ਪਟਿਆਲਾ ਹੈਰੀਟੇਜ ਫੈਸਟੀਵਲ-2023 ਦਰਸ਼ਕਾਂ ਨੂੰ ਹਸਾਉਂਦਾ ਹੋਇਆ ਸਮਾਪਤ

Patiala Heritage Festival
ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਤਿੰਨ ਰੋਜ਼ਾ ਥਿਏਟਰ ਉਤਸਵ ਦੇ ਆਖਰੀ ਦਿਨ ਕਮੇਡੀ ਕਲਾਕਾਰ ਜਸਪ੍ਰੀਤ ਸਿੰਘ ਆਪਣੀ ਪੇਸ਼ਕਾਰੀ ਦਿੰਦੇ ਹੋਏ ਅਤੇ ਸ਼ਾਮਲ ਸ਼ਖ਼ਸੀਅਤਾਂ।

ਪਟਿਆਲਾ ਥਿਏਟਰ ਉਤਸਵ ਜਸਪ੍ਰੀਤ ਸਿੰਘ ਦੀ ਸਟੈਂਡ ਅੱਪ ਕਮੇਡੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੋਇਆ ਸਮਾਪਤ

  • ਹਰਪਾਲ ਟਿਵਾਣਾ ਕਲਾਂ ਕੇਂਦਰ ’ਚ ਤਿੰਨ ਦਿਨ ਲੱਗੀਆਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਰੌਣਕਾਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਪਟਿਆਲਾ ਹੈਰੀਟੇਜ ਫੈਸਟੀਵਲ-2023 (Patiala Heritage Festival) ਦੇ ਸਮਾਰੋਹਾਂ ਦੀ ਲੜੀ ਤਹਿਤ ਤਿੰਨ ਦਿਨਾਂ ਪਟਿਆਲਾ ਥਿਏਟਰ ਫੈਸਟੀਵਲ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਦੀ ਸਟੈਂਡਅਪ ਕਮੇਡੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੋਇਆ ਬੀਤੀ ਰਾਤ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮਾਪਤ ਹੋ ਗਿਆ। ਇਸ ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭੈਣ ਬੀਬਾ ਮਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਸਪ੍ਰੀਤ ਸਿੰਘ ਤੇ ਉੱਘੇ ਰੰਗਮੰਚ ਕਲਾਕਾਰ ਮਨਪਾਲ ਟਿਵਾਣਾ ਵੱਲੋਂ ਦੀਪ ਜਲਾਉਣ ਰਸਮ ਅਦਾ ਕਰਨ ਉਪਰੰਤ ਹੋਈ।

ਜਸਪ੍ਰੀਤ ਸਿੰਘ ਨੇ ਆਪਣੀ ਕਮੇਡੀ ਦਾ ਜਲਵਾ ਦਿਖਾਉਂਦੇ ਹੋਏ ਦਰਸ਼ਕਾਂ ਨੂੰ ਹਸਾ ਕੇ ਢਿੱਡੀਂ ਪੀੜਾਂ ਪਾਈਆਂ। ਉਸ ਨੇ ਆਪਣੇ ਵੱਖਰੇ ਅੰਦਾਜ ’ਚ ਦਰਸ਼ਕਾਂ ਨੂੰ ਹਸਾਇਆ ਅਤੇ ਸ਼ਰਾਬ ਸਮੇਤ ਹੋਰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨੌਜਵਾਨਾਂ ਨੂੰ ਮੋਬਾਇਲ ਤੇ ਇੰਟਰਨੈਟ ਸਮੇਤ ਆਧੁਨਿਕ ਸੰਚਾਰ ਯੰਤਰਾਂ ਦੀ ਸਦਵਰਤੋਂ ਕਰਨ ਦਾ ਸੁਨੇਹਾ ਵੀ ਦਿੱਤਾ। ਜਸਪ੍ਰੀਤ ਸਿੰਘ ਨੇ ਆਪਣੀ ਪਰਿਵਾਰਕ ਉਦਾਹਰਣ ਦਿੰਦਿਆਂ ਖੋ ਰਹੀਆਂ ਪਰਿਵਾਰਕ ਸਾਂਝਾਂ ’ਤੇ ਵੀ ਟਕੋਰ ਕੀਤੀ।

ਪਟਿਆਲਾ ਥਿਏਟਰ ਫੈਸਟੀਵਲ ਦੇ ਪਹਿਲੇ ਦਿਨ ਪ੍ਰਸਿੱਧ ਰੰਗਮੰਚ ਕਲਾਕਾਰ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਦੇ ਨਾਟਕ ਅੰਮੀ ਦਾ ਸਫ਼ਲ ਮੰਚਨ ਹੋਇਆ ਜਦੋਂਕਿ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਥਿਏਟਰ ਤੇ ਟੈਲੀਜਿਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਉਲ ਦੇ ਵਿਉਂਤੇ ਅਤੇ ਨਾਟਕਕਾਰ-ਨਿਰਦੇਸ਼ਕ ਦਵਿੰਦਰ ਦਮਨ ਦੇ ਨਾਟਕ ‘ਵਾਰਿਸ ਸ਼ਾਹ-ਸੁਖਨ ਦਾ ਵਾਰਿਸ’ ਨਾਟਕ ਖੇਡਿਆ ਗਿਆ। ਇਸ ਮੌਕੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ।

ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਤਿੰਨ ਰੋਜ਼ਾ ਥਿਏਟਰ ਉਤਸਵ ਦੇ ਆਖਰੀ ਦਿਨ ਕਮੇਡੀ ਕਲਾਕਾਰ ਜਸਪ੍ਰੀਤ ਸਿੰਘ ਆਪਣੀ ਪੇਸ਼ਕਾਰੀ ਦਿੰਦੇ ਹੋਏ ਅਤੇ ਸ਼ਾਮਲ ਸ਼ਖ਼ਸੀਅਤਾਂ।

25 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਪਟਿਆਲਾ ਹੈਰੀਟੇਜ ਮੇਲੇ ਅਧੀਨ ਕਰਵਾਏ ਗਏ ਥਿਏਟਰ ਉਤਸਵ ਦਾ ਮੰਤਵ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਵਿਰਾਸਤ ਨਾਲ ਜੋੜਨਾਂ ਤਾਂ ਹੈ ਹੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਵੀ ਸਾਕਾਰ ਕਰਨਾ ਹੈ। ਸਾਕਸ਼ੀ ਸਾਹਨੀ ਨੇ ਪਟਿਆਲਵੀਆਂ ਨੂੰ ਹੈਰੀਟੇਜ ਫੈਸਟੀਵਲ ਦਾ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਫਰਵਰੀ 25 ਨੂੰ ਸ਼ੀਸ਼ ਮਹਿਲ ਵਿਖੇ ਰੰਗਲਾ ਪੰਜਾਬ ਕਰਾਫ਼ਟ ਮੇਲਾ, ਪੋਲੋ ਗਰਾਊਂਡ ਵਿਖੇ ਘੋੜ ਸਵਾਰੀ ਦੇ ਕਰਤੱਬ, 26 ਫਰਵਰੀ ਨੂੰ ਟ੍ਰੈਜ਼ਰ ਹੰਟ ਅਤੇ 2 ਤੋਂ 4 ਮਾਰਚ ਤੱਕ ਕਿਲਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।