
ਸ਼ੇਰਾ ਵਾਲਾ ਗੇਟ ਤੋਂ ਲੈ ਕੇ ਸਰਕਟ ਹਾਊਸ ਤੱਕ ਇੱਕ ਦਰਜਨ ਦੇ ਕਰੀਬ ਸੁੱਕੇ ਦਰੱਖਤ ਕਿਸੇ ਵੇਲੇ ਵੀ ਟੁੱਟ ਕੇ ਡਿੱਗਣ ਨੂੰ ਤਿਆਰ
Patiala Tree Risk: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ਾਹੀ ਸ਼ਹਿਰ ਪਟਿਆਲਾ ਦੇ ਸਭ ਤੋਂ ਹਰਿਆਲੀ ਵਾਲੇ ਇਲਾਕੇ ਅਤੇ ਵੱਡੇ-ਵੱਡੇ ਅਫ਼ਸਰਾਂ ਦੀਆਂ ਬਿਲਡਿੰਗਾਂ ਦੇ ਕੋਲ ਖੜ੍ਹੇ ਸੁੱਕੇ ਦਰੱਖਤ ਆਉਂਦੇ-ਜਾਂਦੇ ਰਾਹੀਗਰਾਂ ਲਈ ਨੁਕਸਾਨ ਦੇਹ ਸਾਬਤ ਹੋ ਸਕਦੇ ਹਨ। ਇਸ ਰੋਡ ’ਤੇ ਲਗਭਗ ਇੱਕ ਦਰਜਨ ਦੇ ਕਰੀਬ ਅਜਿਹੇ ਦਰੱਖਤ ਹਨ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸੁੱਕ ਚੁੱਕੇ ਹਨ ਅਤੇ ਇਨ੍ਹਾਂ ਦੇ ਟਾਹਣੇ ਹਰ ਸਮੇਂ ਲਮਕਦੇ ਰਹਿੰਦੇ ਹਨ ਜੋ ਕਿ ਕਿਸੇ ਵੇਲੇ ਵੀ ਆਉਂਦੇ ਜਾਂਦੇ ਵਿਅਕਤੀ ’ਤੇ ਡਿੱਗ ਸਕਦੇ ਹਨ। ਅੱਜ ਤੱਕ ਇਨ੍ਹਾਂ ਵੱਲ ਕਿਸੇ ਵੀ ਜੰਗਲਾਤ ਅਧਿਕਾਰੀ ਦੀ ਨਿਗ੍ਹਾ ਨਹੀਂ ਪਈ। ਇੰਜ ਜਾਪਦਾ ਹੈ ਕਿ ਅਧਿਕਾਰੀ ਕਿਸੇ ਅਣਸੁਖਾਵੀ ਦੁਰਘਟਨਾ ਦੀ ਉਡੀਕ ’ਚ ਹਨ। ਇਹ ਸੁੱਕੇ ਖੜ੍ਹੇ ਦਰੱਖਤ ਕਿਸੇ ਵੇਲੇ ਵੀ ਹਲਕੇ ਮੀਂਹ ਹਨ੍ਹੇਰੀ ’ਚ ਡਿੱਗ ਕਿ ਕਿਸੇ ਭਿਆਨਕ ਹਾਦਸੇ ਨੂੰ ਅੰਜ਼ਾਮ ਦੇ ਸਕਦੇ ਹਨ।
20 ਨੰਬਰ ਫਾਟਕ ਲੱਗਣ ਤੋਂ ਬਾਅਦ ਫਾਟਕ ਕੋਲ ਇੰਤਜਾਰ ਕਰਦੇ ਰਾਹੀਗਰਾਂ ਦੇ ਬਿਲਕੁੱਲ ਸਿਰ ’ਤੇ ਲਮਕਦਾ ਰਹਿੰਦੈ ਸੁੱਕਾ ਦਰੱਖਤ
ਇਸ ਸਬੰਧੀ ਜਦੋਂ ਅੱਜ ਸ਼ਹਿਰ ਦੇ ਸ਼ੇਰਾ ਵਾਲਾ ਗੇਟ ਤੋਂ ਸਰਕਟ ਹਾਊਸ ਚੌਂਕ ਤੱਕ ਦਾ ਗੇੜਾ ਲਗਾਇਆ ਗਿਆ ਤਾਂ ਦੇਖਣ ’ਚ ਆਇਆ ਕਿ ਇਸ ਇੱਕ ਕਿਲੋਮੀਟਰ ਦੇ ਏਰੀਏ ’ਚ ਲਗਭਗ ਇੱਕ ਦਰਜਨ ਦੇ ਕਰੀਬ ਬਿਲਕੁੱਲ ਚੌਕਾਂ ਦੇ ਵਿਚਕਾਰ ਸੁੱਕੇ ਦਰੱਖਤ ਖੜ੍ਹੇ ਹਨ ਅਤੇ ਇਹ ਆਉਂਦੇ-ਜਾਂਦੇ ਰਾਹੀਗਰਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਇੱਕ ਦਰੱਖਤ ਤਾਂ 20 ਨੰਬਰ ਫਾਟਕ ਦੇ ਬਿਲਕੁੱਲ ਵਿਚਕਾਰ ਖੜ੍ਹਾ ਹਾਦਸਿਆਂ ਨੂੰ ਅਵਾਜਾਂ ਮਾਰ ਰਿਹਾ ਹੈ। ਕਿਉਂਕਿ ਫਾਟਕ ਲੱਗਣ ’ਤੇ ਜਿਆਦਾਤਰ ਲੋਕ ਇਸ ਦਰੱਖਤ ਦੇ ਹੇਠਾਂ ਹੀ ਖੜ੍ਹ ਕੇ ਗੱਡੀ ਆਉਣ ਦਾ ਇੰਤਜਾਰ ਕਰਦੇ ਹਨ ਜਿਸ ਕਾਰਨ ਇਹ ਸੁੱਕਾ ਦਰੱਖਤ ਕਿਸੇ ਲਈ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ।
