
ਸਰਕਾਰੀ ਹਸਪਤਾਲ ’ਚੋਂ ਪ੍ਰਾਈਵੇਟ ਹਸਪਤਾਲ ’ਚ ਰੈਫਰ ਕਰਨ ਲਈ ਆਖਿਆ, ਆਰਥਿਕ ਕਮਜ਼ੋਰੀ ਕਾਰਨ ਪਰਿਵਾਰ ਮਰੀਜ਼ ਨੂੰ ਘਰ ਲਿਜਾਣ ਲਈ ਹੋਇਆ ਮਜ਼ਬੂਰ
Abohar Hospital News: ਅਬੋਹਰ, (ਮੇਵਾ ਸਿੰਘ)। ਅਬੋਹਰ ’ਚ ਇਕ ਗਰੀਬ ਤੇ ਮਜ਼ਦੂਰ ਪਰਿਵਾਰ ਨੂੰ ਉਸ ਸਮੇਂ ਆਪਣੇ ਪਰਿਵਾਰਕ ਮੈਂਬਰ ਨੂੰ ਬਿਮਾਰੀ ਦੀ ਗੰਭੀਰ ਹਾਲਤ ਤੇ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ’ਚੋਂ ਵਾਪਸ ਲਿਜਾਣਾ ਪਿਆ, ਜਦੋਂ ਉਸ ਨੂੰ ਹੋਰ ਇਲਾਜ ਲਈ ਡਾਕਟਰਾਂ ਨੇ ਕਿਸੇ ਹੋਰ ਹਸਪਤਾਲ ਲਈ ਰੈਫਰ ਕੀਤਾ, ਪਰਿਵਾਰ ਨੇ ਆਰਥਿਕ ਮਜ਼ਬੂਰੀ ਦੇ ਚੱਲਦਿਆਂ ਦੱਸਿਆ ਕਿ ਉਹ ਪੈਸੇ ਨਾ ਹੋਣ ਕਾਰਨ ਆਪਣੇ ਮਰੀਜ਼ ਦਾ ਇਲਾਜ ਨਹੀਂ ਕਰਵਾ ਸਕਦੇ, ਜਿਸ ਕਰਕੇ ਉਹ ਉਸ ਨੂੰ ਵਾਪਸ ਲਿਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਜੰਮੂ ਬਸਤੀ ਨਿਵਾਸੀ ਬਾਦਲ ਉਮਰ ਕਰੀਬ 50 ਸਾਲ ਜੋ ਕਿ ਆਪਣੀ ਬਾਈਕ ਦੇ ਪਿੱਛੇ ਲੱਗੀ ਰੇਹੜੀ ’ਤੇ ਕਚਰਾ ਤੇ ਕਬਾੜ ਇਕੱਤਰ ਕਰਨ ਦਾ ਕੰਮ ਕਰਦਾ ਹੈ। ਅੱਜ ਉਸ ਨੂੰ ਉਸ ਦੇ ਪਰਿਵਾਰਕ ਮੈਂਬਰ ਉਸੇ ਬਾਈਕ ਰੇਹੜ੍ਹੀ ’ਤੇ ਭਾਰੀ ਗਰਮੀ ਦੇ ਮੌਸਮ ਵਿਚ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਤਾਂ ਅੱਗੋਂ ਡਾ: ਸੁਰੇਸ ਕੰਬੋਜ ਛੁੱਟੀ ’ਤੇ ਸਨ, ਤਾਂ ਐਮਰਜੈਂਸੀ ਸਟਾਫ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਤੇ ਨਾਲ ਹੀ ਉਸ ਦਾ ਸਿਟੀ ਸਕੈਨ ਕਰਾਉਣ ਲਈ ਫਰੀਦਕੋਟ ਲਈ ਰੈਫਰ ਕਰਨ ਲਈ ਆਖ ਦਿੱਤਾ
