JEE Result: ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੀ ਸਫ਼ਲਤਾ ਹਾਸਲ ਕੀਤੀ : ਹਰਕਿਰਨ ਦਾਸ ਇੰਸਾਂ
JEE Result: ਬਰਨਾਲਾ (ਗੁਰਪ੍ਰੀਤ ਸਿੰਘ)। ਦੇਸ਼ ਦੀਆਂ ਸਭ ਤੋਂ ਔਖੀਆਂ ਮੰਨੀਆਂ ਜਾਣ ਵਾਲੀਆਂ ਦਾਖਲਾ ਪ੍ਰੀਖਿਆਵਾਂ ਵਿੱਚੋਂ ਇੱਕ ਜੇਈਈ (ਜੁਆਇੰਟ ਐਂਟਰੇਂਸ ਐਗਜ਼ਾਮੀਨੇਸ਼ਨ) ਜਿਸ ਵਿੱਚ ਹਰ ਸਾਲ ਲੱਖਾਂ ਬੱਚੇ ਪ੍ਰੀਖਿਆ ਦਿੰਦੇ ਹਨ ਪਰ ਕੁਝ ਕੁ ਹੀ ਬੱਚੇ ਹੁੰਦੇ ਹਨ ਜਿਹੜੇ ਇਸ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਇੰਜੀਨੀਅਰਿੰਗ ਖੇਤਰ ਵਿੱਚ ਆਪਣਾ ਭਵਿੱਖ ਬਣਾਉਂਦੇ ਹਨ। ਬਰਨਾਲਾ ਦੇ ਲਾਗਲੇ ਪਿੰਡ ਸੇਖਾ ਦਾ ਰਹਿਣ ਵਾਲਾ ਛੋਟੀ ਉਮਰ ਦਾ ਨੌਜਵਾਨ ਹਰਕਿਰਨ ਦਾਸ ਇੰਸਾਂ ਪਹਿਲੀ ਵਾਰ ਵਿੱਚ ਹੀ ਜੇਈਈ ਮੇਨ ਦੀ ਪ੍ਰੀਖਿਆ ਪਾਸ ਕਰਕੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਿਆ ਹੈ, ਉੱਥੇ ਆਪਣੇ ਛੋਟੇ ਜਿਹੇ ਘਰ ਵਿੱਚ ਇੱਕ ਵੱਡੀ ਆਸ ਜਗਾਈ ਹੈ।
Read Also : ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ
ਡੇਰਾ ਸੱਚਾ ਸੌਦਾ ਨਾਲ ਜੁੜੇ ਇਸ ਸ਼ਰਧਾਲੂ ਪਰਿਵਾਰ ਦਾ ਛੋਟਾ ਮੈਂਬਰ ਹਰਕਿਰਨ ਦਾਸ ਇੰਸਾਂ ਦੱਸਦਾ ਹੈ ਕਿ ਉਸ ਨੇ ਇਹ ਸਫਲਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ਅਤੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਬਿਨਾਂ ਕਿਸੇ ਖਰਚੇ ਤੋਂ ਪਾਸ ਕੀਤੀ ਹੈ। ਹਰਕਿਰਨ ਦੱਸਦਾ ਹੈ ਕਿ ਉਸ ਨੇ ਦਸਵੀਂ ਦੀ ਪ੍ਰੀਖਿਆ ਪਿੰਡ ਸੇਖਾ ਦੇ ਹੀ ਸਰਕਾਰੀ ਸਕੂਲ ਵਿੱਚੋਂ 94 ਫੀਸਦੀ ਨੰਬਰ ਹਾਸਲ ਕਰਕੇ ਪਾਸ ਕੀਤੀ ਅਤੇ ਸਕੂਲ ਦਾ ਟੌਪਰ ਬਣਿਆ। ਇਸ ਪਿੱਛੋਂ ਉਸਨੇ ਪੰਜਾਬ ਸਰਕਾਰ ਦੇ ਮੈਰੀਟੋਰੀਅਸ ਸਕੂਲ ਪਟਿਆਲਾ ਵਿੱਚ ਦਾਖਲਾ ਲੈਣ ਲਈ ਟੈਸਟ ਚੰਗੇ ਨੰਬਰਾਂ ’ਤੇ ਪਾਸ ਕਰ ਲਿਆ।