ਇਸ ਤੋਂ ਇਲਾਵਾ ਚੌਕਾਂ ’ਚ ਖੜ੍ਹੇ ਇਹ ਸੁੱਕੇ ਦਰੱਖਤ ਮੀਂਹ-ਹਨ੍ਹੇਰੀ ’ਚ ਰਾਹੀਗਰਾਂ ਲਈ ਜਾਨ ਦਾ ਖੌਅ ਬਣ ਸਕਦੇ ਹਨ। ਇਹ ਦਰੱਖਤ ਕਾਫ਼ੀ ਜ਼ਿਆਦਾ ਪੁਰਾਣੇ ਹੋਣ ਕਾਰਨ ਕਾਫ਼ੀ ਜ਼ਿਆਦਾ ਫੈਲੇ ਹੋਏ ਹਨ ਅਤੇ ਇਨ੍ਹਾਂ ਦੀਆਂ ਟਾਹਣੀਆਂ ਵੀ ਕਾਫੀਆਂ ਜ਼ਿਆਦਾ ਏਰੀਏ ’ਚ ਫੈਲਣ ਕਾਰਨ ਕਿਸੇ ਵੇਲੇ ਵੀ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਦਰੱਖਤਾਂ ’ਚ ਅੰਬ, ਨਿੰਮ ਆਦਿ ਦੇ ਦਰੱਖਤ ਮੁੱਖ ਹਨ।
ਇਹ ਵੀ ਪੜ੍ਹੋ: ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਵਿੱਢਿਆ ਸੰਘਰਸ਼, ਪੈਨਸ਼ਨਰ ਹੋਏ ਇੱਕਜੁਟ
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਨਿਵਾਸੀ ਦਰਬਾਰਾ ਸਿੰਘ, ਭਗਵੰਤ ਸਿੰਘ, ਮਨਮੋਹਨ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਦਰੱਖਤਾਂ ਨੂੰ ਦੇਖਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਦਰੱਖਤ ਕਿਸੇ ਸਮੇਂ ਵੀ ਕਿਸੇ ਵੀ ਵਿਅਕਤੀ ਲਈ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਜੰਗਲਾਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸੁੱਕ ਚੁੱਕੇ ਦਰੱਖਤਾਂ ਨੂੰ ਕੱਟ ਕੇ ਇਨ੍ਹਾਂ ਦੀ ਜਗ੍ਹਾਂ ਨਵੇਂ ਦਰੱਖਤ ਲਗਾਏ ਜਾਣ ਤਾਂ ਜੋ ਅੱਧ ਵਿਚਕਾਰ ਲਮਕ ਰਹੇ ਇਨ੍ਹਾਂ ਦਰੱਖਤਾਂ ਕਾਰਨ ਕਿਸੇ ਦਾ ਕੋਈ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। Patiala Tree Risk



ਇਨ੍ਹਾਂ ਦਰੱਖਤਾਂ ਦੀ ਲਿਸਟ ਕਾਰਪੋਰੇਸ਼ਨ ਨੂੰ ਭੇਜੀ ਹੋਈ ਹੈ : ਡੀਐੱਫਓ ਗੁਰਅਮਨ ਸਿੰਘ
