ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਪਟਿਆਲਾ ਪੁਲਿਸ ...

    ਪਟਿਆਲਾ ਪੁਲਿਸ ਵੱਲੋ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਗਿਰੋਹ ਬੇਪਰਦ

    6 ਜਣੇ ਗ੍ਰਿਫਤਾਰ ਕਰਕੇ 5.47 ਲੱਖ ਰੁਪਏ ਦੇ ਜਾਅਲੀ ਨੋਟ, ਕੰਪਿਊਟਰ ਤੇ ਪ੍ਰਿੰਟਰ ਬਰਾਮਦ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਨੂੰ ਬੇਪਰਦ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 5 ਲੱਖ 47 ਹਜ਼ਾਰ 400 ਰੁਪਏ ਦੇ ਜਾਅਲੀ ਨੋਟ ਅਤੇ ਇਹ ਨੋਟ ਤਿਆਰ ਕਰਨ ਵਾਲਾ ਸਾਜੋ-ਸਮਾਨ ਵੀ ਬਰਾਮਦ ਕੀਤਾ ਹੈ।

    ਇਸ ਗਿਰੋਹ ‘ਚ ਸਤਨਾਮ ਸਿੰਘ ਰਿੰਕੂ ਵਾਸੀ ਸੀਸ ਮਹਿਲ ਕਲੋਨੀ, ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਖਰਾਮ ਕਲੋਨੀ ਅਲੀਪੁਰ ਰੋਡ, ਤਰਸੇਮ ਲਾਲ ਪੁੱਤਰ ਮੋਤੀ ਲਾਲ ਵਾਸੀ ਗੋਬਿੰਦ ਨਗਰ, ਮਾਡਲ ਟਾਊਨ ਪਟਿਆਲਾ, ਗੁਰਜੀਤ ਸਿੰਘ ਜੀਤੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਘਰਾਚੋ ਹਮੀਰ ਪੱਤੀ ਥਾਣਾ ਭਵਾਨੀਗੜ, ਯਸਪਾਲ ਪੁੱਤਰ ਸ਼ਾਮ ਲਾਲ ਵਾਸੀ ਸਿਨੇਮਾ ਚੌਕ ਸਮਾਣਾ, ਅਮਿਤ ਕੁਮਾਰ ਉਰਫ ਅਮਨ ਪੁੱਤਰ ਮਨੋਹਰ ਲਾਲ ਵਾਸੀ ਟੈਲੀਫੋਨ ਕਾਲੋਨੀ ਨੇੜੇ ਸਰਾਂਪੱਤੀ ਚੌਕ ਸਮਾਣਾ ਅਤੇ ਇਸ਼ਾਕ ਉਰਫ ਭੂਰਾ ਪੁੱਤਰ ਅੱਲਾਦੀਆ ਵਾਸੀ ਸਿੱਧੂਵਾਲ ਪਟਿਆਲਾ ਸ਼ਾਮਲ ਹਨ।

    ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਤਨਾਮ ਸਿੰਘ ਰਿੰਕੂ, ਗੁਰਦੀਪ ਸਿੰਘ, ਗੁਰਜੀਤ ਸਿੰਘ ਜੀਤੀ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਜਾਅਲੀ ਕਰੰਸੀ ਦੇ 2,93,000 ਰੁਪਏ, 2,16,000 ਰੁਪਏ ਇੱਕ ਪਾਸੇ ਛਪੇ ਹੋਏ, 38,400 ਰੁਪਏ ਦੋਨੇ ਪਾਸੇ ਛਪੇ ਨੋਟ ਕੁੱਲ ਰਕਮ 5,47,400 ਰੁਪਏ, ਕੰਪਿਊਟਰ, ਸੀ.ਪੀ.ਯੂ, ਮਾਊਸ, ਕੀ-ਬੋਰਡ, ਯੂ.ਪੀ.ਐਸ, ਤਿੰਨ ਪ੍ਰਿੰਟਰ ਅਤੇ ਲੈਮੀਨੇਟਰ ਬ੍ਰਾਮਦ ਕਰਵਾਏ ਗਏ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਇਨਕਲੇਵ ਮਕਾਨ ਨੰਬਰ 1, ਪਿੰਡ ਨਸੀਰਪੁਰ ਵਿਖੇ ਗੁਰਦੀਪ ਸਿੰਘ, ਸਤਨਾਮ ਸਿੰਘ, ਤਰਸੇਮ ਲਾਲ, ਗੁਰਜੀਤ ਸਿੰਘ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਜਾਅਲੀ ਕਰੰਸੀ ਤਿਆਰ ਕਰਕੇ ਤੇ ਇਸ ਨੂੰ ਅਸਲ ਕਰੰਸੀ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਦੇਹੀ ਨਾਲ ਬਾਜਾਰ ਵਿਚ ਚਲਾਉਦੇ ਹਨ ਤੇ ਇਹ ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿਚ ਫਸਾ ਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਵੇਚਣ ਦੀ ਫਿਰਾਕ ਵਿਚ ਰਹਿੰਦੇ ਹਨ।

    ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਆਪਣਾ 2000 ਰੁਪਏ ਦਾ ਨੰਬਰੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਆਮ ਕੱਪੜੇ ਪੁਆ ਕੇ ਡੰਮੀ ਗ੍ਰਾਹਕ ਬਣਾ ਕੇ ਉਕਤ ਟਿਕਾਣੇ ‘ਤੇ ਭੇਜਿਆ। ਉਕਤ ਦੋਸ਼ੀ ਗੁਰਦੀਪ ਸਿੰਘ ਨੇ ਨੰਬਰੀ ਨੋਟ ਅਸਲ ਕਰੰਸੀ 200 ਰੁਪਏ ਲੈ ਕੇ 4000 ਰੁਪਏ ਦੇ ਜਾਅਲੀ ਕਰੰਸੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਦੇ ਦਿੱਤੇ। ਇਸ ਮਗਰੋਂ ਪੁਲਿਸ ਨੇ ਉੱਕਤ ਮਕਾਨ ‘ਤੇ ਤੁਰੰਤ ਛਾਪੇਮਾਰੀ ਕੀਤੀ, ਜਿੱਥੇ ਗੁਰਦੀਪ ਸਿੰਘ ਕੰਪਿਊਟਰ ਤੇ ਜਾਆਲੀ ਕਰੰਸੀ ਛਾਪ ਕੇ ਪ੍ਰਿੰਟਰ ਰਾਹੀ ਕੱਢ ਕੇ ਗੁਰਜੀਤ ਸਿੰਘ ਜੀਤੀ ਨੂੰ ਫੜਾ ਰਿਹਾ ਸੀ, ਸਤਨਾਮ ਸਿੰਘ ਰਿੰਕੂ ਕਟਰ ਨਾਲ ਨੋਟਾਂ ਦੀ ਕਟਿੰਗ ਕਰ ਰਿਹਾ ਸੀ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਲੌਬੀ ਵਿਚ ਬੈਠੇ ਜਾਅਲੀ ਕਰੰਸੀ ਦੇ ਨੋਟਾਂ ਦੀ ਗਿਣਤੀ ਕਰ ਰਹੇ ਸਨ। ਇਨ੍ਹਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਤਰਸੇਮ ਲਾਲ ਮੌਕਾ ਪਾ ਕੇ ਪਿਛਲੇ ਦਰਵਾਜੇ ਤੋਂ ਫਰਾਰ ਹੋ ਗਿਆ, ਇਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    ਜੇਲ੍ਹ ਤੋਂ ਬਾਹਰ ਆ ਕੇ ਘੜੀ ਜੁਗਤ

    ਐਸਐਸਪੀ ਨੇ ਦੱਸਿਆ ਕਿ ਤਰਸੇਮ ਲਾਲ, ਗੁਰਦੀਪ ਸਿੰਘ ਤੇ ਸਤਨਾਮ ਸਿੰਘ ਵਿਰੁੱਧ ਪਹਿਲਾ ਵੀ ਮੁਕੱਦਮੇ ਦਰਜ ਹਨ। ਸਾਲ 2019 ਵਿਚ ਇਹ ਤਿੰਨੇ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਸਨ ਜਿੱਥੇ ਇਨ੍ਹਾਂ ਦੀ ਆਪਸ ਵਿਚ ਮੁਲਾਕਾਤ ਹੋਈ ਅਤੇ ਜੇਲ ਤੋਂ ਬਾਹਰ ਆ ਕੇ ਜਾਅਲੀ ਕਰੰਸੀ ਬਣਾ ਕੇ ਚਲਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕਰਕੇ ਪਿਛਲੇ ਘਾਟੇ ਪੂਰੇ ਕਰਨ ਦੀ ਤਰਕੀਬ ਬਣਾਈ। ਹੁਣ ਜਦੋਂ ਉਹ ਪਿਛਲੇ ਕਰੀਬ 6 ਮਹੀਨੇ ਪਹਿਲਾ ਜਮਾਨਤ ਹੋਣ ‘ਤੇ ਜੇਲ ਤੋਂ ਬਾਹਰ ਆਏ ਤੇ ਲਾਕ ਡਾਊਨ ਖਤਮ ਹੋਣ ਮਗਰੋਂ ਕਰੀਬ ਦੋ ਮਹੀਨੇ ਪਹਿਲਾ ਇਨ੍ਹਾਂ ਨੇ ਇਹ ਮਕਾਨ ਕਿਰਾਏ ‘ਤੇ ਲੈ ਕੇ ਜਾਅਲੀ ਕਰੰਸੀ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.