ਪਟਿਆਲਾ ਹਿੰਸਾ : ਆਈਜੀ ਤੇ ਐਸਐਸਪੀ ਸਮੇਤ ਚਾਰ ਅਧਿਕਾਰੀਆਂ ਦੇ ਤਬਾਦਲੇ, ਸ਼ਹਿਰ ‘ਚ ਇੰਟਰਨੈੱਟ ਬੰਦ

ssp

(Patiala Violence) ਹਿੰਦੂ ਸੰਗਠਨਾਂ ਨੇ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ

(ਸੱਚ ਕਹੂੰ ਨਿਊਜ਼ ) ਪਟਿਆਲਾ। ਪਟਿਆਲਾ ’ਚ ਦੋ ਧਿਰਾਂ ਦਰਮਿਆਨ ਹੋਏ ਆਪਸੀ ਟਕਰਾਅ ਤੋਂ ਅਗਲੇ ਦਿਨ ਪੰਜਾਬ ਸਰਕਾਰ ਨੇ ਐਕਸ਼ਨ ਲੈਂਦਿਆਂ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਨਾਨਕ ਸਿੰਘ ਦੇ ਤਬਾਦਲੇ ਕਰ ਦਿੱਤੇ ਗਏ ਹਨ। ਹੁਣ ਮੁਖਵਿੰਦਰ ਸਿੰਘ ਛੀਨਾ ਨਵੇਂ ਆਈਜੀ ਅਤੇ ਦੀਪਕ ਪਾਰਿਖ ਨਵੇਂ ਐਸਐਸਪੀ ਹੋਣਗੇ। ਸਿਟੀ ਐਸਪੀ ਨੂੰ ਹਟਾ ਕੇ ਵਜ਼ੀਰ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ। ਡੀਐਸਪੀ ਅਸ਼ੋਕ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ ਹੈ (Patiala Violence)

ਕਾਲੀ ਮਾਤਾ ਮੰਦਰ ‘ਤੇ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਪਟਿਆਲਾ ‘ਚ ਹਿੰਦੂ ਸੰਗਠਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ। ਹਾਲਾਤ ਹੋਰ ਵਿਗੜਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਹਿਰ ਵਿੱਚ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਡੋਂਗਲ ਤੋਂ ਵੀ ਇੰਟਰਨੈੱਟ ਨਹੀਂ ਚੱਲੇਗਾ। ਪਟਿਆਲਾ ਵਿੱਚ ਸੁਰੱਖਿਆ ਲਈ ਡੇਢ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਪੁਲਿਸ ਨੇ ਹਿੰਦੂ ਸੰਗਠਨਾਂ ਨੂੰ ਅਰਥੀ ਫੂਕ ਮਾਰਚ ਨਾ ਕੱਢਣ ਲਈ ਮਨਾ ਲਿਆ ਹੈ। ਐਸਐਸਪੀ ਨਾਨਕ ਸਿੰਘ ਨਾਲ ਗੱਲਬਾਤ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਹਿੰਦੂ ਸੰਗਠਨਾਂ ਨੇ ਮੰਦਰ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।

ਜਾਂਚ ਚੱਲ ਰਹੀ ਹੈ ਸਭ ਕੁਝ ਸਭ ਦੇ ਸਾਹਮਣੇ ਆ ਜਾਵੇਗਾ : ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿੰਸਾ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਦੇ ਲੋਕ ਸ਼ਾਮਲ ਸਨ। ਦੂਜੇ ਪਾਸੇ ਅਕਾਲੀ ਦਲ ਦੇ ਲੋਕ ਸਨ। ਇਹ ਦੋ ਸਿਆਸੀ ਪਾਰਟੀਆਂ ਦਾ ਟਕਰਾਅ ਸੀ, ਇਸ ਨੂੰ ਕਿਸੇ ਧਰਮ ਜਾਂ ਫਿਰਕੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ, ਜਲਦੀ ਹੀ ਸਭ ਕੁਝ ਸਭ ਦੇ ਸਾਹਮਣੇ ਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