ਇਸ ਸਬੰਧੀ ਜਦੋਂ ਡੀਐੱਫਓ ਗੁਰਅਮਨ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੇ ਸੁੱਕੇ ਦਰੱਖਤਾਂ ਦੀ ਲਿਸਟ ਬਣਾ ਕੇ ਵਿਭਾਗ ਵੱਲੋਂ ਕਾਰਪੋਰੇਸ਼ਨ ਨੂੰ ਭੇਜੀ ਹੋਈ ਹੈ। ਹੁਣ ਇਹ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੇਖਣਾ ਹੈ ਕਿ ਉਹ ਕਦੋਂ ਇਨ੍ਹਾਂ ਦਰੱਖਤਾਂ ਨੂੰ ਇਸ ਜਗ੍ਹਾਂ ਤੋਂ ਹਟਾਉਦਾ ਹੈ। ਅਸੀਂ ਆਪਣੀ ਕਾਰਵਾਈ ਪੂਰੀ ਕੀਤੀ ਹੋਈ ਹੈ।
ਸੁੱਕੇ ਦਰੱਖਤਾਂ ਨੂੰ ਕੱਟਣ ਸਬੰਧੀ ਨਿਗਮ ਨੇ ਨਹੀਂ ਕੀਤੀ ਸਾਡੇ ਤੱਕ ਪਹੁੰਚ : ਰੇਂਜ ਅਫਸਰ
ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸਵਰਨ ਸਿੰਘ ਨੇ ਕਿਹਾ ਕਿ ਸ਼ਹਿਰ ’ਚ ਖੜੇ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਨਗਰ ਨਿਗਮ ਨੇ ਕੱਟਣਾ ਹੁੰਦਾ ਹੈ ਅਤੇ ਨਗਰ ਨਿਗਮ ਸਾਡੇ ਤੋਂ ਇਨ੍ਹਾਂ ਦਰੱਖਤਾਂ ਦੀ ਕੀਮਤ ਲਗਵਾਉਂਦਾ ਹੈ ਕਿ ਕਿੰਨੇ ਰੁਪਏ ਦੇ ਇਹ ਦਰੱਖਤ ਵੇਚਣੇ ਹਨ, ਪਰ ਨਗਰ ਨਿਗਮ ਨੇ ਸਾਡੇ ਕੋਲ ਹੁਣ ਤੱਕ ਕੋਈ ਵੀ ਪਹੁੰਚ ਨਹੀਂ ਕੀਤੀ। ਹਾਂ ਜੇਕਰ ਇਨ੍ਹਾਂ ਦਰੱਖਤਾਂ ਦੀਆਂ ਟਾਹਣੀਆਂ ਆਦਿ ਦੀ ਆਲੇ-ਦੁਆਲੇ ਤੋਂ ਕਟਾਈ ਕਰਨੀ ਹੋਵੇ ਤਾਂ ਉਹ ਅਸੀਂ ਕਰ ਸਕਦੇ ਹਾਂ ਤੇ ਜਲਦ ਹੀ ਵਾਧੂ ਟਾਹਣੀਆਂ ਨੂੰ ਕੱਟ ਦਿੱਤਾ ਜਾਵੇਗਾ।
ਨਗਰ ਨਿਗਮ ਨੂੰ ਮਸਲੇ ਸਬੰਧੀ ਜਾਣੂੰ ਕਰਵਾਇਆ ਜਾਵੇਗਾ : ਡੀਸੀ ਦਫਤਰ ਅਫਸਰ
ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਮੀਟਿੰਗ ’ਚ ਹਨ। ਉਨ੍ਹਾਂ ਦੇ ਇੱਕ ਅਫਸਰ ਦਾ ਫੋਨ ਆਇਆ ਕਿ ਉਹ ਨਗਰ ਨਿਗਮ ਨੂੰ ਕਹਿ ਕੇ ਇਸ ਮਸਲੇ ਪ੍ਰਤੀ ਜਾਣੂੰ ਕਰਵਾ ਦੇਣਗੇ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।
ਜਲਦ ਅਧਿਕਾਰੀਆਂ ਨਾਲ ਗੱਲ ਕਰਕੇ ਕੀਤਾ ਜਾਵੇਗਾ ਹੱਲ : ਨਿਗਮ ਕਮਿਸ਼ਨਰ
ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਸ਼ਹਿਰ ’ਚ ਖੜ੍ਹੇ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਕਟਵਾ ਕੇ ਇਨ੍ਹਾਂ ਦੀ ਜਗ੍ਹਾਂ ਨਵੇਂ ਰੁੱਖ ਲਗਾਏ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ ਆਉਦੀਆਂ ਦਿੱਕਤਾਂ ਤੋਂ ਛੁਟਕਾਰਾਂ ਦਿਵਾਇਆ ਜਾਵੇਗਾ। Patiala Tree Risk