ਕਾਦਿਆ ਸੀਟ ਤੋਂ ਫਤਿਹਜੰਗ ਬਾਜਵਾ ਹਨ ਵਿਧਾਇਕ, ਪਹਿਲੀਵਾਰ ਬਣੇ ਸਨ ਵਿਧਾਇਕ
(ਅਸ਼ਵਨੀ ਚਾਵਲਾ) ਚੰਡੀਗੜ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਵਲੋਂ ਕਾਦਿਆ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਤਾਪ ਬਾਜਵਾ ਨੇ ਸਾਫ਼ ਕਰ ਦਿੱਤਾ ਹੈ ਕਿ ਇਨਾਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਪਣੀ ਪੁਰਾਣੀ ਸੀਟ ਕਾਦਿਆ ਤੋਂ ਹੀ ਚੋਣ ਲੜਨਗੇ। ਇਸ ਸੀਟ ਤੋਂ ਪ੍ਰਤਾਪ ਬਾਜਵਾ ਦੇ ਛੋਟੇ ਭਰਾ ਫਤਿਹਜੰਗ ਬਾਜਵਾ ਇਸ ਸਮੇਂ ਵਿਧਾਇਕ ਹਨ। ਪ੍ਰਤਾਪ ਬਾਜਵਾ ਦੇ ਇਸ ਐਲਾਨ ਦੇ ਚਲਦੇ ਉਨਾਂ ਦੇ ਘਰ ਵਿੱਚ ਹੀ ਜੰਗ ਦਾ ਮਾਹੌਲ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਫਤਿਹਜੰਗ ਬਾਜਵਾ ਵੀ ਇਸੇ ਸੀਟ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ ਅਤੇ ਬੀਤੇ ਦਿਨੀਂ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਸੱਦ ਕੇ ਫਤਿਹਜੰਗ ਬਾਜਵਾ ਵਲੋਂ ਰੈਲੀ ਤੱਕ ਕਰਵਾਈ ਗਈ ਸੀ।
ਹੁਣ ਪ੍ਰਤਾਪ ਬਾਜਵਾ ਦੇ ਇਸ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਵੀ ਕਾਫ਼ੀ ਜਿਆਦਾ ਹਲਚਲ ਹੋ ਗਈ ਹੈ, ਕਿਉਂਕਿ ਦੋਹਾਂ ਭਰਾਵਾਂ ਦੀ ਆਪਸੀ ਲੜਾਈ ਵਿੱਚ ਪਾਰਟੀ ਨੂੰ ਵੀ ਨੁਕਸਾਨ ਹੋਣਾ ਤੈਅ ਹੈ। ਪ੍ਰਤਾਪ ਬਾਜਵਾ ਕਾਦਿਆ ਹਲਕੇ ਵਿੱਚ ਸਥਿਤ ਆਪਣੀ ਕੋਠੀ ਵਿੱਚ ਵੀ ਪੁੱਜ ਗਏ ਹਨ। ਜਿਥੇ ਕਿ ਉਨਾਂ ਦੇ ਪਿੰਡਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਹੈ, ਇਸ ਦੌਰਾਨ ਉਨਾਂ ਦੇ ਭਰਾ ਫਤਿਹਜੰਗ ਬਾਜਵਾ ਜਾਂ ਉਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਨਹੀਂ ਸੀ।
ਜਿਸ ਤੋਂ ਸਾਫ਼ ਸੀ ਕਿ ਹੁਣ ਪ੍ਰਤਾਪ ਬਾਜਵਾ ਹਰ ਹਾਲਤ ਵਿੱਚ ਹੀ ਇਸ ਹਲਕੇ ਤੋਂ ਚੋਣ ਲੜਨਗੇ, ਜਦੋਂ ਕਿ ਫਤਿਹਜੰਗ ਬਾਜਵਾ ਵੀ ਪਿੱਛੇ ਹਟਣ ਵਾਲਿਆ ਵਿੱਚ ਨਹੀਂ ਹਨ। ਇਥੇ ਜਿਕਰਯੋਗ ਹੈ ਕਿ ਕਾਦਿਆ ਵਿਧਾਨ ਸਭਾ ਸੀਟ ਤੋਂ ਪ੍ਰਤਾਪ ਬਾਜਵਾ ਵਿਧਾਇਕ ਰਹਿ ਚੁੱਕੇ ਹਨ ਅਤੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਪ੍ਰਤਾਪ ਬਾਜਵਾ ਵਲੋਂ ਇਸ ਸੀਟ ਤੋਂ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਦੇ ਦਿੱਤੀ ਗਈ ਸੀ ਅਤੇ ਚਰਨਜੀਤ ਕੌਰ ਬਾਜਵਾ ਵੀ 2012 ਵਿੱਚ ਜਿੱਤਦੇ ਹੋਏ ਵਿਧਾਇਕ ਰਹਿ ਚੁੱਕੇ ਸਨ ਹਾਲਾਂਕਿ ਪਰਿਵਾਰਕ ਸਹਿਮਤੀ ਹੋਣ ਤੋਂ ਬਾਅਦ 2017 ਵਿੱਚ ਇਸ ਸੀਟ ਤੋਂ ਫਤਿਹਜੰਗ ਬਾਜਵਾ ਨੂੰ ਚੋਣ ਲੜਾਈ ਗਈ ਸੀ ਪਰ ਹੁਣ ਮੁੜ ਤੋਂ ਪ੍ਰਤਾਪ ਬਾਜਵਾ ਚੋਣ ਲੜਨਾ ਚਾਹੁੰਦੇ ਹਨ ਅਤੇ ਆਪਣੀ ਸੀਟ ਵਾਪਸ ਮੰਗ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