IND vs IRE: ਸਪੋਰਟਸ ਡੈਸਕ। ਪਾਲ ਸਟਰਲਿੰਗ ਨੇ ਆਇਰਲੈਂਡ ਦੀ ਟੀ-20 ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਸਿਰਫ ਵਨਡੇ ’ਚ ਹੀ ਟੀਮ ਦੀ ਅਗਵਾਈ ਕਰਨਗੇ। ਸਟਰਲਿੰਗ ਨੇ ਇਹ ਫੈਸਲਾ ਟੀ-20 ਵਿਸ਼ਵ ਕੱਪ ’ਚ ਟੀਮ ਦੇ ਹਾਲ ਹੀ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲਿਆ ਹੈ। ਇਸ ਸਥਿਤੀ ’ਚ ਹੁਣ ਭਾਰਤੀ ਟੀਮ ਨੂੰ ਜੂਨ ’ਚ ਆਇਰਲੈਂਡ ਦੌਰੇ ’ਤੇ ਨਵੇਂ ਕਪਤਾਨ ਖਿਲਾਫ ਖੇਡਣ ਦਾ ਮੌਕਾ ਮਿਲੇਗਾ।
ਇਹ ਖਬਰ ਵੀ ਪੜ੍ਹੋ : Sugarcane Intercropping: ਵਧੇਰੇ ਮੁਨਾਫ਼ੇ ਲਈ ਬਸੰਤ ਰੁੱਤ ਦੇ ਕਮਾਦ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ
ਟੀ-20 ਵਿਸ਼ਵ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ
ਟੂਰਨਾਮੈਂਟ ’ਚ ਆਇਰਲੈਂਡ ਨੂੰ ਸ਼੍ਰੀਲੰਕਾ ਤੇ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਸ ਨੇ ਓਮਾਨ ਨੂੰ ਹਰਾਇਆ। ਜ਼ਿੰਬਾਬਵੇ ਵਿਰੁੱਧ ਉਨ੍ਹਾਂ ਦਾ ਪਿਛਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਆਇਰਲੈਂਡ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਗ੍ਰਾਹਮ ਵੈਸਟ ਨੇ ਕਿਹਾ ਕਿ ਜੂਨ ’ਚ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਨਵੇਂ ਕਪਤਾਨ ਲਈ ਟੀਮ ’ਚ ਆਪਣੀ ਰਣਨੀਤੀ ਨੂੰ ਲਾਗੂ ਕਰਨ ਦਾ ਚੰਗਾ ਮੌਕਾ ਹੋਵੇਗਾ।
ਭਾਰਤੀ ਟੀਮ ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ
ਭਾਰਤੀ ਟੀਮ ਇਸ ਸਾਲ ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ, ਜਿੱਥੇ ਉਹ ਟੀ-20 ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਦੌਰੇ ’ਤੇ ਜਾਵੇਗੀ, ਜਿੱਥੇ ਉਸ ਨੂੰ ਪੰਜ ਟੀ-20 ਤੇ ਤਿੰਨ ਵਨਡੇ ਮੈਚ ਖੇਡਣੇ ਹਨ। ਸਟਰਲਿੰਗ ਨੇ ਕਿਹਾ ਕਿ ਆਪਣੇ ਦੇਸ਼ ਦੀ ਕਪਤਾਨੀ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ ਪਰ ਹੁਣ ਉਹ ਇੱਕ ਖਿਡਾਰੀ ਦੇ ਤੌਰ ’ਤੇ ਆਪਣੇ ਪ੍ਰਦਰਸ਼ਨ ’ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਹਰ ਫਾਰਮੈਟ ਵਿੱਚ ਟੀਮ ਲਈ ਪੂਰੀ ਤਰ੍ਹਾਂ ਵਚਨਬੱਧ ਹੈ।














