ਬਠਿੰਡਾ ਦਾ ਬੂਟ ਪਾਲਿਸ ਕਰਨ ਵਾਲਾ ਸੰਨੀ ਹਿੰਦੁਸਤਾਨੀ ਬਣਿਆ ਇੰਡੀਅਨ ਆਈਡਲ -11 ਦਾ ਵਿਜੇਤਾ
ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਅਮਰਪੁਰਾ ਬਸਤੀ ‘ਚ ਅੱਜ ਜਿੱਤ ਦੇ ਢੋਲ ਵੱਜੇ ਹਨ ਇਸ ਬਸਤੀ ‘ਚ ਰਹਿੰਦੇ 21 ਸਾਲ ਦੇ ਨੌਜਵਾਨ ਸੰਨੀ ਨੂੰ ਕੁੱਝ ਮਹੀਨੇ ਪਹਿਲਾਂ ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਤੋਂ ਬਿਨ੍ਹਾਂ ਕੋਈ ਨਹੀਂ ਜਾਣਦਾ ਸੀ ਇੰਡੀਅਨ ਆਈਡਲ-11 ਸ਼ੋਅ ‘ਚੋਂ ਦੇਰ ਰਾਤ ਵਿਜੇਤਾ ਬਣਿਆ ਸੰਨੀ ਹੁਣ ਬਠਿੰਡਾ ‘ਚ ਨਹੀਂ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੁਰਾਂ ਦੇ ਇਸ ਨਵੇਂ ਬਣੇ ਬਾਦਸ਼ਾਹ ਦੇ ਘਰ ‘ਚ ਵਿਆਹ ਵਰਗਾ ਮਾਹੌਲ ਹੈ ਭੈਣਾਂ ਤੋਂ ਭਰਾ ਦੀ ਜਿੱਤ ਦੀ ਖੁਸ਼ੀ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਖੁਸ਼ੀ ਦੇ ਹੰਝੂ ਰੋਕਣ ਦੇ ਬਾਵਜੂਦ ਵਹਿ ਰਹੇ ਹਨ
ਪਰਿਵਾਰ ਵਾਲੇ ਆਖ ਰਹੇ ਨੇ ਕਿ ਸੰਨੀ ਠੀਕ ਕਹਿੰਦਾ ਸੀ, ਉਸਨੇ ਜੋ ਸੋਚਿਆ ਸੀ ਉਹ ਕਰਕੇ ਵਿਖਾ ਦਿੱਤਾ ਸੰਜੇ ਨਗਰ ਦੇ ਸਰਕਾਰੀ ਸਕੂਲ ‘ਚੋਂ 6 ਜਮਾਤਾਂ ਪਾਸ ਕਰਨ ਵਾਲੇ ਸੰਨੀ ‘ਤੇ ਬਚਪਨ ‘ਚ ਹੀ ਕਬੀਲਦਾਰੀ ਦਾ ਬੋਝ ਪੈ ਗਿਆ ਸੀ ਪਿਤਾ ਦੀ ਮੌਤ ਤੋਂ ਬਾਅਦ ਕਿਤਾਬਾਂ ਵਾਲਾ ਬੈਗ ਛੱਡ ਬੂਟ ਪਾਲਿਸ ਵਾਲਾ ਬੈਗ ਚੁੱਕਣਾ ਪਿਆ