ਜਿਸ ’ਤੇ ਮਰੀਜ਼ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਮਰੀਜ਼ ਨੂੰ ਬਾਹਰ ਲਿਜਾਣ ਲਈ ਪੈਸੇ ਨਹੀਂ ਹਨ, ਜੇਗਰ ਹੋ ਸਕੇ ਤਾਂ ਉਸਦਾ ਇਲਾਜ ਇੱਥੇ ਹੀ ਕੀਤਾ ਜਾਵੇ। ਪਰ ਸਰਕਾਰੀ ਹਸਪਤਾਲ ਵਿਚ ਇਲਾਜ ਹੁੰਦਾ ਨਾ ਦੇਖ ਪਰਿਵਾਰਕ ਮੈਂਬਰ ਉਸ ਨੂੰ ਦੁਖੀ ਮਨ ਨਾਲ ਵਾਪਿਸ ਲੈ ਗਏ। ਪਰਿਵਾਰ ਨੇ ਮਾਯੂਸ ਹੁੰਦੇ ਕਿਹਾ ਕਿ ਗਰੀਬੀ ਅੱਗੇ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਹੈ, ਜੇਕਰ ਕਿਸਮਤ ਹੋਈ ਤਾਂ ਉਹ ਬਚ ਜਾਵੇਗਾ। Abohar Hospital News
ਇਹ ਵੀ ਪੜ੍ਹੋ: Farmers Meeting Punjab: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਕਿਸਾਨੀ ਮੁੱਦਿਆਂ ’ਤੇ ਹੋਈ ਮੀਟਿੰਗ
ਓਧਰ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ ’ਚ ਤਾਇਨਾਤ ਫਾਰਮਾਸਿਸਟ ਮਨਦੀਪ ਸਿੰਘ ਨੇ ਦੱਸਿਆ ਕਿ ਬੇਹੋਸੀ ਦੀ ਹਾਲਤ ’ਚ ਲਿਆਂਦੇ ਮਰੀਜ਼ ਦਾ ਬਲੱਡ ਪਰੈਸ਼ਰ ਕਾਫੀ ਵਧਿਆ ਹੋਇਆ ਸੀ, ਸਟਾਫ ਵੱਲੋਂ ਮਰੀਜ਼ ਦਾ ਮੁੱਢਲਾ ਇਲਾਜ ਤਾਂ ਕਰ ਦਿੱਤਾ ਪਰ ਸਿਟੀ ਸਕੈਨ ਕਰਾਉਣ ਬਾਰੇ ਰੈਫਰ ਕਰਨ ’ਤੇ ਪਰਿਵਾਰ ਨੇ ਆਰਥਿਕ ਕਮਜ਼ੋਰੀ ਦੱਸਦਿਆਂ ਬਾਹਰ ਲਿਜਾਣ ਬਾਰੇ ਅਸਮਰੱਥਾ ਪ੍ਰਗਟਾਈ। ਇੱਥੇ ਜਿਕਰ ਕਰਨਾ ਬਣਦਾ ਸਿਹਤ ਵਿਭਾਗ ਵੱਲੋਂ ਆਏ ਦਿਨ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬੇਹਤਰ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲ ਵਿਚ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਅਜਿਹੀਆਂ ਸੇਵਾਵਾਂ ਮੌਜੂਦ ਨਹੀਂ ਹਨ, ਜਿਨ੍ਹਾਂ ਨਾਲ ਗਰੀਬ ਲੋਕਾਂ ਦਾ ਇਲਾਜ ਹੋ ਸਕੇ। ਸਰਕਾਰੀ ਹਸਪਤਾਲ ਵਿਚ ਕਈ ਵਾਰ ਸਿਟੀ ਸਕੈਨ ਮਸ਼ੀਨ ਲਗਾਉਣ ਦੀ ਮੰਗ ਆਮ ਲੋਕਾਂ ਵੱਲੋਂ ਉਠਾਈ ਜਾ ਚੁੱਕੀ ਹੈ, ਪਰੰਤੂ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਤੇ ਆਪ ਆਗੂ ਜਲਦੀ ਸਿਟੀ ਸਕੈਨ ਮਸ਼ੀਨ ਉਪਲੱਬਧ ਕਰਨ ਦੇ ਦਾਅਵੇ ਕਰ ਚੁੱਕੇ ਹਨ।