਾਇਗੀ ਕੀਤੀ ਜਾ ਰਹੀ ਹੈ। ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਬਾਰਦਾਨੇ, ਸੀਸੀਐਲ ਸਮੇਤ ਸਾਰੇ ਪ੍ਰਬੰਧ ਪਹਿਲਾਂ ਤੋਂ ਹਨ ਅਤੇ ਝੋਨੇ ਦੀ ਪੂਰੀ ਖਰੀਦ ਨਿਰਵਿਘਨ ਨੇਪਰੇ ਚਾੜ੍ਹੀ ਜਾਵੇਗੀ।
ਇਕ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਜਲਾਲਾਬਾਦ ਦੀ ਮੰਡੀ ਨੂੰ ਹੋਰ ਵਿਸਥਾਰ ਦੇਣ ਦੀਆਂ ਸੰਭਾਵਨਾਵਾਂ ਤਲਾਸਣ ਦੀ ਗੱਲ ਵੀ ਆਖੀ ਅਤੇ ਕਿਹਾ ਕਿ ਸਾਨੂੰ ਵਿਰਾਸਤ ਵਿਚ ਲੀਹੋਂ ਲੱਥਿਆਂ ਪੰਜਾਬ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਮੁੜ ਰੰਗਲਾ ਸਵਰੂਪ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਕਿਸਾਨਾਂ, ਮੰਡੀ ਮਜਦੂਰਾਂ, ਆੜਤੀਆਂ ਅਤੇ ਸੈਲਰ ਸਨਅੱਤ ਦੇ ਅਹੁਦੇਦਾਰਾਂ ਦੀਆਂ ਮੁਸਕਿਲਾਂ ਵੀ ਸੁਣੀਆਂ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਸਥਾਨਕ ਵਿਧਾਇਕ ਸ੍ਰੀ ਜ਼ਗਦੀਪ ਕੰਬੋਜ਼ ਗੋਲਡੀ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਏਡੀਸੀ ਸ੍ਰੀ ਰਵਿੰਦਰ ਸਿੰਘ ਅਰੋੜਾ, ਐਸਡੀਐਮ ਮਨਦੀਪ ਕੌਰ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਡੀਐਫਓ ਅੰਮ੍ਰਿਤਪਾਲ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਦੇਵ ਰਾਜ ਸ਼ਰਮਾ, ਸਕੱਤਰ ਮਾਰਕਿਟ ਕਮੇਟੀ ਜ਼ਸਵਿੰਦਰ ਸਿੰਘ ਚਹਿਲ, ਜਿ਼ਲ੍ਹਾ ਯੂਥ ਪ੍ਰਧਾਨ ਸੁਖਵਿੰਦਰ ਕੰਬੋਜ਼, ਅੰਕੁਸ਼ ਮੁਟਨੇਜਾ, ਆੜਤੀਆਂ ਐਸੋਸੀਏਸ਼ਨ ਤੋਂ ਕਪਤਾਨ ਛਾਬੜਾ ਅਤੇ ਹੋਰ ਅਹੁਦੇਦਾਰ ਅਤੇ ਅਧਿਕਾਰੀ ਹਾਜਰ ਸਨ।