2.89 ਲੱਖ ਦੇ ਬਿੱਲ ’ਤੇ ਮਿਲੇ ਸਿਰਫ਼ 29 ਹਜ਼ਾਰ (Pratap Singh Bajwa)
- ਮੈਦਾਂਤਾ ਤੋਂ ਕਰਵਾਇਆ ਸੀ ਦੋਵੇਂ ਅੱਖਾਂ ਦਾ ਮੋਤੀਆਬਿੰਦ ਆਪ੍ਰੇਸ਼ਨ, ਖ਼ਰਚ ਹੋਏ ਸਨ 2 ਲੱਖ 89 ਹਜ਼ਾਰ 500 ਰੁਪ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਵਿਧਾਇਕ ਦਲ ਦੇ ਲੀਡਰ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Pratap Singh Bajwa )ਨੂੰ ਆਪਣੀਆਂ ਦੋਵੇਂ ਅੱਖਾਂ ਦਾ ਆਪ੍ਰੇਸ਼ਨ ਮੈਦਾਂਤਾ ਗੁਰੂਗ੍ਰਾਮ ਤੋਂ ਕਰਵਾਉਣਾ ਕਾਫ਼ੀ ਜਿਆਦਾ ਮਹਿੰਗਾ ਪੈ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਦੀਆਂ ਦੋਵੇਂ ਅੱਖਾਂ ਦੇ ਮੋਤੀਆਬਿੰਦ ਆਪ੍ਰੇਸ਼ਨ ’ਤੇ ਆਏ 2 ਲੱਖ 89 ਹਜ਼ਾਰ 500 ਰੁਪਏ ਦੀ ਅਦਾਇਗੀ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਸਿਹਤ ਵਿਭਾਗ ਵੱਲੋਂ ਸਿਰਫ਼ 29 ਹਜ਼ਾਰ ਰੁਪਏ ਪਾਸ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਸਾਫ਼ ਕਹਿਣਾ ਹੈ ਕਿ ਏਮਸ ਨਵੀਂ ਦਿੱਲੀ ਵੱਲੋਂ ਤੈਅ ਕੀਤੇ ਗਏ ਰੇਟ ਅਨੁਸਾਰ ਦੋਵੇਂ ਅੱਖਾਂ ਦੇ ਮੋਤੀਆਬਿੰਦ ਦਾ ਆਪ੍ਰੇਸ਼ਨ 29 ਹਜ਼ਾਰ ਰੁਪਏ ’ਚ ਹੋ ਸਕਦਾ ਹੈ, ਇਨ੍ਹਾਂ ਨਿਯਮਾਂ ਦੇ ਆਧਾਰ ’ਤੇ ਹੀ ਸਿਰਫ਼ 29 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਮੈਡੀਕਲ ਬੋਰਡ ਦੀ ਸਿਫ਼ਾਰਸ਼ ’ਤੇ ਪੰਜਾਬ ਸਰਕਾਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਬੈਂਕ ਖ਼ਾਤੇ ’ਚ ਇਹ 29 ਹਜ਼ਾਰ ਰੁਪਏ ਭੇਜ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ’ਚ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਕੈਬਨਿਟ ਰੈਂਕ ਪ੍ਰਾਪਤ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰ ਦੇ ਇਲਾਜ਼ ’ਤੇ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਆਪਣੇ ਸਰਕਾਰੀ ਖ਼ਜ਼ਾਨੇ ’ਚੋਂ ਕੀਤਾ ਜਾਂਦਾ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਲ ਕੈਬਨਿਟ ਰੈਂਕ ਮਿਲਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਇਲਾਜ਼ ’ਤੇ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ ਪਰ ਇੱਥੇ ਕੁਝ ਨਿਯਮ ਵੀ ਲਾਗੂ ਹਨ। ਜਿਨ੍ਹਾਂ ਅਨੁਸਾਰ ਹੀ ਇਲਾਜ਼ ’ਤੇ ਆਏ ਖ਼ਰਚ ਦੀ ਅਦਾਇਗੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ‘ਆਪ’ ਵੱਲੋਂ ਪੰਜਾਬ ‘ਚ ਹਲਕਾ ਇੰਚਾਰਜ ਕੀਤੇ ਨਿਯੁਕਤ, ਸੂਚੀ ਜਾਰੀ ਕੀਤੀ
ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮਹਿੰਗੇ ਅਤੇ ਗੈਰ ਸਰਕਾਰੀ ਹਸਪਤਾਲ ਵਿੱਚ ਇਲਾਜ਼ ’ਤੇ ਆਉਣ ਵਾਲੇ ਹਰ ਖ਼ਰਚ ਨੂੰ ਪਾਸ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਗਏ ਮੈਡੀਕਲ ਬੋਰਡ ਕੋਲ ਬਿੱਲ ਨੂੰ ਭੇਜਿਆ ਜਾਂਦਾ ਹੈ। ਸਿਹਤ ਵਿਭਾਗ ਦਾ ਮੈਡੀਕਲ ਬੋਰਡ ਹੀ ਤੈਅ ਕਰਦਾ ਹੈ ਕਿ ਇਲਾਜ਼ ਦੌਰਾਨ ਆਏ ਖ਼ਰਚ ਨੂੰ ਪਾਸ ਕੀਤਾ ਜਾਣਾ ਹੈ ਜਾਂ ਫਿਰ ਉਸ ਵਿੱਚ ਕਟੌਤੀ ਕਰਦੇ ਹੋਏ ਘੱਟ ਅਦਾਇਗੀ ਕੀਤੀ ਜਾਣੀ ਹੈ, ਕਿਉਂਕਿ ਗੈਰ ਸਰਕਾਰੀ ਤੇ ਮਹਿੰਗੇ ਹਸਪਤਾਲ ਵੱਲੋਂ ਕਾਫ਼ੀ ਜਿਆਦਾ ਇਲਾਜ਼ ਦਾ ਬਿੱਲ ਬਣਾਇਆ ਜਾਂਦਾ ਹੈ।
ਏਮਸ ਦਿੱਲੀ ’ਚ ਹੋ ਜਾਂਦੈ 29 ਹਜ਼ਾਰ ਰੁਪਏ ’ਚ ਆਪ੍ਰੇਸ਼ਨ : ਸਿਹਤ ਵਿਭਾਗ
ਸਿਹਤ ਵਿਭਾਗ ਦਾ ਇਹ ਮੈਡੀਕਲ ਬੋਰਡ ਨਿਯਮਾਂ ਅਨੁਸਾਰ ਏਮਜ਼ ਦਿੱਲੀ ਵੱਲੋਂ ਤੈਅ ਕੀਤੇ ਗਏ ਇਲਾਜ ਦੇ ਰੇਟ ਨੂੰ ਹੀ ਮੰਨ ਕੇ ਚਲਦਾ ਹੈ। ਇਨ੍ਹਾਂ ਤੈਅ ਕੀਤੇ ਗਏ ਰੇਟਾਂ ਅਨੁਸਾਰ ਹੀ ਇਲਾਜ਼ ਦੇ ਬਿੱਲ ’ਚ ਕਟੌਤੀ ਕਰਦੇ ਹੋਏ ਅਦਾਇਗੀ ਕੀਤੀ ਜਾਂਦੀ ਹੈ। ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੀਆਂ ਦੋਵੇਂ ਅੱਖਾਂ ਦੇ ਮੋਤੀਆਬਿੰਦ ਦੇ ਇਲਾਜ਼ ਲਈ ਜਦੋਂ 2 ਲੱਖ 89 ਹਜ਼ਾਰ 500 ਰੁਪਏ ਦਾ ਬਿੱਲ ਜਮ੍ਹਾ ਕਰਵਾਇਆ ਗਿਆ ਸੀ ਤਾਂ ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਇਸ ਬਿੱਲ ਸਬੰਧੀ ਸਿਹਤ ਵਿਭਾਗ ਤੋਂ ਮਨਜ਼ੂਰੀ ਮੰਗੀ ਸੀ।
ਇਸ ’ਤੇ ਸਿਹਤ ਵਿਭਾਗ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਬਿੱਲ ’ਚ 2 ਲੱਖ 60 ਹਜ਼ਾਰ 500 ਰੁਪਏ ਦੀ ਕਟੌਤੀ ਕਰਦੇ ਹੋਏ 29 ਹਜ਼ਾਰ ਰੁਪਏ ਦੀ ਅਦਾਇਗੀ ਕਰਨ ਦੀ ਹੀ ਮਨਜ਼ੂਰੀ ਦਿੱਤੀ ਗਈ। ਸਿਹਤ ਵਿਭਾਗ ਵੱਲੋਂ ਮਿਲੀ ਮਨਜ਼ੂਰੀ ਨੂੰ ਆਧਾਰ ਬਣਾਉਂਦੇ ਹੋਏ ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ 29 ਹਜ਼ਾਰ ਰੁਪਏ ਦੀ ਹੀ ਅਦਾਇਗੀ ਕੀਤੀ ਗਈ ਹੈ।