ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ
- ਮੁਲਜ਼ਮਾਂ ਦੀ ਕੀਤੀ ਸ਼ਨਾਖ , ਜਲਦ ਕੀਤੇ ਜਾਣਗੇ ਗ੍ਰਿਫ਼ਤਾਰ
- ਅੰਤਰਰਾਜੀ ਗਿਰੋਹ ਬੱਚਿਆਂ ਰਾਹੀਂ ਕਰਵਾਉਂਦਾ ਅਜਿਹੀਆਂ ਵਾਰਦਾਤਾਂ : ਦੀਪਕ ਪਾਰੀਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ (Patiala Police ) ਵੱਲੋਂ ਆਖ਼ਰ ਸਟੇਟ ਬੈਂਕ ਆਫ ਇੰਡੀਆ ਚ ਇਕ ਬੱਚੇ ਵੱਲੋਂ ਦਿਨ ਦਿਹਾੜੇ 35 ਲੱਖ ਰੁਪਏ ਦੀ ਕੀਤੀ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਪੁਲਿਸ ਵੱਲੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਬੈਂਕਾਂ ਸਮੇਤ ਮੈਰਿਜ ਪੈਲੇਸਾਂ ਵਿਚ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਅਤੇ ਲੁੱਟੀ ਗਈ ਰਕਮ ਨੂੰ ਆਪਣੇ ਖੇਤਰ ਮੱਧ ਪ੍ਰਦੇਸ਼ ਦੇ ਏਰੀਏ ਵਿਚ ਛੁਪਾ ਦਿੰਦਾ ਹੈ । ਪੁਲਿਸ ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੀਆਂ ਵੱਖ ਵੱਖ ਟੀਮਾਂ ਬਣਾ ਕੇ ਇਸ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਹਰਵੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸਨ, ਵਜੀਰ ਸਿੰਘ ਐਸ.ਪੀ ਸਿਟੀ ਪਟਿਆਲਾ ਅਤੇ ਸੁਖਅੰਮ੍ਰਿਤ ਸਿੰਘ ਰੰਧਾਵਾ ਡੀ.ਐਸ.ਪੀ (ਡਿਟੈਕਟਿਵ), ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਬਣਾਈ ਗਈ ਸੀ।ਜਿੰਨ੍ਹਾ ਨੇ ਵੱਖ-ਵੱਖ ਪਹਿਲੂਆ ਤੋ ਤਫਤੀਸ ਸ਼ੁਰੂ ਕੀਤੀ ਤਾਂ ਇਹ ਵਾਰਦਾਤ ਕਰਨ ਵਾਲੇ ਅੰਤਰਰਾਜੀ ਗੈਂਗ ਦੀ ਪਹਿਚਾਣ ਹੋ ਗਈ ਸੀ, ਜਿਸ ਦੇ ਅਧਾਰ ’ਤੇ ਪਟਿਆਲਾ ਪੁਲਿਸ ਵੱਲੋਂ ਪਿੰਡ ਕੜ੍ਹੀਆ ਥਾਣਾ ਬੋਡਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਵਿਖੇ ਇੰਨ੍ਹਾ ਦੇ ਟਿਕਾਣੇ ’ਤੇ ਰੇਡ ਕਰਕੇ ਬੈਂਕ ਵਿੱਚੋਂ ਚੋਰੀ ਹੋਈ ਰਕਮ ਵਿੱਚੋਂ 33 ਲੱਖ 50 ਹਜ਼ਾਰ ਰੁਪਏ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਮੁਲਜ਼ਮਾਂ ਦੀ ਪਹਿਚਾਣ ਹੋ ਚੁੱਕੀ ਹੈ ਜਿੰਨ੍ਹਾ ਨੂੰ ਵੀ ਜਲਦ ਗਿ੍ਰਫਤਾਰ ਕੀਤਾ ਜਾਵੇਗਾ।
ਗੈਂਗ ਬਾਰੇ ਮਿਲੀ ਸੀ ਗੁਪਤ ਸੁੂਚਨਾ
ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਵਿਖੇ ਵਾਰਦਾਤ ਵਿੱਚ ਸ਼ਾਮਲ ਮੁਲਜਮਾਂ ਅਤੇ ਕੈਸ ਦੀ ਬਰਾਮਦਗੀ ਲਈ ਪਿੰਡ ਕੜ੍ਹੀਆਂ ਜ਼ਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਵਿਖੇ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਇਸ ਗੈਂਗ ਬਾਰੇ ਗੁਪਤ ਸੁੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਂਬਰ ਦੇ ਘਰ ਪਹੁੰਚਿਆ ਹੈ ਜਿਸ ’ਤੇ ਪਿੰਡ ਕੜੀਆ ਵਿਖੇ ਮੁਲਜ਼ਮ ਰਾਜੇਸ ਦੇ ਘਰ ਰੇਡ ਕਰਕੇ ਇਹ 33 ਲੱਖ 50 ਹਜ਼ਾਰ ਰੁਪਏ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ ਬਾਓੂਚਰ ਅਤੇ ਸਬੰਧਿਤ ਕਾਗਜਾਤ ਵੀ ਬਰਾਮਦ ਹੋਏ ਹਨ। ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ ਅਤੇ ਗਹਣਿਆਂ ਦੀ ਬਰਾਮਦਗੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਪ੍ਰੰਤੂ ਇਸ ਕੇਸ ਪਟਿਆਲਾ ਪੁਲਿਸ ਨੂੰ ਸੁਰੂਆਤ ਵਿੱਚ ਹੀ ਕੈਸ ਦੀ ਵੱਡੀ ਬਰਾਮਦਗੀ ਹੋ ਕੇ ਸਫਲਤਾ ਹਾਸਲ ਹੋਈ ਹੈ।
ਗੈਂਗ ਪੂਰੇ ਭਾਰਤ ਵਿੱਚ ਵਾਰਦਾਤਾਂ ਨੂੰ ਦਿੰਦਾ ਹੈ ਅੰਜਾਮ
ਇਹ ਗੈਂਗ ਪੁਰੇ ਭਾਰਤ ਵਿੱਚ ਵਾਰਦਾਤਾਂ ਕਰਦਾ ਹੈ। ਇਸ ਗੈਂਗ ਦੇ ਮੈਬਰਾਂ ਵੱਲੋਂ ਇਸ ਤਰ੍ਹਾਂ ਦੀ ਬੈਂਕ ਵਿੱਚੋਂ ਕੈਸ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ ਯੂ.ਪੀ, ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆਂ ਹਨ। ਇੰਨ੍ਹਾ ਵਾਰਦਾਤਾਂ ਵਿੱਚ ਇਹ ਗੈਂਗ ਛੋਟੇ ਬੱਚਿਆਂ ਦੀ ਮੱਦਦ ਨਾਲ ਅੰਜਾਮ ਦਿੰਦੇ ਹਨ ਕਿਉਂਕਿ ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟਰੇਡ ਕੀਤੇ ਜਾਂਦੇ ਹਨ। ਇਹ ਗੈਂਗ ਆਪਣੇ ਪਿੰਡ ਦੇ ਨਾਂਅ ਨਾਲ ਕੜ੍ਹੀਆ ਗੈਂਗ ਦੇ ਨਾਂਅ ਨਾਲ ਜਾਣੇ ਜਾਂਦੇ ਹਨ । ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚ ਦਿੰਦੇ ਹਨ ਅਤੇ ਆਪ ਵੀ ਅਲੱਗ-ਅਲੱਗ ਹੋ ਜਾਂਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋਂ ਬਾਅਦ ਇਹ ਆਪਣੇ ਪਿੰਡ ਨਹੀਂ ਜਾਂਦੇ ਹਨ।
ਇਹ ਗੈਂਗ ਚੋਰੀ ਕੀਤਾ ਪੈਸਾ/ਗਹਿਣੇ ਬਹੁਤ ਜਲਦੀ ਹੀ ਖੁਰਦ*-ਬੁਰਦ ਕਰ ਦਿੰਦੇ ਹਨ। ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੋਰੀ ਤੌਰ ’ਤੇ ਕਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ। ਐੱਸਐੱਸਪੀ ਅਨੁਸਾਰ ਇਸ ਵਾਰਦਾਤ ਵਿੱਚ ਸ਼ਾਮਲ ਅੰਤਰਰਾਜੀ ਗੈਂਗ ਮੈਂਬਰਾਂ ਰਿਤੇਸ਼ ਪੁੱਤਰ ਰਾਜਪਾਲ, ਕ੍ਰਿਸ਼ਨ ਪੁੱਤਰ ਰਵੀ, ਰਾਜੇਸ਼ ਪੁੱਤਰ ਚੰਦੂ ਲਾਲ ਵਾਸੀਆਨ ਪਿੰਡ ਕੜੀਆਂ ਥਾਣਾ ਬੋਡਾ ਜ਼ਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਦੀ ਸਨਾਖਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਬੱਚੇ ਦੇ ਨਾਂਅ ਬਾਰੇ ਜਾਣਕਾਰੀ ਨਹੀਂ ਦੇਣਗੇ ਅਤੇ ਇਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