JEE Result
ਉਸ ਨੇ ਬਾਰ੍ਹਵੀਂ ਦੀ ਪੜ੍ਹਾਈ ਦੇ ਨਾਲ-ਨਾਲ ਜੇਈਈ ਦੀ ਪ੍ਰੀਖਿਆ ਦੀ ਤਿਆਰੀ ਵੀ ਆਰੰਭ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਕੋਈ ਮਹਿੰਗੀ ਟਿਊਸ਼ਨ ਨਹੀਂ ਰੱਖੀ, ਸਗੋਂ ਆਪਣੇ ਵੱਲੋਂ ਹੀ ਤਿਆਰੀ ਕਰਦਾ ਰਿਹਾ। ਉਸ ਨੇ ਜੇਈਈ ਮੇਨ ਦੀ ਪ੍ਰੀਖਿਆ ਸਿਰਫ ਸਕੂਲ ਵੱਲੋਂ ਕਰਵਾਈ ਜਾਂਦੀ ਪੜ੍ਹਾਈ ਦੇ ਆਧਾਰ ’ਤੇ ਹੀ ਦਿੱਤੀ ਸੀ। ਹਰਕਿਰਨ ਦਾਸ ਦੀ ਮਾਤਾ ਚਰਨਜੀਤ ਕੌਰ ਇੰਸਾਂ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕੋਲ ਸਿਰਫ ਡੇਢ ਕਿੱਲਾ ਜ਼ਮੀਨ ਹੈ, ਜਿਸ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਹਰਕਿਰਨ ਦੇ ਪਿਤਾ ਮੇਵਾ ਦਾਸ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਕਿ ਉਹਨਾਂ ਦੇ ਬੱਚੇ ਪੜ੍ਹਾਈ ਵਿੱਚ ਨਾਮਣਾ ਖੱਟ ਰਹੇ ਹਨ। ਇਸ ਪਿੱਛੇ ਪੂਜਨੀਕ ਗੁਰੂ ਜੀ ਦੀ ਅਪਾਰ ਰਹਿਮਤ ਦਾ ਹੀ ਕਮਾਲ ਹੈ। ਜ਼ਿਕਰਯੋਗ ਹੈ ਕਿ ਹੁਣ ਹਰਕਿਰਨ ਦਾਸ ਇੰਸਾਂ ਅਗਲੀ ਪੜ੍ਹਾਈ ਕੇਂਦਰੀ ਯੂਨੀਵਰਸਿਟੀ ਜੰਮੂ ਵਿਖੇ ਕਰੇਗਾ JEE Result
ਹਰ ਸਾਲ ਢਾਈ ਲੱਖ ਬੱਚੇ ਹੀ ਪਾਸ ਕਰਦੇ ਨੇ ਜੇਈਈ ਮੇਨ ਦੀ ਪ੍ਰੀਖਿਆ
ਜੇਈਈ ਮੇਨ ਦੀ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚੋਂ ਔਸਤਨ 11 ਲੱਖ ਬੱਚੇ ਇਹ ਪ੍ਰੀਖਿਆ ਦਿੰਦੇ ਹਨ ਅਤੇ ਇਹਨਾਂ ਵਿੱਚੋਂ ਸਿਰਫ ਢਾਈ ਲੱਖ ਬੱਚੇ ਹੀ ਇਹ ਪ੍ਰੀਖਿਆ ਪਾਸ ਕਰਦੇ ਹਨ। ਇਹ ਢਾਈ ਲੱਖ ਬੱਚੇ ਅੱਗੇ ਜੇਈ ਅਡਵਾਂਸ ਪ੍ਰੀਖਿਆ ਵਿੱਚ ਬੈਠਣ ਯੋਗ ਹੁੰਦੇ ਹਨ ਅਤੇ ਇਹਨਾਂ ਢਾਈ ਲੱਖ ਬੱਚਿਆਂ ਵਿੱਚੋਂ ਸਿਰਫ 28 ਹਜ਼ਾਰ ਬੱਚੇ ਆਈਆਈਟੀ ਵਿੱਚ ਜਾਂਦੇ ਹਨ, ਬਾਕੀ ਬੱਚਿਆਂ ਨੂੰ ਦੂਜੇ ਇੰਜੀਨੀਅਰ ਕਾਲਜਾਂ ਵਿੱਚ ਦਾਖਲਾ ਲੈਣਾ ਪੈਂਦਾ ਹੈ।