ਉਹ ਕੱਲਾ ਬਹਿਕੇ ਰੋਂਦਾ ਹੁੰਦਾ ਸੀ ਕਿ ਬਣਨਾ ਕੀ ਸੀ ਪਰ ਬੂਟ ਪਾਲਿਸ ਕਰਨੇ ਪੈ ਗਏ ਅੰਦਰਲੀ ਕਲਾ ਦਾ ਮੋਹ ਨਾ ਤਿਆਗਿਆ ਤਾਂ ਜੋ ਸੋਚਿਆ ਸੀ ਉਹ ਵੀ ਬਣ ਗਿਆ ਸੰਨੀ ਦੀ ਭੈਣ ਮਾਇਆ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦਾ ਭਰਾ ਐਨਾ ਵੱਡਾ ਮੁਕਾਮ ਹਾਸਿਲ ਕਰੇਗਾ ਘਰੇਲੂ ਹਾਲਾਤਾਂ ਦਾ ਜਿਕਰ ਕਰਦਿਆਂ ਉਸਨੇ ਦੱਸਿਆ ਕਿ ਕਈ ਵਾਰ ਅਜਿਹੇ ਮੌਕੇ ਵੀ ਆਏ ਕਿ ਉਹ ਭੁੱਖੇ ਸੌਂਦੇ ਸੀ
ਸੰਨੀ ਦਾ ਜਿਕਰ ਕਰਦਿਆਂ ਮਾਇਆ ਦੱਸਦੀ ਹੈ ਕਿ ਉਹ ਬਚਪਨ ‘ਚ ਹੀ ਕਹਿੰਦਾ ਹੁੰਦਾ ਸੀ ਕਿ ਗਾਇਕ ਬਣਨਾ ਹੈ ਪਰ ਪਿਤਾ ਦੀ ਮੌਤ ਮਗਰੋਂ ਉਸਨੂੰ ਬੂਟ ਪਾਲਿਸ਼ ਦਾ ਕੰਮ ਕਰਨਾ ਪਿਆ ਅਰਮਾਨ ਅਧੂਰੇ ਵਿਖਾਈ ਦਿੰਦੇ ਤਾਂ ਉਹ ਬਹੁਤ ਰੋਂਦਾ ਸੀ ਪਰ ਗਾਉਣ ਦਾ ਖਹਿੜਾ ਨਹੀਂ ਛੱਡਿਆ ਘਰ ‘ਚ ਗੀਤ ਗਾਉਣ ਦੇ ਮਹੌਲ ਸਬੰਧੀ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਹ ਘਰੇ ਡੱਬਿਆਂ ਦੇ ਤਬਲੇ ਬਣਾ ਕੇ ਗਾਉਂਦਾ ਤਾਂ ਸਾਰੇ ਉਸਨੂੰ ਰੋਕਦੇ ਕਿ ਕਿਉਂ ਰੌਲਾ ਪਾਇਆ, ਐਵੇਂ ਡੱਬੇ ਭੰਨੀ ਜਾਨੈਂ ਪਰ ਉਹ ਡਟਿਆ ਰਹਿੰਦਾ ਪਰਿਵਾਰਕ ਮੈਂਬਰ ਸੰਨੀ ਨੂੰ ਕਈ ਵਾਰ ਘਰੇਲੂ ਹਾਲਾਤਾਂ ਦੇ ਮੱਦੇਨਜ਼ਰ ਕਿਸੇ ਕੰਮ ਧੰਦੇ ਲੱਗਣ ਲਈ ਆਖਦੇ ਤਾਂ ਉਸਦਾ ਇੱਕੋ ਜਵਾਬ ਹੁੰਦਾ ਕਿ ‘ਤੁਸੀਂ ਭਰੋਸਾ ਰੱਖੋ ਮੇਰੇ ਦਿਲ ਦੀ ਜੋ ਇੱਛਾ ਹੈ ਉਹ ਪੂਰੀ ਕਰਕੇ ਵਿਖਾਵਾਂਗਾ’ ਸੰਨੀ ਦੇ ਮਾਮਾ ਵਿਜੇ ਕੁਮਾਰ ਤੋਂ ਵੀ ਭਾਣਜੇ ਦੀ ਜਿੱਤ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ
ਉਨ੍ਹਾਂ ਦੱਸਿਆ ਕਿ ਉਹ ਸੰਗਰੀਆ ਮੰਡੀ (ਰਾਜਸਥਾਨ) ਵਿਖੇ ਇੱਕ ਧਾਰਮਿਕ ਸਥਾਨ ‘ਤੇ ਜਾਂਦੇ ਸੀ ਜਿੱਥੋਂ ਕਵਾਲੀਆਂ ਗਾਉਂਦਿਆਂ ਨੂੰ ਵੇਖ ਸੰਨੀ ਦੀ ਗਾਉਣ ਦੀ ਇੱਛਾ ਜਾਗੀ ਇੱਕ ਮੇਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਦਿਨ ਰਾਤ ਦੇ ਮੇਲੇ ਦੌਰਾਨ ਉਸਨੂੰ ਇੱਕ ਸਟੇਜ ਤੋਂ ਸਵੇਰੇ 4 ਵਜੇ ਇੱਕ ਗੀਤ ਗਾਉਣ ਦਾ ਮੌਕਾ ਮਿਲਿਆ ਤਾਂ ਉਸ ਵੇਲੇ ਉੱਥੇ ਸੁੱਤੇ ਪਏ ਲੋਕ ਵੀ ਉਸਨੂੰ ਸੁਣਨ ਲਈ ਉੱਠ ਖੜ੍ਹੇ ਹੋਏ ਸੀ ਵਿਜੇ ਕੁਮਾਰ ਨੇ ਸੰਨੀ ਵੱਲੋਂ ਬੂਟ ਪਾਲਿਸ਼ ਕਰਨ ਲਈ ਜਾਣ ਮੌਕੇ ਵਰਤੀ ਜਾਂਦੀ ਪੇਟੀ (ਬਕਸਾ) ਵਿਖਾਉਂਦਿਆਂ ਆਖਿਆ ਕਿ ਉਹ ਇਸ ਪੇਟੀ ਨੂੰ ਸ਼ੀਸ਼ੇ ‘ਚ ਜੜ੍ਹ ਕੇ ਰੱਖਣਗੇ
ਉਨ੍ਹਾਂ ਗੁਰਦਾਸ ਮਾਨ ਦੇ ਗੀਤ ‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ’ ਦਾ ਵੀ ਜ਼ਿਕਰ ਕੀਤਾ ਦੱਸਣਯੋਗ ਹੈ ਕਿ ਸੰਨੀ ਦੇ ਪਿਤਾ ਵੀ ਬੂਟ ਪਾਲਿਸ਼ ਕਰਨ ਤੋਂ ਇਲਾਵਾ ਵਿਆਹ ਸ਼ਾਦੀਆਂ ‘ਚ ਗਾਉਂਦੇ ਸੀ ਦਾਦੀ ਮੀਰਾ ਵੀ ਗਾ ਕੇ ਭੀਖ ਮੰਗਦੀ ਸੀ ਸੰਨੀ ਦੀ ਮਾਂ ਸੋਮਾ ਦੇਵੀ ਨੇ ਪੁੱਤ ਦੇ ਇਸ ਮੁਕਾਮ ‘ਤੇ ਪੁੱਜਣ ਤੱਕ ਵੀ ਗਲੀਆਂ ‘ਚ ਗੁਬਾਰੇ ਵੇਚਣ ਦਾ ਕੰਮ ਨਹੀਂ ਛੱਡਿਆ
25 ਲੱਖ ਰੁਪਏ ਤੇ ਗੱਡੀ ਮਿਲੀ ਇਨਾਮ ‘ਚ
ਇੰਡੀਅਨ ਆÂਡੀਲ-11 ਦੇ ਜੇਤੂ ਬਣੇ ਸੰਨੀ ਨੂੰ 25 ਲੱਖ ਰੁਪਏ, ਟੀਸੀਰੀਜ਼ ਕੰਪਨੀ ਦੇ ਨਾਲ ਗੀਤ ਗਾਉਣ ਦੇ ਸਮਝੌਤੇ ਤੋਂ ਇਲਾਵਾ ਟਾਟਾ ਕੰਪਨੀ ਦੀ ਨਵੀਂ ਕਾਰ ਮਿਲੀ ਹੈ ਸੰਨੀ ਅਜਿਹਾ ਪਹਿਲਾ ਮੁਕਾਬਲੇਬਾਜ਼ ਗਾਇਕ ਬਣ ਗਿਆ ਜਿਸਨੇ ਸ਼ੋਅ ‘ਚ ਆਪਣਾ ਲੋਹਾ ਮਨਾਉਂਦਿਆਂ ਚਲਦੇ ਸ਼ੋਅ ‘ਚੋਂ ਹੀ ਸਮਾਂ ਕੱਢਕੇ ਤਿੰਨ ਫਿਲਮਾਂ ਲਈ ਗੀਤ ਵੀ ਗਾ ਦਿੱਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।